‘ਹਾਊਸ ’ਚ ਪ੍ਰਸਤਾਵ ਲਿਆ ਕੇ ਜਲਦੀ ਖੋਲ੍ਹ ਦੇਵਾਂਗੇ 93 ਬਿਲਡਿੰਗਾਂ ਦੀਆਂ ਸੀਲਾਂ’

01/23/2019 6:09:13 AM

ਜਲੰਧਰ, (ਜ.ਬ.)- ਪਿਛਲੇ 28 ਸਾਲਾਂ ਤੋਂ ਲਗਾਤਾਰ ਬਤੌਰ ਕੌਂਸਲਰ ਜਿੱਤਦੇ ਆ ਰਹੇ  ਜਗਦੀਸ਼ ਰਾਜਾ ਨੂੰ ਜਲੰਧਰ ਨਗਰ ਨਿਗਮ ਦਾ ਮੇਅਰ ਬਣੇ ਕਰੀਬ ਇਕ ਸਾਲ ਹੋ ਗਿਆ ਹੈ।  ਪਿਛਲੇ 10 ਸਾਲ  ਸ਼੍ਰੀ ਰਾਜਾ ਵਿਰੋਧੀ ਧਿਰ ਦੇ ਆਗੂ ਰਹੇ, ਜਿਸ ਦੌਰਾਨ ਉਨ੍ਹਾਂ ਸ਼ਹਿਰ ਦੇ  ਵਿਕਾਸ ਨਾਲ ਸਬੰਧਿਤ ਹਰ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ। ਸੁਨੀਲ ਜੋਤੀ ਦੀ ਮੇਅਰਸ਼ਿਪ  ਦੌਰਾਨ ਜਗਦੀਸ਼ ਰਾਜਾ ਕਾਫੀ ਅਗਰੈਸਿਵ ਰਹੇ ਤੇ ਉਨ੍ਹਾਂ ਅਕਾਲੀ-ਭਾਜਪਾ ਦੇ ਵੱਖ-ਵੱਖ  ਪ੍ਰਾਜੈਕਟਾਂ ਦਾ ਵਿਰੋਧ ਸੜਕਾਂ ਤੋਂ ਲੈ ਕੇ ਅਦਾਲਤਾਂ ਤੱਕ ਕੀਤਾ। ਮੇਅਰ ਬਣਨ ਤੋਂ  ਬਾਅਦ ਸ਼੍ਰੀ ਰਾਜਾ ਨੂੰ ਫੰਡ ਦੀ ਕਮੀ ਤੇ ਨਿਗਮ ਪ੍ਰਸ਼ਾਸਨ ਨਾਲ ਸਬੰਧਿਤ ਕਈ ਸਮੱਸਿਆਵਾਂ  ਨਾਲ ਜੂਝਣਾ ਪਿਆ। ਇਕ ਸਾਲ ਤੱਕ ਨਿਗਮ ਦਾ ਪ੍ਰਦਰਸ਼ਨ ਕੁਝ ਖਾਸ ਨਾ ਰਹਿਣ ਕਾਰਨ ਜਗਦੀਸ਼  ਰਾਜਾ ’ਤੇ ਕਮਜ਼ੋਰ ਮੇਅਰ ਦਾ ਟੈਗ ਜਿਹਾ ਲੱਗਦਾ ਨਜ਼ਰ ਆ ਰਿਹਾ ਹੈ ਪਰ ਅਚਾਨਕ ਮੇਅਰ ਜਗਦੀਸ਼  ਰਾਜਾ ਹਮਲਾਵਰੀ ਤੇਵਰਾਂ ’ਚੱਗੇ ਹਨ। 
ਅੱਜ ਉਨ੍ਹਾਂ ਪੱਤਰਕਾਰਾਂ ਨਾਲ  ਗੈਰ-ਰਸਮੀ ਗੱਲਬਾਤ ਦੌਰਾਨ ਕਈ ਗੱਲਾਂ ਨੂੰ ਸਵੀਕਾਰ ਕੀਤਾ ਤੇ ਸਿਆਸੀ ਹਾਲਾਤ ਨੂੰ ਬਿਆਨ  ਕੀਤਾ। ਨਾਲ ਹੀ ਮੇਅਰ ਨੇ ਕਿਹਾ ਕਿ ਨਗਰ ਨਿਗਮ ਨੇ ਹਾਲ ਹੀ ਵਿਚ 93 ਨਾਜਾਇਜ਼ ਬਿਲਡਿੰਗਾਂ ’ਤੇ ਐਕਸ਼ਨ ਲੈ ਕੇ ਜੋ ਸੀਲਿੰਗ ਕੀਤੀ ਹੈ, ਉਹ ਸਰਾਸਰ ਗਲਤ ਹੈ। ਇਸ ਲਈ ਜਲਦੀ ਕੌਂਸਲਰ  ਹਾਊਸ ਦੀ ਬੈਠਕ ਬੁਲਾਈ ਜਾ ਰਹੀ ਹੈ, ਜਿਸ ਵਿਚ ਮਤਾ ਪਾਸ ਕਰ ਕੇ ਸਾਰੀਆਂ ਸੀਲਾਂ ਨੂੰ ਖੋਲ੍ਹ  ਦਿੱਤਾ ਜਾਵੇਗਾ। ਮੇਅਰ ਨੇ ਦਲੀਲ ਦਿੰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨੇ  ਨਾਜਾਇਜ਼ ਬਿਲਡਿੰਗਾਂ ਨੂੰ ਰੈਗੂਲਰ ਕਰਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਐਲਾਨ ਕੀਤੀ ਹੋਈ  ਹੈ, ਜਿਸ ਦੇ ਤਹਿਤ ਲੋਕ ਪੈਸੇ ਤੇ ਫਾਈਲਾਂ ਜਮ੍ਹਾ ਕਰਵਾਉਣ ਲਈ ਤਿਆਰ ਬੈਠੇ ਹਨ। ਅਜਿਹੇ  ਵਿਚ ਨਾਜਾਇਜ਼ ਬਿਲਡਿੰਗਾਂ ’ਤੇ ਐਕਸ਼ਨ ਜਾਇਜ਼ ਨਹੀਂ ਹੈ।
ਜਦੋਂ ਮੇਅਰ ਕੋਲੋਂ ਪੁੱਛਿਆ  ਗਿਆ ਕਿ 93 ਬਿਲਡਿੰਗਾਂ ’ਤੇ ਐਕਸ਼ਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੁਕਮਾਂ ’ਤੇ ਹੋਇਆ ਹੈ ਤੇ ਜੇਕਰ ਉਨ੍ਹਾਂ ਸੀਲਿੰਗ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਤਾਂ ਕੀ  ਹੋਵੇਗਾ। ਮੇਅਰ ਦਾ ਜਵਾਬ ਸੀ ਕਿ ਹਾਊਸ ਵਿਚ ਮਤਾ ਪਾਸ ਹੋਣ ਤੋਂ ਬਾਅਦ ਅਸੀਂ ਆਪਣੇ ਪੱਧਰ ’ਤੇ ਸਾਰੀਆਂ ਸੀਲਾਂ ਨੂੰ ਖੋਲ੍ਹ ਦੇਵਾਂਗੇ। ਜੇਕਰ ਕਿਸੇ ਨੇ ਰੋਕਿਆ-ਟੋਕਿਆ ਤਾਂ ਸਾਰੇ  ਕੌਂਸਲਰਾਂ ਨੂੰ ਬੱਸਾਂ-ਕਾਰਾਂ ਵਿਚ ਭਰ ਕੇ ਮੁੱਖ ਮੰਤਰੀ ਦੇ ਦਰਾਬਰ ’ਚ ਲਿਜਾਇਆ ਜਾਵੇਗਾ,  ਉਥੇ ਜੋ ਫੈਸਲਾ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ। 

ਪਹਿਲਾਂ ਵੀ ਸਿੱਧੂ ਖਿਲਾਫ ਵਿਦਰੋਹ ਕਰ ਚੁੱਕੇ ਹਨ ਮੇਅਰ
