ਭਿਆਨਕ ਗਰਮੀ ''ਚ ਕਈ-ਕਈ ਕਿਲੋਮੀਟਰ ਪੈਦਲ ਜਲੰਧਰ ਆ ਰਹੇ ਨੇ ਮਜ਼ਦੂਰ

05/18/2020 12:17:58 AM

ਜਲੰਧਰ, (ਗੁਲਸ਼ਨ)— ਰਾਸ਼ਟਰ ਵਿਆਪੀ ਲਾਕਡਾਊਨ-4 ਦਰਮਿਆਨ ਪੰਜਾਬ ਛੱਡ ਕੇ ਦੂਜੇ ਸੂਬਿਆਂ ਵੱਲ ਪਲਾਇਨ ਕਰਨ ਵਾਲੇ ਪ੍ਰਵਾਸੀ ਭਿਆਨਕ ਗਰਮੀ ਵਿਚ ਭੁੱਖੇ-ਪਿਆਸੇ ਸੜਕ ਨਾਅਰੇ ਕਈ-ਕਈ ਕਿਲੋਮੀਟਰ ਪੈਦਲ ਚੱਲਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਚਿਹਰਿਆਂ 'ਤੇ ਕੋਰੋਨਾ ਵਾਇਰਸ ਦੇ ਖੌਫ ਦੀ ਬਜਾਏ ਸਿਰਫ ਆਪਣੇ ਘਰਾਂ ਵਿਚ ਪਹੁੰਚਣ ਦੀ ਲਾਲਸਾ ਜਿਆਦਾ ਦਿਖਾਈ ਦਿੰਦੀ ਹੈ। ਚਾਹੇ ਪੰਜਾਬ ਵਿਚ ਹੁਣ ਅਨ-ਲਾਕਡਾਊਨ ਦੇ ਤਹਿਤ ਹੌਲੀ-ਹੌਲੀ ਵਪਾਰ ਅਤੇ ਕੰਮਕਾਜ ਸ਼ੁਰੂ ਹੋਣ ਦੀ ਉਮੀਦ ਜਗਣ ਲੱਗੀ ਹੈ ਪਰ ਇਸ ਸਮੇਂ ਪ੍ਰਵਾਸੀ ਪਰਿਵਾਰਾਂ ਦਾ ਕਸ਼ਟ ਅਤੇ ਬੱਚਿਆਂ ਦੇ ਪੇਟ ਦੀ ਭੁੱਖ ਨੂੰ ਸਹਿਣ ਨਹੀਂ ਕਰ ਪਾ ਰਹੇ ਹਨ ਅਤੇ ਆਪਣੇ ਪਿੰਡਾਂ ਵੱਲ ਜਾਣ ਲਈ ਉਤਸੁਕ ਹਨ। ਦੂਸਰੇ ਸ਼ਹਿਰਾਂ ਤੋਂ ਪੈਦਲ ਆਪਣਾ ਸਾਮਾਨ ਸਿਰ 'ਤੇ ਚੱਕ ਕੇ ਬੱਚਿਆਂ ਨਾਲ ਜਲੰਧਰ ਪਹੁੰਚ ਰਹੇ ਪ੍ਰਵਾਸੀ ਟਰੇਨਾਂ ਦੀ ਟਿਕਟ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਦੇ ਕਰਦੇ ਥੱਕ ਕੇ ਸੜਕ 'ਤੇ ਹੀ ਸੌਂ ਜਾਂਦੇ ਹਨ। ਪੋਹ ਫੁੱਟਦੇ ਹੀ ਉਹ ਫਿਰ ਮੈਡੀਕਲ ਚੈੱਕਅਪ ਲਈ ਨਿਰਧਾਰਤ ਕੀਤੇ ਥਾਵਾਂ ਦੇ ਬਾਹਰ ਖੜ੍ਹੇ ਹੋ ਜਾਂਦੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਰੋਜ਼ਾਨਾ 6 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਵੱਲ ਭੇਜਿਆ ਜਾ ਰਿਹਾ ਹੈ। ਐਤਵਾਰ ਨੂੰ ਵੀ ਸਿਟੀ ਰੇਲਵੇ ਸਟੇਸ਼ਨ ਤੋਂ 5 ਟਰੇਨਾਂ ਯੂ. ਪੀ. ਅਤੇ ਬਿਹਾਰ ਦੇ ਵੱਖ-ਵੱਖ ਜ਼ਿਲਿਆਂ ਲਈ ਰਵਾਨਾ ਹੋਈਆਂ, ਇਨ੍ਹਾਂ 'ਚ 1200-1200 ਯਾਤਰੀ ਆਪਣੇ ਗ੍ਰਹਿ ਸੂਬਿਆਂ ਲਈ ਭੇਜੇ ਗਏ, ਜੋ ਸਵੇਰੇ 10 ਵਜੇ ਮੁਜ਼ੱਫਰਪੁਰ, ਦੁਪਹਿਰ 2 ਵਜੇ ਬਰਕਾਕਾਨਾ , ਸ਼ਾਮ 5 ਵਜੇ ਸੁਲਤਾਨਪੁਰ, ਸ਼ਾਮ 7 ਵਜੇ ਫੈਜ਼ਾਬਾਦ ਅਤੇ ਰਾਤ 11 ਵਜੇ ਯੂ. ਪੀ. ਦੇ ਜੌਨਪੁਰ ਲਈ ਸਪੈਸ਼ਲ ਟਰੇਨਾਂ ਰਵਾਨਾ ਹੋਈਆਂ ।

