ਕਾਂਟਾ-ਛੁਰੀ ਨੇੜੇ ਬਹੁਤ ਵੱਡਾ ਪੀ. ਜੀ. ਬਣਾਏ ਜਾਣ ਦੀ ਪਲਾਨਿੰਗ, ਫਾਈਲ ਪੁੱਜੀ ਚੰਡੀਗੜ੍ਹ

11/19/2021 3:20:22 PM

ਜਲੰਧਰ (ਖੁਰਾਣਾ)– ਇੰਪਰੂਵਮੈਂਟ ਟਰੱਸਟ ਅਤੇ ਹੋਰ ਸਰਕਾਰੀ ਮਹਿਕਮਿਆਂ ਵੱਲੋਂ ਪਿਛਲੇ ਸਾਲਾਂ ਦੌਰਾਨ ਜਲੰਧਰ ਸ਼ਹਿਰ ਵਿਚ ਕਈ ਅਜਿਹੀਆਂ ਸਕੀਮਾਂ ਕੱਟੀਆਂ ਗਈਆਂ ਸਨ, ਜਿਹੜੀ ਬਿਲਡਿੰਗ ਬਾਈਲਾਜ਼ ਦੀ ਪਲਾਨਿੰਗ ਦੇ ਅਨੁਸਾਰ ਸਨ ਅਤੇ ਉਨ੍ਹਾਂ ਸਕੀਮਾਂ ਵਿਚ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਵੱਖ-ਵੱਖ ਰੱਖੇ ਗਏ ਸਨ। ਪਿਛਲੇ ਕੁਝ ਸਾਲਾਂ ਤੋਂ ਸ਼ਹਿਰ ਦਾ ਕਾਫ਼ੀ ਵਿਕਾਸ ਹੋਇਆ ਹੈ, ਜਿਸ ਕਾਰਨ ਟਰੱਸਟ ਅਤੇ ਹੋਰ ਮਹਿਕਮਿਆਂ ਵੱਲੋਂ ਕੱਟੀਆਂ ਗਈਆਂ ਪਲਾਨਿੰਗ ਵਾਲੀਆਂ ਸਕੀਮਾਂ ਵਿਚ ਵੀ ਗੜਬੜੀ ਹੋਣ ਲੱਗੀ ਹੈ। ਰਿਹਾਇਸ਼ੀ ਪਲਾਟਾਂ ਅਤੇ ਇਲਾਕਿਆਂ ਨੂੰ ਵਪਾਰਕ ਸਰਗਰਮੀਆਂ ਲਈ ਵਰਤਿਆ ਜਾਣਾ ਸ਼ੁਰੂ ਹੋ ਗਿਆ ਹੈ। ਸਭ ਤੋਂ ਜ਼ਿਆਦਾ ਗੜਬੜ ਜੇ. ਪੀ. ਨਗਰ ਅਤੇ ਆਦਰਸ਼ ਨਗਰ ਵਰਗੇ ਏਰੀਏ ਵਿਚ ਹੋਈ ਹੈ, ਜਿਥੇ ਇਨ੍ਹੀਂ ਦਿਨੀਂ ਰਿਹਾਇਸ਼ੀ ਇਲਾਕਿਆਂ ਵਿਚ ਵਪਾਰਕ ਸਰਗਰਮੀਆਂ ਨੇ ਜ਼ੋਰ ਫੜਿਆ ਹੋਇਆ ਹੈ। ਇਸ ਮਾਮਲੇ ਵਿਚ ਵੱਖ-ਵੱਖ ਸਰਕਾਰੀ ਅਧਿਕਾਰੀਆਂ ਕੋਲ ਦਰਜਨਾਂ ਸ਼ਿਕਾਇਤਾਂ ਪੈਂਡਿੰਗ ਹਨ ਪਰ ਵੋਟ ਬੈਂਕ ਕਾਰਨ ਲੋਕਾਂ ਦੇ ਪ੍ਰਤੀਨਿਧੀਆਂ ਵੱਲੋਂ ਇਨ੍ਹਾਂ ਸ਼ਿਕਾਇਤਾਂ ’ਤੇ ਕਾਰਵਾਈ ਨਹੀਂ ਹੋਣ ਦਿੱਤੀ ਜਾ ਰਹੀ।

