ਘੋਰ ਅਣਦੇਖੀ ਦੀ ਸ਼ਿਕਾਰ ਇੰਦਰਾ ਕਾਲੋਨੀ, ਕਈ ਮਹੀਨਿਆਂ ਤੋਂ ਸੜਕਾਂ ''ਤੇ ਜਮ੍ਹਾ ਹੈ ਕਾਲਾ ਪਾਣੀ

01/19/2020 1:03:07 PM

ਜਲੰਧਰ (ਖੁਰਾਣਾ)— ਸਾਬਕਾ ਪ੍ਰਧਾਨ ਮੰਤਰੀ ਦੇ ਨਾਂ 'ਤੇ ਵਸੀ ਇੰਦਰਾ ਕਾਲੋਨੀ, ਜੋ ਨਗਰ ਨਿਗਮ ਦੇ ਵਾਰਡ ਨੰ. 1 ਦਾ ਹਿੱਸਾ ਹੈ, ਇਸ ਸਮੇਂ ਨਗਰ ਨਿਗਮ ਦੀ ਘੋਰ ਅਣਦੇਖੀ ਦਾ ਸ਼ਿਕਾਰ ਹੈ। ਪਿਛਲੇ ਡੇਢ ਮਹੀਨੇ ਤੋਂ ਇਥੇ ਸਾਰੇ ਸੀਵਰੇਜ ਜਾਮ ਪਏ ਹਨ, ਜਿਸ ਨਾਲ ਨਾ ਸਿਰਫ ਕਾਲੋਨੀ ਦੀਆਂ ਸਾਰੀਆਂ ਗਲੀਆਂ ਅਤੇ ਸੜਕਾਂ 'ਤੇ ਕਾਲਾ ਪਾਣੀ ਜਮ੍ਹਾ ਹੈ ਸਗੋਂ ਇੰਦਰਾ ਕਾਲੋਨੀ ਦੇ ਬਾਹਰ ਸਥਿਤ ਨਾਰਥ ਹਲਕੇ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦਾ ਆਪਣਾ ਆਫਿਸ ਵੀ ਸੀਵਰੇਜ ਦੇ ਗੰਦੇ ਪਾਣੀ 'ਚ ਡੁੱਬਿਆ ਹੋਇਆ ਹੈ। ਵਿਧਾਇਕ ਦੇ ਆਫਿਸ ਦੇ ਬਾਹਰ ਇਹ ਸਥਿਤੀ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਹੈ ਪਰ ਇਸ ਦੇ ਬਾਵਜੂਦ ਨਗਰ ਨਿਗਮ ਨੇ ਸਮੱਸਿਆ ਹੱਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਸੀਵਰ ਲਾਈਨਾਂ ਓਵਰਫਲੋਅ ਹੋਣ ਕਾਰਣ ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਸੀਵਰੇਜ ਦੇ ਪਾਣੀ ਵਿਚੋਂ ਲੰਘਣਾ ਪੈ ਰਿਹਾ ਹੈ।

ਬੱਚਿਆਂ ਦਾ ਸਕੂਲ ਜਾਣਾ ਹੋਇਆ ਔਖਾ
ਇੰਦਰਾ ਕਾਲੋਨੀ ਵਿਚ ਰਹਿਣ ਵਾਲੇ ਗਰੀਬ ਪਰਿਵਾਰਾਂ ਦੇ ਸੈਂਕੜੇ ਬੱਚੇ ਨੇੜੇ-ਤੇੜੇ ਦੇ ਸਕੂਲਾਂ 'ਚ ਪੜ੍ਹਨ ਜਾਂਦੇ ਹਨ ਪਰ ਉਨ੍ਹਾਂ ਨੂੰ ਕਾਲੋਨੀ ਦੀਆਂ ਸੜਕਾਂ ਤੋਂ ਲੰਘ ਕੇ ਸਕੂਲ ਜਾਣਾ ਕਾਫੀ ਔਖਾ ਲੱਗਦਾ ਹੈ। ਬੱਚਿਆਂ ਨੂੰ ਆਪਣੇ ਘਰ ਤੋਂ ਸਕੂਲ ਤੱਕ ਜਾਣ ਲਈ ਸੀਵਰੇਜਦੇ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਚਾਰਾ ਨਹੀਂ। ਠੰਡ ਦੇ ਮੌਸਮ ਵਿਚ ਗਿੱਲੇ ਪੈਰਾਂ ਅਤੇ ਗਿੱਲੇ ਬੂਟਾਂ ਤੋਂ ਬੱਚੇ ਕਿੰਨੇ ਪ੍ਰੇਸ਼ਾਨ ਹੁੰਦੇ ਹੋਣਗੇ, ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਨਹੀਂ।

ਘਰ-ਘਰ ਫੈਲ ਚੁੱਕੀਆਂ ਹਨ ਬੀਮਾਰੀਆਂ
ਇੰਦਰਾ ਕਾਲੋਨੀ ਦੇ ਘਰ-ਘਰ ਵਿਚ ਇਸ ਸਮੇਂ ਬੀਮਾਰੀਆਂ ਫੈਲ ਚੁੱਕੀਆਂ ਹਨ, ਜਿਨ੍ਹਾਂ ਦਾ ਜ਼ਿਆਦਾ ਸ਼ਿਕਾਰ ਬੱਚਿਆਂ ਤੇ ਔਰਤਾਂ ਨੂੰ ਹੋਣਾ ਪੈ ਰਿਹਾ ਹੈ। ਬੱਚਿਆਂ ਵਿਚ ਵਾਇਰਲ ਬੁਖਾਰ, ਡਾਇਰੀਆ, ਪੀਲੀਆ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕਈ ਪਰਿਵਾਰ ਤਾਂ ਇੰਨੇ ਗਰੀਬ ਹਨ ਕਿ ਉਨ੍ਹਾਂ ਕੋਲ ਇਲਾਜ ਤੱਕ ਕਰਵਾਉਣ ਲਈ ਪੈਸੇ ਨਹੀਂ ਹਨ। ਸਿਹਤ ਵਿਭਾਗ ਨੇ ਇਸ ਇਲਾਕੇ ਨੂੰ ਨਜ਼ਰਅੰਦਾਜ਼ ਕੀਤਾ ਹੈ।

