ਸਹੁਰਾ ਪਰਿਵਾਰ 'ਤੇ ਹਮਲਾ ਕਰਨ ਦੇ ਦੋਸ਼ 'ਚ ਨੂੰਹ ਤੇ ਹੋਰਾਂ 'ਤੇ ਮਾਮਲਾ ਦਰਜ

05/26/2018 5:36:38 PM

ਜਲੰਧਰ (ਜ. ਬ.)— ਥਾਣਾ 4 ਦੀ ਪੁਲਸ ਨੇ ਸਹੁਰਾ ਧਿਰ 'ਤੇ ਹਮਲੇ ਦੇ ਦੋਸ਼ 'ਚ ਨੂੰਹ ਸ਼ੀਤਲ, ਉਸ ਦੇ ਭਰਾ ਅਭੀ, ਪਿਤਾ ਸੁਰਿੰਦਰ ਟੰਡਨ, ਮਾਤਾ ਸਰਿਤਾ 'ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ੀਤਲ ਦੇ ਪਤੀ ਵਿਕਰਮ ਨੇ ਦੋਸ਼ ਲਾਇਆ ਹੈ ਕਿ ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਥਾਣਾ 4 'ਚ ਦਰਜ ਹੋਈ ਐੱਫ. ਆਈ. ਆਰ. ਨੰਬਰ 100 ਦੇ ਮੁਤਾਬਕ ਮੁਲਜ਼ਮਾਂ 'ਤੇ 308, 427, 323 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਵੀਨਾ ਰਾਣੀ ਪਤਨੀ ਰਾਜ ਕੁਮਾਰ ਵਾਸੀ ਤੇਲ ਵਾਲੀ ਗਲੀ, ਛੋਟਾ ਅਲੀ ਮੁਹੱਲਾ ਨੇ ਦੋਸ਼ ਲਗਾਇਆ ਹੈ ਕਿ 15 ਮਈ ਨੂੰ ਉਨ੍ਹਾਂ ਦੀ ਨੂੰਹ ਸ਼ੀਤਲ ਨੇ ਰਾਤ 10 ਵਜੇ ਦੇ ਕਰੀਬ ਕਿਸੇ ਗੱਲ 'ਤੇ ਝਗੜਾ ਕਰਨ ਸ਼ੁਰੂ ਕਰ ਦਿੱਤਾ ਅਤੇ ਆਪਣੇ ਸਹੁਰੇ ਨੂੰ ਕੁੱਟਿਆ। 
ਇਸ ਦੌਰਾਨ ਜਦੋਂ ਉਹ ਆਪਣਾ ਬਚਾਅ ਕਰਨ ਲੱਗੀ ਤਾਂ ਉਸ ਨੂੰ ਵੀ ਮਾਰਿਆ ਗਿਆ। ਦੋਸ਼ ਹੈ ਕਿ ਇਸ ਦੌਰਾਨ ਸ਼ੀਤਲ ਦੇ ਪਰਿਵਾਰਿਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਪਤੀ ਵਿਕਰਮ ਨੇ ਪੁਲਸ ਕਮਿਸ਼ਨਰ ਤੋਂ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਰਾਤ ਨੂੰ 10 ਵਜੇ ਤੋਂ ਬਾਅਦ ਹਮਲਾ ਕਰਨ, ਧਮਕੀਆਂ ਦੇਣ ਸਮੇਤ ਹੋਣ ਕਾਰਨਾਂ ਕਾਰਨ ਪੁਲਸ ਨੂੰ ਧਾਰਾ 458, 148, 149 ਤਹਿਤ ਮਾਮਲਾ ਦਰਜ ਕਰਨਾ ਚਾਹੀਦਾ ਸੀ। ਉਥੇ ਹੀ ਥਾਣਾ 4 ਦੀ ਪੁਲਸ ਨਾਲ ਸੰਪਰਕ ਕਰਨ 'ਤੇ ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਬਣਦੀ ਕਾਰਵਾਈ ਕਰ ਰਹੀ ਹੈ। ਇਸ ਸੰਬੰਧ ਵਿਚ ਸ਼ੀਤਲ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਾ ਹੋ ਸਕਿਆ।