ਮੇਅਰ  ਜਗਦੀਸ਼ ਰਾਜਾ ਨੇ 93 ਬਿਲਡਿੰਗਾਂ ’ਤੇ ਹੋਏ ਐਕਸ਼ਨ ਨੂੰ ਗਲਤ ਕਰਾਰ ਦਿੰਦਿਆਂ ਲੋਕਲ ਬਾਡੀਜ਼  ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਸਿੱਧੇ ਤੌਰ ’ਤੇ ਫਰੰਟ ਖੋਲ੍ਹ ਦਿੱਤਾ ਹੈ। ਜ਼ਿਕਰਯੋਗ  ਹੈ ਕਿ ਸਿੱਧੂ ਦੇ ਜਲੰਧਰ ਦੌਰੇ ਦੌਰਾਨ ਜਦੋਂ ਨਾਜਾਇਜ਼ ਬਿਲਡਿੰਗਾਂ ’ਤੇ ਐਕਸ਼ਨ ਹੋਇਆ ਸੀ  ਤਾਂ ਉਸ ਸਮੇਂ ਵੀ ਮੇਅਰ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਸੰਸਦ ਮੈਂਬਰ ਤੇ ਵਿਧਾਇਕਾਂ ਦੇ  ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਜਾ ਕੇ ਵਿਜੀਲੈਂਸ ਜਾਂਚ ਨੂੰ ਰੁਕਵਾਇਆ  ਸੀ। ਅੱਜ ਮੇਅਰ ਨੇ ਕਿਹਾ ਕਿ ਨਾਜਾਇਜ਼ ਬਿਲਡਿੰਗਾਂ ਦੇ ਮਾਮਲੇ ’ਚ ਸਿਰਫ ਬਿਲਡਿੰਗ  ਮਾਲਕਾਂ ਦਾ ਹੀ ਕਸੂਰ ਨਹੀਂ ਹੈ, ਜਿਨ੍ਹਾਂ ਅਫਸਰਾਂ ਨੇ ਇਹ ਬਿਲਡਿੰਗਾਂ ਬਣਵਾਈਆਂ ਉਨ੍ਹਾਂ ’ਤੇ ਵੀ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਮੇਅਰ ਨੇ ਤਾਂ ਇਥੋਂ ਤੱਕ ਕਿਹਾ ਕਿ ਇਕਦਮ ਕਿਸੇ  ਬਿਲਡਿੰਗ ਵਿਚ ਚੱਲ ਰਹੇ ਰੋਜ਼ਗਾਰ ਨੂੰ ਖਤਮ ਕਰਨਾ ਸਹੀ ਨਹੀਂ ਹੈ।  
ਕੌਂਸਲਰਾਂ ਦੀਆਂ ਵੀ ਨਾਜਾਇਜ਼ ਬਿਲਡਿੰਗਾਂ ਸੀਲ ਹੋਈਆਂ
ਮੇਅਰ  ਜਗਦੀਸ਼ ਰਾਜਾ ਨੇ ਭਾਵੇਂ ਨਾਜਾਇਜ਼ ਬਿਲਡਿੰਗਾਂ ’ਤੇ ਹੋ ਰਹੀ ਕਾਰਵਾਈ ਦੇ ਖਿਲਾਫ  ਜਾ ਕੇ  ਸਟੈਂਡ ਲੈ ਲਿਆ ਹੈ ਪਰ ਇਹ ਵੀ ਸਹੀ ਹੈ ਕਿ ਹਾਲ ਹੀ ਵਿਚ ਜਿਨ੍ਹਾਂ 93 ਨਾਜਾਇਜ਼  ਬਿਲਡਿੰਗਾਂ ਨੂੰ ਸੀਲਾਂ ਲਾਈਆਂ ਗਈਆਂ ਹਨ, ਉਨ੍ਹਾਂ ਵਿਚੋਂ ਕੁਝ ਬਿਲਡਿੰਗਾਂ ਤਾਂ ਸਿੱਧਾ  ਕੌਂਸਲਰਾਂ ਦੀਆਂ ਹੀ ਹਨ। ਕਈ ਬਿਲਡਿੰਗਾਂ ਨੂੰ ਖੁੱਲ੍ਹਵਾਉਣ ਪਿੱਛੇ ਸਿੱਧਾ ਕੌਂਸਲਰਾਂ ਦਾ  ਹੀ ਹੱਥ ਹੈ। ਸੀਲਿੰਗ ਕਾਰਨ ਇਨ੍ਹਾਂ ਕੌਂਸਲਰਾਂ ਨੂੰ ਵੀ ਮੁਸ਼ਕਲਾਂ ਤੇ ਨਮੋਸ਼ੀ ਦਾ  ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਮੇਅਰ ’ਤੇ ਦਬਾਅ ਲਗਾਤਾਰ ਬਣਾਇਆ ਜਾ ਰਿਹਾ ਸੀ।
ਪਰਗਟ ਸਿੰਘ  ਤੇ ਰਿੰਕੂ ਬਣੇ ਵਿਰੋਧੀ

ਜਲੰਧਰ  ਦੇ ਚਾਰ ਕਾਂਗਰਸੀ ਵਿਧਾਇਕਾਂ ਦੀ ਗੱਲ ਕਰੀਏ ਤਾਂ ਪਹਿਲਾਂ-ਪਹਿਲਾਂ ਚਾਰੇ ਵਿਧਾਇਕ ਇਕਮੁੱਠ  ਸਨ ਪਰ ਬਾਅਦ ਵਿਚ ਕਈ ਮੁੱਦਿਆਂ ’ਤੇ ਚਾਰਾਂ ਵਿਚ ਟਕਰਾਅ ਹੋਇਆ। ਹੁਣ ਭਾਵੇਂ ਵਿਧਾਇਕ  ਬੇਰੀ ਤੇ ਵਿਧਾਇਕ ਬਾਵਾ ਹੈਨਰੀ ਮੇਅਰ ਦੇ ਕਾਫੀ ਕਰੀਬੀ ਬਣੇ ਹੋਏ ਹਨ ਪਰ ਹੋਰ ਦੋ ਵਿਧਾਇਕ  ਪਰਗਟ ਸਿੰਘ ਤੇ ਸੁਸ਼ੀਲ ਰਿੰਕੂ ਮੇਅਰ ਵਿਰੋਧੀ ਤੇਵਰ ਦਿਖਾ ਰਹੇ ਹਨ। ਪਰਗਟ ਸਿੰਘ ਨੇ ਤਾਂ  ਹਾਲ ਹੀ ਵਿਚ ਮੁੱਖ ਮੰਤਰੀ ਨਾਲ ਹੋਈ ਬੈਠਕ ਵਿਚ ਮੇਅਰ ਜਗਦੀਸ਼ ਰਾਜਾ ਨੂੰ ਕਮਜ਼ੋਰ ਮੇਅਰ  ਤੱਕ ਕਹਿ ਦਿੱਤਾ, ਜਦੋਂਕਿ ਵਿਧਾਇਕ ਰਿੰਕੂ ਵੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਦੀ ਜ਼ਬਰਦਸਤ  ਆਲੋਚਨਾ ਕਰ ਕੇ ਮੇਅਰ ਜਗਦੀਸ਼ ਰਾਜਾ ਨੂੰ ਕਟਹਿਰੇ ਵਿਚ ਖੜ੍ਹਾ ਕਰ ਚੁੱਕੇ ਹਨ। ਇਸ ਹਾਲਾਤ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਤਹਿਤ ਮੇਅਰ ਜਗਦੀਸ਼ ਰਾਜਾ ਹੁਣ ਆਪਣੀ ਵਰਕਿੰਗ  ’ਚ ਬਦਲਾਅ ਲਿਆਉਂਦੇ ਦਿਸ ਰਹੇ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ  ’ਚ ਨਿਗਮ ਦੀ ਰਾਜਨੀਤੀ ਨਵੇਂ ਰੰਗ ਵਿਚ ਦਿਸੇਗੀ।