ਪਾਸਟਰ ਅੰਕੁਰ ਨਰੂਲਾ ਦੇ ਘਰ ਸਣੇ 12 ਟਿਕਾਣਿਆਂ ’ਤੇ ਇਨਕਮ ਟੈਕਸ ਵਿਭਾਗ ਦੀ ਰੇਡ, ਕਈ ਬਿਲਡਰ ਵੀ ਸਰਚ ਦੇ ਘੇਰੇ ’ਚ

04/26/2023 12:39:20 PM

ਜਲੰਧਰ (ਮ੍ਰਿਦੁਲ)–ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਬੀਤੇ ਦਿਨ ਸਵੇਰੇ ਪੈਰਾ-ਮਿਲਟਰੀ ਫੋਰਸਾਂ ਨਾਲ ਖਾਂਬਰਾ ਸਥਿਤ ਦਿ ਚਰਚ ਆਫ਼ ਸਾਈਨਸ ਐਂਡ ਵੰਡਰਸ ਦੇ ਪਾਸਟਰ ਅੰਕੁਰ ਨਰੂਲਾ ਦੇ ਘਰ ਅਤੇ ਚਰਚ ਸਮੇਤ ਕੁੱਲ 12 ਟਿਕਾਣਿਆਂ ’ਤੇ ਇਕੋ ਵੇਲੇ ਰੇਡ ਕੀਤੀ। ਇਹ ਰੇਡ ਜਲੰਧਰ ਡਿਵੀਜ਼ਨ ਸਮੇਤ ਲੁਧਿਆਣਾ, ਅੰਮ੍ਰਿਤਸਰ, ਪਾਨੀਪਤ, ਚੰਡੀਗੜ੍ਹ ਅਤੇ ਪੰਚਕੂਲਾ ਦੀਆਂ ਟੀਮਾਂ ਵੱਲੋਂ ਕੀਤੀ ਗਈ। ਰੇਡ ਦੀ ਅਗਵਾਈ ਜਲੰਧਰ ਡਿਵੀਜ਼ਨ ਦੇ ਇਨਵੈਸਟੀਗੇਸ਼ਨ ਵਿੰਗ ਦੇ ਜੁਆਇੰਟ ਡਾਇਰੈਕਟਰ ਯਸ਼ਇੰਦਰ ਗਰਗ ਵੱਲੋਂ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਆਈ. ਟੀ. ਟੀਮਾਂ ਨੇ ਅੰਕੁਰ ਨਰੂਲਾ ਦੇ ਘਰ, ਚਰਚ, ਦੋਵੇਂ ਇੰਸਟੀਚਿਊਟ, ਕਪੂਰਥਲਾ ਸਥਿਤ ਬਿਲਡਰ ਬਲਵਿੰਦਰ ਸਿੰਘ, ਫਿਲੌਰ ਸਥਿਤ ਉਨ੍ਹਾਂ ਦੇ ਸਹੁਰੇ ਪਿਆਰਾ, ਫਿਲੌਰ ਦੇ ਹੀ ਇਕ ਹੋਰ ਵਿਅਕਤੀ, ਪੰਚਕੂਲਾ ਸਥਿਤ 2 ਬਿਲਡਰਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਰੇਡ ਦੌਰਾਨ ਵਿਭਾਗ ਨੂੰ ਕਈ ਦਸਤਾਵੇਜ਼ ਮਿਲੇ ਹਨ, ਜਿਨ੍ਹਾਂ ’ਤੇ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਚਰਚ ਅਤੇ ਅੰਕੁਰ ਨਰੂਲਾ ਦੇ ਕਈ ਨਿੱਜੀ ਬੈਂਕ ਖਾਤਿਆਂ ਵਿਚੋਂ ਕੁਝ ਸ਼ੱਕੀ ਟਰਾਂਜੈਕਸ਼ਨਜ਼ ਹੋਈਆਂ ਸਨ। ਕੁਝ ਟਰਾਂਜੈਕਸ਼ਨਜ਼ ਵਿਦੇਸ਼ ਵਿਚ ਵੀ ਹੋਈਆਂ ਹਨ, ਜਿਨ੍ਹਾਂ ਦੀ ਬਿਨ੍ਹਾ ’ਤੇ ਪਾਸਟਰ ਅੰਕੁਰ ਦੇ ਟਿਕਾਣਿਆਂ ’ਤੇ ਵਿਭਾਗ ਨੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਸੂਤਰਾਂ ਦੀ ਮੰਨੀਏ ਤਾਂ ਰੇਡ ਲਗਭਗ 3 ਦਿਨ ਚੱਲਣ ਦੇ ਆਸਾਰ ਹਨ ਤਾਂ ਕਿ ਵਿਭਾਗ ਪੁਖ਼ਤਾ ਸਬੂਤ ਇਕੱਠੇ ਕਰ ਸਕੇ। ਵਿਭਾਗੀ ਸੂਤਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਅੰਕੁਰ ਨਰੂਲਾ ਨੇ ਕਰੋੜਾਂ ਰੁਪਏ ਦੀਆਂ ਟਰਾਂਜੈਕਸ਼ਨਜ਼ ਆਪਣੇ ਚਰਚ ਦੇ ਅਕਾਊਂਟ ਅਤੇ ਹੋਰ ਖਾਤਿਆਂ ਤੋਂ ਕੀਤੀਆਂ ਸਨ, ਜਿਨ੍ਹਾਂ ਵਿਚ ਕਈ ਬਿਲਡਰਾਂ ਸਮੇਤ ਹੋਰ ਲੋਕਾਂ ਨੂੰ ਪੈਸੇ ਭੇਜੇ ਗਏ ਸਨ। ਰਾਸ਼ੀ ਵੱਡੀ ਅਤੇ ਸ਼ੱਕੀ ਹੋਣ ਕਾਰਨ ਵਿਭਾਗ ਨੇ ਇਨ੍ਹਾਂ ਟਰਾਂਜੈਕਸ਼ਨਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਾਇਆ ਕਿ ਕਈ ਵੱਡੇ ਬਿਲਡਰਾਂ ਨੂੰ ਪੈਸੇ ਭੇਜੇ ਗਏ ਹਨ ਅਤੇ ਅੰਕੁਰ ਨਰੂਲਾ ਦੇ ਟਿਕਾਣਿਆਂ ਤੋਂ ਮਿਲੇ ਕਾਗਜ਼ਾਤ ਦੇ ਮੁਤਾਬਕ ਚਰਚ ਦਾ ਨਿਰਮਾਣ ਕਰਵਾਉਣ ਅਤੇ ਕਈ ਹੋਰ ਪ੍ਰਾਪਰਟੀਆਂ ਦੇ ਨਿਰਮਾਣ ਲਈ ਇਹ ਪੈਸੇ ਭੇਜੇ ਗਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ 'ਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ

ਫਿਲੌਰ ਦੇ ਰਹਿਣ ਵਾਲੇ ਸਹੁਰੇ ਅਤੇ ਇਕ ਬਿਲਡਰ ’ਤੇ ਵਿਭਾਗ ਦੀਆਂ ਨਜ਼ਰਾਂ
ਸੂਤਰਾਂ ਨੇ ਦੱਸਿਆ ਕਿ ਅੰਕੁਰ ਨਰੂਲਾ ਦੇ ਫਿਲੌਰ ਵਿਚ ਰਹਿੰਦੇ ਸਹੁਰੇ ਪਿਆਰਾ ਅਤੇ ਫਿਲੌਰ ਵਿਚ ਹੀ ਰਹਿਣ ਵਾਲਾ ਇਕ ਨੇੜਲੇ ਸਹਿਯੋਗੀ ਦੇ ਘਰ ’ਤੇ ਵੀ ਵਿਭਾਗ ਨੇ ਰੇਡ ਕੀਤੀ ਹੈ, ਜਿਨ੍ਹਾਂ ਦੇ ਘਰ ਅਤੇ ਦੁਕਾਨਾਂ ਸਮੇਤ ਸਾਰੀਆਂ ਥਾਵਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਨੂੰ ਸ਼ੱਕ ਹੈ ਕਿ ਫਿਲੌਰ ਵਿਚ ਰਹਿੰਦੇ ਨੇੜਲੇ ਸਹਿਯੋਗੀ ਜ਼ਰੀਏ ਹੀ ਸਾਰੀਆਂ ਟਰਾਂਜੈਕਸ਼ਨਜ਼ ਕੀਤੀਆਂ ਗਈਆਂ ਹਨ ਅਤੇ ਉਸੇ ਜ਼ਰੀਏ ਕਰੋੜਾਂ ਰੁਪਿਆ ਇਨਵੈਸਟ ਕੀਤਾ ਗਿਆ ਹੈ, ਹਾਲਾਂਕਿ ਵਿਭਾਗ ਇਸ ਸ਼ੱਕ ਨੂੰ ਪੁਖ਼ਤਾ ਕਰਨ ਵਿਚ ਲੱਗਾ ਹੋਇਆ ਹੈ।

