ਨਵਜੋਤ ਕੌਰ ਸਿੱਧੂ ਨੂੰ ਮਿਲੇ ਪਲਾਟ ਹੋਲਡਰ, ਕਬਜ਼ਾ ਦਿਵਾਉਣ ਦੀ ਕੀਤੀ ਫਰਿਆਦ

02/21/2019 11:01:31 AM

ਜਲੰਧਰ (ਪੁਨੀਤ)— 95.97 ਏਕੜ ਸਕੀਮ ਦੇ ਵਸਨੀਕਾਂ ਨੇ ਬੀਤੇ ਦਿਨ ਚੰਡੀਗੜ੍ਹ 'ਚ ਲੋਕਲ ਬਾਡੀਜ਼ ਦੇ ਦਫਤਰ 'ਚ ਨਵਜੋਤ ਕੌਰ ਸਿੱਧੂ ਨਾਲ ਮੁਲਾਕਾਤ ਕਰਕੇ ਕਬਜ਼ਾ ਦਿਵਾਉਣ ਦੀ ਫਰਿਆਦ ਕੀਤੀ। ਇਲਾਕਾ ਵਾਸੀਆਂ ਨੇ ਲੋਕਲ ਬਾਡੀਜ਼ ਸੈਕਟਰੀ ਏ. ਵੇਨੂ ਪ੍ਰਸਾਦ ਅਤੇ ਡਾਇਰੈਕਟਰ ਕਰਨੇਸ਼ ਸ਼ਰਮਾ ਨਾਲ ਵੀ ਮੁਲਾਕਾਤ ਕਰਕੇ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਉਥੇ ਹੀ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨਾਲ ਵੀ ਮੁਲਾਕਾਤ ਕੀਤੀ। ਲੋਕਾਂ ਦਾ ਕਹਿਣਾ ਹੈ ਕਿ 2011 'ਚ ਸਕੀਮ ਲਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਬਜ਼ਾ ਨਹੀਂ ਦਿਵਾਇਆ ਗਿਆ। ਇਸ ਮੌਕੇ 94.97 ਏਕੜ ਸਕੀਮ ਦੇ ਪਲਾਟ ਹੋਲਡਰ ਜਤਿੰਦਰ ਸ਼ਰਮਾ, ਭਾਰਤ ਭੂਸ਼ਨ, ਰਾਏ ਸਾਹਿਬ ਆਦਿ ਮੌਜੂਦ ਸਨ।

ਇਸ ਸਿਲਸਿਲੇ 'ਚ ਇੰਪਰੂਵਮੈਂਟ ਟਰੱਸਟ ਦੀ ਵੀਰਵਾਰ ਨੂੰ ਅਹਿਮ ਮੀਟਿੰਗ ਹੋਣ ਵਾਲੀ ਹੈ, ਜਿਸ 'ਚ ਡਿਫਾਲਟਿਡ ਪਲਾਟ ਜ਼ਬਤ ਕਰਨ ਦੀ ਮਨਜ਼ੂਰੀ ਮਿਲ ਜਾਵੇਗੀ, 94.97 ਏਕੜ, 170 ਏਕੜ ਸੂਰਯਾ ਐਨਕਲੇਵ ਸਣੇ ਵੱਖ-ਵੱਖ ਕਾਲੋਨੀਆਂ ਦੇ ਡਿਫਾਲਟਿਡ ਪਲਾਟਾਂ ਦੀਆਂ ਲਿਸਟਾਂ ਤਿਆਰ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਮੀਟਿੰਗ 'ਚ ਰੱਖਿਆ ਜਾ ਰਿਹਾ ਹੈ। ਇਨ੍ਹਾਂ 'ਚ 10 ਫੀਸਦੀ ਅਤੇ 25 ਫੀਸਦੀ ਜਮ੍ਹਾ ਕਰਵਾਉਣ ਵਾਲੇ ਪਲਾਟ ਹੋਲਡਰਾਂ ਦੇ ਪਲਾਟ ਸ਼ਾਮਲ ਹਨ। ਸਭ ਤੋਂ ਵੱਧ ਪਲਾਟ 94.97 ਏਕੜ ਸਕੀਮ ਨਾਲ ਸਬੰਧਤ ਹਨ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਪੈਸੇ ਜਮ੍ਹਾ ਨਹੀਂ ਕਰਵਾਏ। ਕਈ ਵਾਰ ਨੋਟਿਸ ਭੇਜਣ ਦੇ ਬਾਵਜੂਦ ਕੋਈ ਰਿਸਪਾਂਸ ਨਾ ਆਉਣ ਕਾਰਨ ਟਰੱਸਟ ਵੱਲੋਂ ਇਹ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ 94.97 ਏਕੜ ਸਕੀਮ 'ਚ ਰੋੜਾ ਬਣੇ ਕਬਜ਼ਿਆਂ ਨੂੰ ਹਟਾਉੁਣ 'ਤੇ ਵੀ ਸਹਿਮਤੀ ਬਣਾ ਕੇ ਅਗਲੀ ਕਾਰਵਾਈ ਸ਼ੁਰੂ ਕਰਵਾਈ ਜਾਵੇਗੀ। ਇਸ 'ਚ ਪਲਾਨ ਤਿਆਰ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਕਬਜ਼ੇ ਹਟਾਏ ਜਾਣਗੇ। ਇਸ ਮੀਟਿੰਗ 'ਚ ਟਰੱਸਟ ਦੇ ਚੇਅਰਮੈਨ, ਟਰੱਸਟੀ, ਈ. ਓ. ਆਰ. ਮੁੱਖ ਤੌਰ 'ਤੇ ਸ਼ਾਮਲ ਹੋਣਗੇ। ਮੀਟਿੰਗ ਨੂੰ ਲੈ ਕੇ ਅੱਜ ਸਾਰਾ ਦਿਨ ਸਟਾਫ ਕਰਮਚਾਰੀ ਲਿਸਟਾਂ ਬਣਾਉਣ 'ਚ ਲੱਗੇ ਰਹੇ।