ਹੁਣ ਅਜਿਹਾ ਹੀ ਇਕ ਮਾਮਲਾ ਪਲਾਨ ਏਰੀਆ ਆਦਰਸ਼ ਨਗਰ ਵਿਚ ਸਾਹਮਣੇ ਆ ਰਿਹਾ ਹੈ, ਜਿਥੇ ਕਾਂਟਾ-ਛੁਰੀ ਰੈਸਟੋਰੈਂਟ ਨੇੜੇ ਇਕ ਬਹੁਤ ਵੱਡਾ ਪੀ. ਜੀ. ਕੰਪਲੈਕਸ ਤਿਆਰ ਕਰਨ ਦੀ ਪਲਾਨਿੰਗ ਚੱਲ ਰਹੀ ਹੈ। ਇਸ ਯੋਜਨਾ ਦੀ ਭਿਣਕ ਆਲੇ-ਦੁਆਲੇ ਸਥਿਤ ਆਦਰਸ਼ ਨਗਰ ਨਿਵਾਸੀਆਂ ਨੂੰ ਲੱਗ ਚੁੱਕੀ ਹੈ ਅਤੇ ਉਨ੍ਹਾਂ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮਹਾਵੀਰ ਮਾਰਗ ’ਤੇ ਸਥਿਤ ਕਾਂਟਾ-ਛੁਰੀ ਰੈਸਟੋਰੈਂਟ ਨੇੜੇ ਹੀ ਇਕ ਮੱਡ ਹਾਊਸ ਵਿਚ ਅਜਿਹਾ ਨਿਰਮਾਣ ਕੀਤਾ ਜਾਣਾ ਹੈ, ਜਿਸ ਦਾ ਨਕਸ਼ਾ ਪਾਸ ਕਰਵਾਉਣ ਲਈ ਫਾਈਲ ਚੰਡੀਗੜ੍ਹ ਵਿਚ ਪੈਂਡਿੰਗ ਹੈ। ਇਸ ਮਾਮਲੇ ਵਿਚ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦਾ ਇਕ ਵੱਡਾ ਅਧਿਕਾਰੀ ਨਿੱਜੀ ਦਿਲਚਸਪੀ ਵੀ ਲੈ ਰਿਹਾ ਹੈ।

ਇਹ ਵੀ ਪੜ੍ਹੋ: ਤਿੰਨ ਖੇਤੀ ਕਾਨੂੰਨਾਂ ਨੂੰ ਬਾਰੀਕੀ ਨਾਲ ਜਾਣੋ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਲੈਣ ਦਾ ਲਿਆ ਫ਼ੈਸਲਾ

PunjabKesari

ਰਿਹਾਇਸ਼ੀ ਕਾਲੋਨੀ ਦਾ ਮਾਹੌਲ ਹੀ ਹੋ ਜਾਵੇਗਾ ਖ਼ਰਾਬ
ਵਿਰੋਧ ’ਤੇ ਉਤਰੇ ਆਦਰਸ਼ ਨਗਰ ਨਿਵਾਸੀਆਂ ਨੇ ਦੱਸਿਆ ਕਿ ਗਲੀ ਵਿਚ ਪੀ. ਜੀ. ਖੁੱਲ੍ਹ ਜਾਣ ਨਾਲ ਰਿਹਾਇਸ਼ੀ ਕਾਲੋਨੀ ਦਾ ਮਾਹੌਲ ਹੀ ਖਰਾਬ ਹੋ ਜਾਵੇਗਾ। ਵੱਡੇ ਪਲਾਟ ਵਿਚ ਦਰਜਨਾਂ ਛੋਟੇ-ਛੋਟੇ ਕਮਰੇ ਬਣਾਏ ਜਾਣਗੇ, ਜਿਨ੍ਹਾਂ ਵਿਚ 100-50 ਆਦਮੀ ਜਾਂ ਵਿਦਿਆਰਥੀ ਰਹਿਣਗੇ ਤਾਂ ਪੂਰੇ ਇਲਾਕੇ ਦੀ ਸ਼ਾਂਤੀ ਭੰਗ ਹੋਵੇਗੀ। ਇਲਾਕਾ ਨਿਵਾਸੀਆਂ ਨੇ ਤਾਂ ਇਥੋਂ ਤੱਕ ਧਮਕੀ ਦਿੱਤੀ ਕਿ ਜੇਕਰ ਰਿਹਾਇਸ਼ੀ ਪਲਾਟ ਵਿਚ ਪੀ. ਜੀ. ਦਾ ਨਕਸ਼ਾ ਪਾਸ ਕੀਤਾ ਗਿਆ ਤਾਂ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਵਿਰੁੱਧ ਧਰਨਾ ਲਾਇਆ ਜਾਵੇਗਾ।

