ਕੋਵਿਡ ਦੇ ਨਿਰਦੇਸ਼ਾਂ ਤਹਿਤ ਆਜ਼ਾਦੀ ਦਿਹਾੜੇ ਦਾ ਸਮਾਗਮ ਹੋਵੇਗਾ ਸਾਦਾ : ਅਪਨੀਤ ਰਿਆਤ

08/05/2020 2:02:04 AM

ਹੁਸ਼ਿਆਰਪੁਰ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 74ਵੇਂ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਇਸ ਵਾਰ ਸਾਦੇ ਅਤੇ ਘੱਟ ਇਕੱਠ ਵਾਲੇ ਹੋਣਗੇ, ਜਿਥੇ ਵਿਸ਼ੇਸ਼ ਤੌਰ 'ਤੇ ਕੋਰੋਨਾ ਯੋਧੇ ਜਿਨ੍ਹਾਂ 'ਚ ਡਾਕਟਰ, ਮੈਡੀਕਲ ਸਟਾਫ਼, ਸੈਨੀਟੇਸ਼ਨ ਵਰਕਰ ਅਤੇ ਹੋਰ ਸ਼ਖਸ਼ੀਅਤਾਂ ਜਿਨਾਂ ਨੇ ਕੋਵਿਡ ਦੀ ਰੋਕਥਾਮ ਲਈ ਅਹਿਮ ਉਪਰਾਲੇ ਕੀਤੇ, ਨੂੰ ਸਨਮਾਨਿਤ ਕੀਤਾ ਜਾਵੇਗਾ।
ਅੱਜ ਇਥੇ ਆਜ਼ਾਦੀ ਦਿਵਸ ਸਮਾਗਮਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰੱਖੀ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਸਬੰਧੀ ਪੰਜਾਬ ਸਰਕਾਰ ਅਤੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਸ ਵਾਰ ਇਨ੍ਹਾਂ ਸਮਾਗਮਾਂ ਵੇਲੇ ਗਿਣਤੀ ਸੀਮਿਤ ਰੱਖੀ ਗਈ ਹੈ ਅਤੇ ਇਹ ਸਮਾਗਮ ਸਾਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲਾ ਪੱਧਰੀ ਸਮਾਗਮ ਸਥਾਨਕ ਪੁਲਸ ਲਾਇਨਜ਼ ਦੇ ਮੈਦਾਨ ਵਿੱਚ ਹੋਵੇਗਾ। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਜ਼ਿਲੇ ਦੀਆਂ ਸਬ-ਡਵੀਜ਼ਨਾਂ ਅਤੇ ਬਲਾਕ ਪੱਧਰ 'ਤੇ ਹੋਣ ਵਾਲੇ ਸਮਾਗਮਾਂ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬ-ਡਵੀਜ਼ਨ 'ਤੇ ਉਪ ਮੰਡਲ ਮੈਜਿਸਟਰੇਟ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ, ਜਦਕਿ ਬਲਾਕ ਪੱਧਰ 'ਤੇ ਪੰਚਾਇਤਾਂ ਅਤੇ ਸਰਪੰਚਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਸਮਾਗਮਾਂ ਦੌਰਾਨ ਕੋਵਿਡ ਸਬੰਧੀ ਜਾਰੀ ਅਹਿਤਿਹਾਤੀ ਨਿਰਦੇਸ਼ਾਂ ਜਿਵੇਂ ਕਿ ਇਕ-ਦੂਜੇ ਤੋਂ ਬਣਦੀ ਦੂਰੀ ਆਦਿ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ ਅਤੇ ਇਹ ਸਾਰੇ ਸਮਾਗਮ ਘੱਟ ਗਿਣਤੀ ਨਾਲ ਸਾਦੇ ਢੰਗ ਨਾਲ ਮਨਾਏ ਜਾਣ। ਅਪਨੀਤ ਰਿਆਤ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਲੋਂ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਪਹਿਲਾਂ ਹੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਿਹੜੀਆਂ ਕਿ ਇੰਨ-ਬਿੰਨ ਲਾਗੂ ਕੀਤੀਆਂ ਜਾਣਗੀਆਂ ਤਾਂ ਜੋ ਕੋਵਿਡ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।

