ਵ੍ਹਿਸਕੀ ਸੇਲ ਫਾਰ ਚੰਡੀਗੜ੍ਹ ਦੀਆਂ 60 ਪੇਟੀਆਂ ਸਮੇਤ 2 ਸਮੱਗਲਰ ਗ੍ਰਿਫਤਾਰ

12/14/2018 6:16:17 AM

ਜਲੰਧਰ,    (ਮਹੇਸ਼)-   ਐੱਸ. ਐੱਚ. ਓ. ਜਲੰਧਰ ਕੈਂਟ ਸੁਖਦੇਵ ਸਿੰਘ ਔਲਖ ਦੀ ਅਗਵਾਈ ’ਚ  ਪਰਾਗਪੁਰ ਪੁਲਸ ਚੌਕੀ ਦੇ ਮੁਖੀ ਐੱਸ. ਆਈ. ਕਮਲਜੀਤ ਸਿੰਘ ਨੇ  ਵ੍ਹਿਸਕੀ ਸੇਲ ਫਾਰ  ਚੰਡੀਗੜ੍ਹ ਦੀਆਂ 60 ਪੇਟੀਆਂ ਸਮੇਤ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ  ਨਵਾਂਸ਼ਹਿਰ ਤੇ ਫਗਵਾੜਾ ਦੇ ਰਹਿਣ ਵਾਲੇ ਹਨ। ਤੀਜਾ ਮੁਲਜ਼ਮ 40  ਪੇਟੀਆਂ ਲੈ ਕੇ ਫਰਾਰ ਹੋ  ਗਿਆ। 
ਏ. ਡੀ. ਸੀ. ਪੀ. ਸਿਟੀ-2 ਸੂਡਰਵਿਜੀ ਤੇ ਏ. ਸੀ. ਪੀ. ਕੈਂਟ ਦਲਵੀਰ ਸਿੰਘ ਸਿੱਧੂ  ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੀ ਫਗਵਾੜਾ-ਕੈਂਟ ਰੋਡ ’ਤੇ ਆਉਂਦੇ  ਕੋਟ ਕਲਾਂ ਬੋਹੜ ਵਾਲਾ ਚੌਕ ਵਿਚ ਚਿੱਟੇ ਰੰਗ ਦੀ ਇਨੋਵਾ ਗੱਡੀ ਵਿਚ ਭਾਰੀ ਗਿਣਤੀ ਵਿਚ  ਨਾਜਾਇਜ਼ ਸ਼ਰਾਬ ਉਤਰਨ ਵਾਲੀ ਹੈ।
 ਜਿਸ ’ਤੇ ਇੰਸਪੈਕਟਰ ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ  ਐੱਸ. ਆਈ. ਕਮਲਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਦੱਸੇ ਹੋਏ ਸਥਾਨ ’ਤੇ ਛਾਪੇਮਾਰੀ ਕਰਦੇ ਹੋਏ  ਬੋਹੜਵਾਲਾ ਚੌਕ ਵਿਚ ਇਨੋਵਾ ਗੱਡੀ ਤੋਂ ਸ਼ਰਾਬ ਉਤਾਰ ਰਹੇ 2 ਲੋਕਾਂ ਨੂੰ ਰੰਗੇ ਹੱਥੀਂ ਫੜ  ਲਿਆ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਇਨੋਵਾ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋਣ ਵਿਚ  ਕਾਮਯਾਬ ਹੋ ਗਿਆ। ਫੜੇ ਗਏ ਸ਼ਰਾਬ   ਸਮੱਗਲਰਾਂ ਦੀ ਪਛਾਣ ਸੰਦੀਪ ਉਰਫ ਲਾਡੀ ਪੁੱਤਰ ਦਰਸ਼ਨ  ਲਾਲ ਵਾਸੀ ਪਿੰਡ ਮਾਲੇਵਾਲ ਥਾਣਾ ਪੋਜੇਵਾਲ ਜ਼ਿਲਾ ਨਵਾਂਸ਼ਹਿਰ ਤੇ ਸੁਭਾਸ਼ ਕੁਮਾਰ ਪੁੱਤਰ  ਸ਼ਿਵ ਭੂਸ਼ਣ ਵਾਸੀ ਓਂਕਾਰ ਨਗਰ ਥਾਣਾ ਫਗਵਾੜਾ ਜ਼ਿਲਾ ਕਪੂਰਥਲਾ ਵਜੋਂ ਹੋਈ ਹੈ। 
ਦੋਵਾਂ ਨੇ  ਪੁੱਛਗਿੱਛ ’ਚ ਤੀਜੇ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਵਤਾਰ  ਸਿੰਘ ਵਾਸੀ ਪਿੰਡ ਲਧਾਣਾ ਝਿੱਕਾ ਜ਼ਿਲਾ ਨਵਾਂਸ਼ਹਿਰ ਵਜੋਂ ਦੱਸੀ ਹੈ। ਜਿਸ ਦੀ ਭਾਲ  ’ਚ ਪੁਲਸ  ਨੇ ਸ਼ੱਕੀ ਥਾਵਾਂ ’ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮਾਂ ’ਤੇ ਧਾਰਾ 420  ਵੀ ਲਗਾਈ 
ਥਾਣਾ  ਕੈਂਟ ’ਚ ਮੁਲਜ਼ਮ ਸੰਦੀਪ ਸਾਬੀ, ਸੁਭਾਸ਼ ਕੁਮਾਰ ਤੇ ਗੁਰਪ੍ਰੀਤ ਗੋਪੀ  ਖਿਲਾਫ ਐਕਸਾਈਜ਼  ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਸ਼ਰਾਬ ਦੂਜੀ ਸਟੇਟ ਦੀ ਹੋਣ ਕਾਰਨ ਉਨ੍ਹਾਂ ’ਤੇ ਧਾਰਾ 420  ਵੀ ਲਗਾਈ ਗਈ ਹੈ। ਸਾਬੀ ਤੇ ਸੁਭਾਸ਼ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 1  ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਤੋਂ ਹੋਰ ਪੁੱਛਗਿੱਛ ਦੌਰਾਨ ਪੁਲਸ  ਨੂੰ ਕੋਈ ਵੱਡਾ ਖੁਲਾਸਾ ਹੋਣ ਦੀ ਉਮੀਦ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਉਹ ਚੰਡੀਗੜ੍ਹ  ਤੋਂ ਕਿਸ ਤੋਂ ਸ਼ਰਾਬ ਲੈਂਦੇ ਸੀ ਅਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦੇ ਸਨ। 
12 ਬੋਰੀਆਂ ’ਚ ਪਾਈਆਂ ਸਨ 720 ਬੋਤਲਾਂ
ਪੁਲਸ  ਵਲੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ ਦੀਆਂ ਕੁੱਲ 710 ਬੋਤਲਾਂ ਸਨ, ਜੋ ਕਿ ਸਮੱਗਲਰਾਂ ਨੇ  ਚਿੱਟੇ ਰੰਗ ਦੀਅਾਂ ਬੋਰੀਆਂ ਵਿਚ ਪਾਈਆਂ ਹੋਈਆਂ  ਸਨ  ਤਾਂ  ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਉਸ  ਵਿਚ ਸ਼ਰਾਬ ਹੋ ਸਕਦੀ ਹੈ।