ਪਾਰਕਿੰਗ ਸਪੇਸ ਨਾ ਹੋਣ ਅਤੇ ਗੋਦਾਮਾਂ ਨੂੰ ਲੈ ਕੇ ਪਹਿਲਾਂ ਹੀ ਚੱਲ ਰਿਹੈ ਵਿਰੋਧ
ਜ਼ਿਕਰਯੋਗ ਹੈ ਕਿ ਕਾਂਟਾ-ਛੁਰੀ ਰੈਸਟੋਰੈਂਟ ਦੇ ਪਿੱਛੇ ਆਦਰਸ਼ ਨਗਰ ਦਾ ਇਲਾਕਾ ਪੈਂਦਾ ਹੈ, ਉਥੇ ਹੀ ਕੁਝ ਜ਼ਮੀਨ ਮਿਸ਼ਨ ਕੰਪਾਊਂਡ ਦੀ ਵੀ ਹੈ, ਜਿਥੇ ਪਿਛਲੇ ਸਮੇਂ ਦੌਰਾਨ ਗੋਦਾਮ ਬਣਾਉਣ ਕਾਰਨ ਲੋਕ ਕਾਫੀ ਵਿਰੋਧ ਵਿਚ ਉਤਰ ਆਏ ਸਨ। ਇਲਾਕੇ ਵਿਚ ਸਥਿਤ ਕਾਂਟਾ-ਛੁਰੀ ਰੈਸਟੋਰੈਂਟ ਅਤੇ ਹੋਰ ਕਮਰਸ਼ੀਅਲ ਸੰਸਥਾਵਾਂ ਕੋਲ ਆਪਣੀ ਕੋਈ ਪਾਰਕਿੰਗ ਤੱਕ ਨਹੀਂ ਹੈ, ਜਿਸ ਕਾਰਨ ਵੀ ਲੋਕ ਸੜਕ ਦੇ ਵਿਚਾਲੇ ਅਤੇ ਕਾਲੋਨੀ ਦੇ ਅੰਦਰ ਆਪਣੀਆਂ ਗੱਡੀਆਂ ਪਾਰਕ ਕਰ ਦਿੰਦੇ ਹਨ, ਜਿਸ ਕਾਰਨ ਵੀ ਲੋਕ ਪ੍ਰੇਸ਼ਾਨ ਹਨ। ਇਸੇ ਪ੍ਰੇਸ਼ਾਨੀ ਦੇ ਮੱਦੇਨਜ਼ਰ ਨਿਗਮ ਨੇ ਕੁਝ ਮਹੀਨੇ ਪਹਿਲਾਂ ਮਿਸ਼ਨ ਕੰਪਾਊਂਡ ਦੀ ਇਕ ਕੋਠੀ ਵਿਚ ਬਣੀਆਂ 5-6 ਦੁਕਾਨਾਂ ਨੂੰ ਸੀਲ ਵੀ ਕੀਤਾ ਸੀ ਪਰ ਬਾਅਦ ਵਿਚ ਸਿਆਸੀ ਦਬਾਅ ਕਾਰਨ ਸੀਲ ਖੋਲ੍ਹ ਦਿੱਤੀ ਗਈ।

ਇਹ ਵੀ ਪੜ੍ਹੋ: ਦੋਆਬਾ ਹਸਪਤਾਲ ਦੀ ਵੱਡੀ ਲਾਪਰਵਾਹੀ, ਨਵਜੰਮੀ ਬੱਚੀ ਨੂੰ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਪੁੱਜੇ ਤਾਂ ਚੱਲ ਰਹੇ ਸਨ ਸਾਹ

ਨਿਊ ਗਰੀਨ ਪਾਰਕ ਦੇ ਨਿਵਾਸੀ ਵੀ ਵਿਰੋਧ ’ਚ ਉਤਰੇ, ਚਾਵਲਾ ਬ੍ਰਦਰਜ਼ ਵਿਰੁੱਧ ਦਿੱਤੀ ਸ਼ਿਕਾਇਤ
ਵਡਾਲਾ ਚੌਂਕ ਨੇੜੇ ਨੈਸ਼ਨਲ ਹਾਈਵੇਅ ’ਤੇ ਸਥਿਤ ਨਿਊ ਗਰੀਨ ਪਾਰਕ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰ ਵੀ ਰਿਹਾਇਸ਼ੀ ਇਲਾਕੇ ਵਿਚ ਵਪਾਰਕ ਸਰਗਰਮੀਆਂ ਸ਼ੁਰੂ ਹੋਣ ਦੇ ਵਿਰੋਧ ਵਿਚ ਉੱਠ ਖੜ੍ਹੇ ਹੋਏ ਹਨ। ਇਨ੍ਹਾਂ ਨਿਵਾਸੀਆਂ ਨੇ ਵੀਰਵਾਰ ਨਿਗਮ ਕਮਿਸ਼ਨਰ ਨੂੰ ਇਕ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਕਾਲੋਨੀ ਦੇ ਬਾਹਰ ਚਾਵਲਾ ਬ੍ਰਦਰਜ਼ ਵੱਲੋਂ ਪਲਾਈਵੁੱਡ, ਸ਼ੀਸ਼ੇ ਆਦਿ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਪਰ ਹੁਣ ਉਨ੍ਹਾਂ ਕਾਲੋਨੀ ਦੀ ਪਹਿਲੀ ਕੋਠੀ ਨੂੰ ਖਰੀਦ ਕੇ ਆਪਣੀਆਂ ਦੁਕਾਨਾਂ ਦੇ ਨਾਲ ਮਿਲਾ ਲਿਆ ਹੈ ਅਤੇ ਹੁਣ ਉਥੇ ਨਾਜਾਇਜ਼ ਨਿਰਮਾਣ ਕਰ ਕੇ ਬਹੁਤ ਵੱਡਾ ਗੋਦਾਮ ਬਣਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਨਾਲ ਕਾਲੋਨੀ ਦੀ ਸ਼ਾਂਤੀ ਭੰਗ ਹੋਵੇਗੀ। ਪਹਿਲਾਂ ਹੀ ਲੋਕ ਇਨ੍ਹਾਂ ਵਪਾਰਕ ਸਰਗਰਮੀਆਂ ਤੋਂ ਪ੍ਰੇਸ਼ਾਨ ਕਿਉਂਕਿ ਦੁਕਾਨਾਂ ਦੇ ਬਾਹਰ ਪਏ ਸਾਮਾਨ, ਗੱਡੀਆਂ ਆਦਿ ਦੀ ਪਾਰਕਿੰਗ ਨਾਲ ਕਾਲੋਨੀ ਨੂੰ ਜਾਣ ਵਾਲਾ ਰਸਤਾ ਬਲਾਕ ਰਹਿੰਦਾ ਹੈ। ਲੋਕਾਂ ਨੇ ਨਾਜਾਇਜ਼ ਨਿਰਮਾਣ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: CM ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ‘ਥੀਮ ਪਾਰਕ’ ਦਾ ਉਦਘਾਟਨ, ਕਿਹਾ-ਅੱਜ ਸੁਫ਼ਨਾ ਹੋਇਆ ਪੂਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News