ਚੇਅਰਮੈਨ ਸਵੇਰੇ ਦਫਤਰ ਪਹੁੰਚੇ ਤਾਂ ਗੈਰ-ਹਾਜ਼ਰ ਮਿਲੇ 5 ਕਰਮਚਾਰੀ

ਟਰੱਸਟ ਦੇ ਚੇਅਰਮੈਨ ਦੀਪਰਵ ਲਾਕੜਾ ਸਵੇਰੇ 9.15 ਵਜੇ ਦੇ ਕਰੀਬ ਦਫਤਰ ਪਹੁੰਚੇ ਅਤੇ ਹਾਜ਼ਰੀ ਰਜਿਸਟਰ ਚੈੱਕ ਕੀਤਾ ਜਿਸ ਦੌਰਾਨ 5 ਕਰਮਚਾਰੀ ਗੈਰ-ਹਾਜ਼ਰ ਮਿਲੇ। ਉਨ੍ਹਾਂ ਨੇ ਹਾਜ਼ਰੀ ਰਜਿਸਟਰ 'ਤੇ ਗੋਲੇ ਮਾਰੇ ਅਤੇ ਰਜਿਸਟਰ 'ਤੇ ਲਿਖਿਆ ਹੈ 9.35 ਵਜੇ ਤੱਕ ਕਰਮਚਾਰੀ ਮੌਜੂਦ ਨਹੀਂ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਕਈ ਕਰਮਚਾਰੀ ਮੌਕਾ ਦੇਖਣ ਗਏ ਸਨ ਅਤੇ ਕਿਸੇ ਨੇ ਛੁੱਟੀ ਦੀ ਐਪਲੀਕੇਸ਼ਨ ਭਿਜਵਾਈ ਸੀ। ਇਕ ਕਰਮਚਾਰੀ ਚੰਡੀਗੜ੍ਹ 'ਚ ਸੀ ਜਦ ਕਿ ਇਕ ਹੋਰ ਕਰਮਚਾਰੀ ਡਿਊਟੀ 'ਤੇ ਗਿਆ ਸੀ ਜਦੋਂ ਕਿ ਇਕ ਕਰਮਚਾਰੀ ਕੋਰਟ ਕੇਸ ਦੇ ਸਿਲਸਿਲੇ 'ਚ ਅਦਾਲਤ 'ਚ ਤਰੀਕ ਭੁਗਤਣ ਗਿਆ ਸੀ।
 

ਰਾਜ ਜਨੋਤਰਾ ਦੇ ਹੱਥ ਸੁਪਰਡੈਂਟ ਇੰਜੀਨੀਅਰ ਦੀ ਕਮਾਨ
ਸੀਨੀਆਰਟੀ ਦੇ ਆਧਾਰ 'ਤੇ ਰਾਜ ਜਨੋਤਰਾ ਨੂੰ ਸੁਪਰਡੈਂਟ ਇੰਜੀਨੀਅਰ ਬਣਾਇਆ ਗਿਆ ਹੈ। ਉਹ ਜਸਵੰਤ ਸਿੰਘ ਦੀ ਥਾਂ ਲੈਣਗੇ। ਰਾਜ ਜਨੋਤਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਵਿਕਾਸ ਕਾਰਜ ਕਰਵਾਉਣਾ ਉਨ੍ਹਾਂ ਦੀ ਪਹਿਲ ਰਹੇਗੀ। ਟਰੱਸਟ ਦੀਆਂ ਕਾਲੋਨੀਆਂ ਵਿਚ ਪੈਂਡਿੰਗ ਵਿਕਾਸ ਕੰਮਾਂ ਦੀਆਂ ਲਿਸਟਾਂ ਬਣਾ ਕੇ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਬਜ਼ੇ ਹਟਾਉਣ ਲਈ ਵੀ ਜਲਦੀ ਹੀ ਕਾਰਵਾਈ ਸ਼ੁਰੂ ਕਰਵਾਈ ਜਾਵੇਗੀ। 94.97 ਏਕੜ ਸਕੀਮ ਦੀਆਂ ਅਧੂਰੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਉਣ ਲਈ ਵੀ ਟੈਂਡਰ ਸੱਦੇ ਜਾਣਗੇ।


shivani attri

Content Editor

Related News