ਬੱਲੇ ਬੱਲੇ ਫਾਰਮ ਦੀ ਥਾਂ ਹੁਣ ਢਿੱਲੋਂ ਰਿਜ਼ੋਰਟ ਵਿਚ ਹੋਵੇਗਾ ਮੈਡੀਕਲ
ਪਠਾਨਕੋਟ ਚੌਕ ਨੇੜੇ ਸਥਿਤ ਬੱਲੇ ਬੱਲੇ ਫਾਰਮ ਵਿਚ ਪ੍ਰਵਾਸੀਆਂ ਦੇ ਮੈਡੀਕਲ ਚੈੱਕਅਪ ਲਈ ਨਿਰਧਾਰਤ ਕੀਤੇ ਗਏ ਥਾਂ ਨੂੰ ਬਦਲ ਕੇ ਹੁਣ ਤੱਲ੍ਹਣ ਰੋਡ ਉੱਤੇ ਸਥਿਤ ਢਿੱਲੋਂ ਰਿਜ਼ੋਰਟ ਵਿਚ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਾਈਵੇ 'ਤੇ ਹੋਣ ਵਾਲੇ ਹਾਦਸਿਆਂ ਕਾਰਨ ਪ੍ਰਸ਼ਾਸਨ ਜਾਗਰੂਕ ਹੋ ਗਿਆ ਹੈ ਕਿਉਂਕਿ ਕਰਫਿਊ ਹਟਣ ਤੋਂ ਬਾਅਦ ਹੁਣ ਸੜਕਾਂ ਉੱਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ, ਸੜਕਾਂ 'ਤੇ ਲੱਗੀ ਪ੍ਰਵਾਸੀਆਂ ਦੀ ਭੀੜ ਕਾਰਨ ਕਈ ਹਾਦਸਾ ਨਾ ਹੋ ਜਾਵੇ, ਇਸ ਲਈ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਹੀ ਸਥਾਨ ਬਦਲ ਦਿੱਤਾ ਹੈ।ਹੁਣ ਲੈਦਰ ਕੰਪਲੈਕਸ ਵਿੱਚ ਸਥਿਤ ਸੰਤ ਨਰੰਕਾਰੀ ਭਵਨ ਅਤੇ ਤੱਲ੍ਹਣ ਰੋਡ 'ਤੇ ਸਥਿਤ ਢਿੱਲੋਂ ਰਿਜ਼ੋਰਟ ਵਿਖੇ ਪ੍ਰਵਾਸੀਆਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ । ਇਹ ਦੋਵੇਂ ਥਾਵਾਂ ਸ਼ਹਿਰ ਜਾਣੀ ਸਿਟੀ ਰੇਲਵੇ ਸਟੇਸ਼ਨ ਤੋਂ ਕਾਫ਼ੀ ਦੂਰ ਹਨ ।

ਸਿਟੀ ਸਟੇਸ਼ਨ ਤੋਂ ਸੋਮਵਾਰ ਚੱਲਣਗੀਆਂ 5 ਟਰੇਨਾਂ
ਸਿਟੀ ਰੇਲਵੇ ਸਟੇਸ਼ਨ ਤੋਂ ਯੂ. ਪੀ. ਬਿਹਾਰ ਵੱਲ ਜਾਣ ਵਾਲੇ ਪ੍ਰਵਾਸੀਆਂ ਲਈ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 5-5 ਟਰੇਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਸੋਮਵਾਰ ਨੂੰ ਵੀ 5 ਟਰੇਨਾਂ ਹੀ ਚਲਾਈਆਂ ਜਾ ਰਹੀਆਂ ਹਨ, ਇਸ ਲਈ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਗਿਆ ਹੈ। ਇਨ੍ਹਾਂ ਵਿਚ ਸਵੇਰੇ 11 ਵਜੇ ਬਿਹਾਰ ਦੇ ਅਰਰੀਆ, ਦੁਪਹਿਰ 2 ਵਜੇ ਪੂਨੀਆਂ ਸ਼ਾਮ 7 ਵਜੇ ਜੌਨਪੁਰ, 8 ਵਜੇ ਲਖਨਊ ਅਤੇ ਗਿਆਰਾਂ ਵਜੇ ਫੈਜ਼ਾਬਾਦ ਲਈ ਟਰੇਨਾਂ ਚੱਲਣਗੀਆਂ ।


KamalJeet Singh

Content Editor

Related News