ਸੀਵਰ ਲਾਈਨਾਂ 'ਚੋਂ ਨਿਕਲਦਾ ਹੈ ਕੂੜਾ ਕਰਕਟ : ਨਿਗਮ
ਇੰਦਰਾ ਕਾਲੋਨੀ ਦੀ ਸਮੱਸਿਆ ਬਾਰੇ ਜਦੋਂ ਨਿਗਮ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਈ ਵਾਰ ਕਾਲੋਨੀ ਦੇ ਸੀਵਰਾਂ ਨੂੰ ਸਾਫ ਕੀਤਾ ਗਿਆ ਪਰ ਉਨ੍ਹਾਂ ਵਿਚ ਕੂੜਾ ਕਰਕਟ ਅਤੇ ਕੱਪੜੇ ਦੇ ਟੁਕੜੇ ਆਦਿ ਨਿਕਲਦੇ ਹਨ, ਜਿਸ ਕਾਰਣ ਲਾਈਨਾਂ ਜਾਮ ਹੋ ਜਾਂਦੀਆਂ ਹਨ। ਟੇਲ ਐਂਡ ਭਾਵ ਸੀਵਰ ਲਾਈਨ ਦੇ ਸਭ ਤੋਂ ਆਖਿਰ ਵਿਚ ਇਹ ਦਲਿਤ ਆਬਾਦੀ ਪੈਂਦੀ ਹੈ, ਿਜਸ ਕਾਰਣ ਵੀ ਸਮੱਸਿਆ ਰਹਿੰਦੀ ਹੀ ਹੈ।

ਵਿਰੋਧੀ ਧਿਰ ਦਾ ਵਾਰਡ ਹੈ ਇਸ ਲਈ ਕੋਈ ਵਿਕਾਸ ਨਹੀਂ ਕਰਵਾਇਆ ਜਾ ਰਿਹਾ- ਗੋਪੀ ਰੰਧਾਵਾ
ਵਾਰਡ ਨੰ. 1 ਜਿਸ 'ਚ ਇੰਦਰਾ ਕਾਲੋਨੀ ਦਾ ਏਰੀਆ ਪੈਂਦਾ ਹੈ, ਦੀ ਅਕਾਲੀ ਕੌਂਸਲਰ ਡਾ. ਤਮਨਰੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਗੋਪੀ ਰੰਧਾਵਾ ਸਾਫ ਕਹਿੰਦੇ ਹਨ ਕਿ ਵਿਰੋਧੀ ਕੌਂਸਲਰ ਦਾ ਵਾਰਡ ਹੋਣ ਕਾਰਣ ਕਾਂਗਰਸ ਇਥੇ ਕੋਈ ਵਿਕਾਸ ਕੰਮ ਨਹੀਂ ਕਰਵਾ ਰਹੀ। ਅਜੇ ਤੱਕ ਉਨ੍ਹਾਂ ਦੇ ਵਾਰਡ ਵਿਚ 5000 ਰੁਪਏ ਦਾ ਵੀ ਕੰਮ ਨਹੀਂ ਹੋਇਆ। ਛੋਟੇ ਛੋਟੇ ਕੰਮ ਉਹ ਆਪਣੇ ਖਰਚੇ 'ਤੇ ਕਰਵਾ ਰਹੇ ਹਨ, ਜਿਸ ਠੇਕੇਦਾਰ ਨੇ ਮੇਨਟੀਨੈਂਸ ਦਾ ਟੈਂਡਰ ਲਿਆ ਹੋਇਆ ਹੈ ਉਹ ਵੀ ਕੌਂਸਲਰ ਦੇ ਕਹਿਣ 'ਤੇ ਨਹੀਂ ਸਗੋਂ ਵਿਧਾਇਕ ਦੇ ਕਹਿਣ 'ਤੇ ਹੀ ਇਕ ਅੱਧੀ ਸੜਕ ਬਣਾ ਰਹੇ ਹਨ ਇਸ ਤੋਂ ਇਲਾਵਾ ਕਿਤੇ ਕੋਈ ਵਿਕਾਸ ਕੰਮ ਨਹੀਂ ਹੋਇਆ। ਭਾਵੇਂਕਿ ਸਾਰੀਆਂ ਕਾਲੋਨੀਆਂ ਵਿਚ ਕਾਂਗਰਸੀ ਵੀ ਰਹਿੰਦੇ ਹਨ। ਇੰਦਰਾ ਕਾਲੋਨੀ ਦੀ ਗੱਲ ਕਰੀਏ ਤਾਂ ਇਥੇ 1044 ਵੋਟਾਂ ਹਨ ਤੇ ਕਰੀਬ 2000 ਦੀ ਆਬਾਦੀ ਹੈ। ਇੰਨੀ ਵੱਡੀ ਕਾਲੋਨੀ ਨੂੰ ਸਹੂਲਤਾਂ ਤੋਂ ਵਾਂਝੇ ਰੱਖਣਾ ਸਹੀ ਨਹੀਂ ਹੈ।

shivani attri

This news is Content Editor shivani attri