ਇੰਪਰੂਵਮੈਂਟ ਟਰੱਸਟ ਜ਼ਮੀਨ ਟਰਾਂਸਫਰ ਕਰਵਾ ਕੇ ਨਗਰ ਨਿਗਮ ਤੋਂ 47 ਕਰੋੜ ਦੀ ਵਸੂਲੀ ਕਰੇਗਾ

09/18/2019 12:57:29 PM

ਜਲੰਧਰ (ਚੋਪੜਾ)— ਇੰਪਰੂਵਮੈਂਟ ਟਰੱਸਟ ਨੇ ਨਗਰ ਨਿਗਮ ਤੋਂ ਆਪਣੀ 47 ਕਰੋੜ ਰੁਪਏ ਦੀ ਵਸੂਲੀ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ ਅਤੇ ਟਰੱਸਟ ਹੁਣ ਨਿਗਮ ਦੇ 47 ਕਰੋੜ ਰੁਪਏ ਦੇ ਬਦਲੇ ਨਿਗਮ ਦੀ ਜ਼ਮੀਨ ਆਪਣੇ ਨਾਂ ਟਰਾਂਸਫਰ ਕਰਵਾਏਗਾ। ਟਰੱਸਟ ਦੇ ਚੇਅਰਮੈਨ ਦਲਜੀਤ ਆਹਲੂਵਾਲੀਆ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਿਛਲੇ ਦਿਨੀਂ ਇਕ ਬੈਠਕ ਦੌਰਾਨ ਉਨ੍ਹਾਂ ਦੀ ਮੌਜੂਦਗੀ ਵਿਚ ਮੇਅਰ ਜਗਦੀਸ਼ ਰਾਜ ਰਾਜਾ ਨੂੰ ਟਰੱਸਟ ਦੇ ਫੰਡਸ ਬਦਲੇ ਜ਼ਮੀਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਟਰੱਸਟ ਨੇ ਨਿਗਮ ਦੀਆਂ ਕਈ ਜ਼ਮੀਨਾਂ ਦਾ ਸਰਵੇ ਵੀ ਕੀਤਾ ਹੈ ਪਰ ਸ਼ਹਿਰ ਵਿਚ 3 ਜਾਂ 4 ਕਨਾਲ ਵਰਗੀਆਂ ਛੋਟੀਆਂ-ਛੋਟੀਆਂ ਜ਼ਮੀਨਾਂ ਕਾਰਣ ਹੁਣ ਟਰੱਸਟ ਦੀ ਢਿੱਲਵਾਂ ਵਿਚ ਨਿਗਮ ਦੀ 32 ਕਨਾਲ ਖਾਲੀ ਜ਼ਮੀਨ 'ਤੇ ਨਜ਼ਰ ਹੈ। ਆਹਲੂਵਾਲੀਆ ਨੇ ਕਿਹਾ ਕਿ ਢਿਲਵਾਂ ਦੀ ਜ਼ਮੀਨ 'ਤੇ ਟਰੱਸਟ ਰਿਹਾਇਸ਼ੀ ਜਾਂ ਕਮਰਸ਼ੀਅਲ ਕਿਹੜੀ ਸਕੀਮ ਵਿਕਸਿਤ ਕਰ ਸਕਦਾ ਹੈ, ਇਸ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਉਕਤ ਜ਼ਮੀਨ ਨੂੰ ਸਕੀਮ ਤਹਿਤ ਵੇਚ ਕੇ ਟਰੱਸਟ ਆਪਣੀ 47 ਕਰੋੜ ਰੁਪਏ ਦੀ ਵਸੂਲੀ ਪੂਰੀ ਕਰ ਸਕੇ।

ਸੂਰਿਆ ਐਨਕਲੇਵ ਸੋਸਾਇਟੀ ਤੋਂ ਨੋਟਿਸ ਦਾ ਜਵਾਬ ਟਰੱਸਟ ਨੂੰ ਅਜੇ ਤੱਕ ਨਹੀਂ ਮਿਲਿਆ
ਆਹਲੂਵਾਲੀਆ ਨੇ ਕਿਹਾ ਕਿ ਸੂਰਿਆ ਐਨਕਲੇਵ 'ਚ ਸਮਾਰਟ ਪਾਰਕ ਦੀ ਵਿਵਾਦਿਤ ਜ਼ਮੀਨ ਸਬੰਧੀ ਟਰੱਸਟ ਨੇ ਸੋਸਾਇਟੀ ਨੂੰ ਜੋ ਨੋਟਿਸ ਭੇਜਿਆ ਸੀ, ਉਸ ਦਾ ਅਜੇ ਜਵਾਬ ਟਰੱਸਟ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਵਾਬ ਮਿਲਣ ਤੋਂ ਬਾਅਦ ਹਰੇਕ ਪਹਿਲੂ ਨੂੰ ਵੇਖਿਆ ਜਾਵੇਗਾ ਅਤੇ ਲੋੜ ਪਈ ਤਾਂ ਟਰੱਸਟ ਸੋਸਾਇਟੀ ਖਿਲਾਫ ਕਾਨੂੰਨੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਟਰੱਸਟ ਦੀ ਮਲਕੀਅਤ ਹੈ ਅਤੇ ਜ਼ਮੀਨ ਨੂੰ ਕਿਸ ਤਰ੍ਹਾਂ ਉਪਯੋਗ ਵਿਚ ਲਿਆਉਣਾ ਹੈ, ਉਸ ਦਾ ਫੈਸਲਾ ਟਰੱਸਟ ਨੇ ਹੀ ਕਰਨਾ ਹੈ।

shivani attri

This news is Content Editor shivani attri