ਕੋਰੋਨਾ ਮਾਹਾਂਮਾਰੀ ਦੀ ਔਖੀ ਘੜੀ 'ਚ ਲਾਮਿਸਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਬਦਲੇ ਡਾਕਟਰਾਂ, ਮੈਡੀਕਲ ਸਟਾਫ਼, ਸੈਨੀਟੇਸ਼ਨ ਵਰਕਰਾਂ ਆਦਿ ਦੇ ਸਨਮਾਨ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕੋਰੋਨਾ ਯੋਧਿਆਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਜਿਨ੍ਹਾਂ ਨੇ ਕੋਵਿਡ ਖਿਲਾਫ਼ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਨੂੰ ਵੀ ਸਨਮਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਨਾਲ-ਨਾਲ ਉਨ੍ਹਾਂ ਗੈਰ-ਸਰਕਾਰੀ ਸੰਸਥਾਵਾਂ ਜਿਨ੍ਹਾਂ ਨੇ ਇਸ ਸੰਕਟ ਵਿੱਚ ਪ੍ਰਸ਼ਾਸ਼ਨ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਦਾ ਵੀ ਸਨਮਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਨਾਵਾਂ ਨੂੰ ਜ਼ਿਲਾ ਪੱਧਰੀ ਕਮੇਟੀ ਵਲੋਂ ਕੰਮਾਂ ਦੀ ਸਮੀਖਿਆ ਉਪਰੰਤ ਅੰਤਿਮ ਰੂਪ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਕਾਰਨ ਇਸ ਵਾਰ ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ 15 ਅਗਸਤ ਵਾਲੇ ਦਿਨ ਜ਼ਿਲਾ ਪ੍ਰਸ਼ਾਸ਼ਨ ਵਲੋਂ ਉਨਾਂ ਦੇ ਘਰਾਂ ਵਿੱਚ ਜਾ ਕੇ ਕੀਤਾ ਜਾਵੇਗਾ, ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਰਪੇਸ਼ ਨਾ ਹੋਵੇ।

ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੇ ਹਵਾਲੇ ਰਾਹੀਂ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਵਾਰ ਆਜ਼ਾਦੀ ਦਿਹਾੜੀ ਦੇ ਸਮਾਗਮਾਂ ਵਿੱਚ ਪਿਛਲੇ ਵਰ੍ਹਿਆਂ ਵਾਂਗ ਵੱਡੇ ਇਕੱਠ ਨਹੀਂ ਹੋਣਗੇ ਅਤੇ ਨਾ ਹੀ ਹੋਰ ਸਰਗਰਮੀਆਂ ਜਿਵੇਂ ਪੀ.ਟੀ.ਸ਼ੋਅ, ਸਭਿਆਚਾਰਕ ਵਣਗੀਆਂ,ਐਨ.ਸੀ.ਸੀ. ਪਰੇਡ ਆਦਿ ਦੀ ਪੇਸ਼ਕਾਰੀ ਵੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਪੁਲਿਸ ਦੀ ਇਕ ਟੁਕੜੀ ਹੀ ਮੁੱਖ ਮਹਿਮਾਨ ਨੂੰ ਸਲਾਮੀ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਤੇ ਸੰਖੇਪ ਭਾਸ਼ਨ ਸਮਾਗਮ 'ਚ ਮੁੱਖ ਤੌਰ 'ਤੇ ਸ਼ਾਮਲ ਹੋਵੇਗਾ। ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸਮਾਗਮਾਂ ਦੌਰਾਨ ਕੋਵਿਡ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਪੰਚਾਲ, ਐਸ.ਪੀ. (ਐਚ) ਪਰਮਿੰਦਰ ਸਿੰਘ ਹੀਰ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


Deepak Kumar

Content Editor

Related News