ਪੰਚਕੂਲਾ ਅਤੇ ਕਪੂਰਥਲਾ ਦੇ ਬਿਲਡਰ ਨੇ ਕੀਤਾ ਚਰਚ ਸਮੇਤ ਹੋਰ ਪ੍ਰਾਪਰਟੀਆਂ ਦਾ ਨਿਰਮਾਣ
ਸੂਤਰਾਂ ਨੇ ਦੱਸਿਆ ਕਿ ਪੰਚਕੂਲਾ ਅਤੇ ਕਪੂਰਥਲਾ ਸਥਿਤ ਬਿਲਡਰਾਂ ਨੇ ਮਿਲ ਕੇ ਹੀ ਅੰਕੁਰ ਨਰੂਲਾ ਦੇ ਚਰਚ ਅਤੇ ਹੋਰ ਪ੍ਰਾਪਰਟੀਆਂ ਦਾ ਨਿਰਮਾਣ ਕੀਤਾ ਸੀ। ਇਨ੍ਹਾਂ ਵਿਚੋਂ ਕਈ ਪ੍ਰਾਪਰਟੀਆਂ ਚਰਚ ਦੀਆਂ ਹਨ ਅਤੇ ਕਈ ਨਿੱਜੀ। ਵਿਭਾਗ ਇਨ੍ਹਾਂ ਸਾਰੀਆਂ ਪ੍ਰਾਪਰਟੀਆਂ ਦਾ ਡਾਟਾ ਇਕੱਠਾ ਕਰ ਰਿਹਾ ਹੈ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਬਿਲਡਰਾਂ ਨੂੰ ਭੁਗਤਾਨ ਕਰਨ ਦੇ ਚੱਕਰ ਵਿਚ ਪੈਸੇ ਨੂੰ ਲੀਗਲ ਤਾਂ ਨਹੀਂ ਕੀਤਾ ਗਿਆ।

ਪਾਸਟਰ ਨਰੂਲਾ ਦੀ ਮਾਂ ਦੇ ਘਰ ’ਤੇ ਵੀ ਰੇਡ
ਦੱਸਣਯੋਗ ਹੈ ਕਿ ਪਾਸਟਰ ਅੰਕੁਰ ਨਰੂਲਾ ਦੇ ਘਰ ਦੇ ਬਿਲਕੁਲ ਨੇੜੇ ਸਥਿਤ ਉਨ੍ਹਾਂ ਦੀ ਮਾਂ ਦੇ ਘਰ ’ਤੇ ਵੀ ਵਿਭਾਗ ਨੇ ਰੇਡ ਕੀਤੀ ਹੈ। ਉਨ੍ਹਾਂ ਕੋਲੋਂ ਵੀ ਕਈ ਤੱਥਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਕੀਤਾ ਜਾ ਸਕੇ ਕਿ ਮਾਂ ਦੇ ਬੈਂਕ ਖਾਤਿਆਂ ਵਿਚੋਂ ਸ਼ੱਕੀ ਟਰਾਂਜੈਕਸ਼ਨ ਤਾਂ ਨਹੀਂ ਕੀਤੀ ਗਈ ਜਾਂ ਮਾਂ ਦੇ ਨਾਂ ’ਤੇ ਕਿੰਨੀ ਪ੍ਰਾਪਰਟੀ ਲਈ ਗਈ ਹੈ। ਵਿਭਾਗ ਸਾਰੇ ਤੱਥਾਂ ਨੂੰ ਪੁਖਤਾ ਕਰਨ ਵਿਚ ਲੱਗਾ ਹੋਇਆ ਹੈ। ਦੱਸਣਯੋਗ ਹੈ ਕਿ ਆਈ. ਟੀ. ਵਿਭਾਗ ਦੇ ਨਾਲ ਆਈਆਂ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੀਮਾਂ ਵੱਲੋਂ ਪਾਸਟਰ ਅੰਕੁਰ ਨਰੂਲਾ ਦੀ ਚਰਚ, ਘਰ, ਇੰਸਟੀਚਿਊਟ ਸਮੇਤ ਸਾਰੇ ਟਿਕਾਣਿਆਂ ’ਤੇ ਰੇਡ ਦੌਰਾਨ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਉਥੇ ਹੀ, ਘਰ ਦੇ ਅੰਦਰ ਮੌਜੂਦ ਸਾਰੇ ਲੋਕਾਂ ਨੂੰ ਅੰਦਰ ਹੀ ਰੱਖਿਆ ਗਿਆ ਤਾਂ ਕਿ ਕਿਸੇ ਵੀ ਢੰਗ ਨਾਲ ਜਾਂਚ ਵਿਚ ਕੋਈ ਅੜਿੱਕਾ ਨਾ ਪਵੇ।

ਇਹ ਵੀ ਪੜ੍ਹੋ : ਪੰਜਾਬ ਦੇ ਧਾਰਮਿਕ ਸਥਾਨਾਂ ਦੇ ਬਾਹਰ ਸੁਰੱਖਿਆ ਵਿਵਸਥਾ ਕੀਤੀ ਗਈ ਹੋਰ ਸਖ਼ਤ, ਜਾਣੋ ਕਿਉਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri