ਐਕਸ਼ਨ ਡਰੋਂ ਜੀ. ਟੀ. ਰੋਡ 'ਤੇ ਨਹੀਂ ਲੱਗੀ ਸ਼ੂਜ਼ ਮਾਰਕੀਟ

02/01/2020 11:08:44 AM

ਜਲੰਧਰ (ਖੁਰਾਣਾ)— ਕੁਝ ਦਿਨ ਪਹਿਲਾਂ ਸ਼ਹਿਰ ਦੀ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਨੇ ਜੀ. ਟੀ. ਰੋਡ 'ਤੇ ਰੈੱਡ ਕਰਾਸ ਮਾਰਕੀਟ ਦੇ ਬਾਹਰ ਲੱਗਦੀ ਨਾਜਾਇਜ਼ ਸ਼ੂਜ਼ ਮਾਰਕੀਟ ਦੇ ਸਾਹਮਣੇ ਸਰੰਡਰ ਕਰ ਦਿੱਤਾ ਸੀ। ਹੁਣ ਉਸੇ ਟ੍ਰੈਫਿਕ ਪੁਲਸ 'ਤੇ ਉਸੇ ਨਗਰ ਨਿਗਮ ਨੇ ਬੀਤੇ ਦਿਨ ਜੁਆਇੰਟ ਆਪ੍ਰੇਸ਼ਨ ਚਲਾ ਕੇ ਇਸ ਨਾਜਾਇਜ਼ ਸ਼ੂਜ਼ ਮਾਰਕੀਟ 'ਤੇ ਕਾਰਵਾਈ ਕਰਨ ਦਾ ਪਲਾਨ ਬਣਾਇਆ ਪਰ ਇਸ ਪਲਾਨ ਦੀ ਸੂਚਨਾ ਤਹਿਬਾਜ਼ਾਰੀ ਵਿਭਾਗ ਦੇ ਇਕ ਕਰਮਚਾਰੀ ਨੇ ਸ਼ੂਜ਼ ਮਾਰਕੀਟ ਦੇ ਸੰਚਾਲਕਾਂ ਨੂੰ ਦੇ ਦਿੱਤੀ। ਸੰਭਾਵਿਤ ਐਕਸ਼ਨ ਦੇ ਡਰ ਨਾਲ ਸ਼ੂਜ਼ ਮਾਰਕੀਟ ਦੇ ਦੁਕਾਨਦਾਰ ਚੌਕੰਨੇ ਹੋ ਗਏ ਅਤੇ ਉਨ੍ਹਾਂ ਡਰ ਦੇ ਮਾਰੇ ਮਾਰਕੀਟ ਹੀ ਨਹੀਂ ਲਗਾਈ।

ਇਸ ਦੌਰਾਨ ਟ੍ਰੈਫਿਕ ਪੁਲਸ ਦੇ ਦਰਜਨਾਂ ਜਵਾਨਾਂ ਨੇ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਸ਼ਰਮਾ ਅਤੇ ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਭੱਲਾ ਦੀ ਅਗਵਾਈ ਵਿਚ ਜੀ. ਟੀ. ਰੋਡ ਦੇ ਅਸਥਾਈ ਕਬਜ਼ਿਆਂ 'ਤੇ ਐਕਸ਼ਨ ਕੀਤਾ, ਜਿਸ ਦੌਰਾਨ ਪੁਲਸ ਡਿਵੀਜ਼ਨ ਨੰ. 4 ਦੇ ਐੱਸ. ਐੱਚ. ਓ. ਵੀ ਮੌਜੂਦ ਸਨ। ਟ੍ਰੈਫਿਕ ਪੁਲਸ ਨੇ ਨਿਗਮ ਦੇ ਤਹਿਬਾਜ਼ਾਰੀ ਕਰਮਚਾਰੀਆਂ ਨੂੰ ਨਾਲ ਲੈ ਕੇ ਜੀ. ਟੀ. ਰੋਡ 'ਤੇ ਖੜ੍ਹੇ ਵਾਹਨਾਂ ਦੇ ਚਲਾਨ ਕੱਟੇ ਅਤੇ ਕਈ ਕਬਜ਼ਿਆਂ ਨੂੰ ਹਟਾਇਆ। ਇਸ ਟੀਮ ਨੇ ਨਕੋਦਰ ਰੋਡ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਵੀ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ। ਤਹਿਬਾਜਾਰੀ ਦੀ ਟੀਮ ਨੇ ਸੜਕਾਂ 'ਤੇ ਰੱਖਿਆ ਦੁਕਾਨਦਾਰਾਂ ਦਾ ਕਾਫੀ ਸਾਮਾਨ ਵੀ ਜ਼ਬਤ ਕੀਤਾ।

ਹੁਣ ਕਬਜ਼ੇ ਕੀਤੇ ਤਾਂ ਕੇਸ ਦਰਜ ਹੋਵੇਗਾ, ਟ੍ਰੈਫਿਕ ਪੁਲਸ ਨੇ ਦਿੱਤੀ ਵਾਰਨਿੰਗ
ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਬੀਤੇ ਦਿਨ ਜੀ. ਟੀ. ਰੋਡ 'ਤੇ ਕਾਰਵਾਈ ਦੌਰਾਨ ਸ਼ੂਜ਼ ਮਾਰਕੀਟ ਦੇ ਸੰਚਾਲਕਾਂ ਤੇ ਹੋਰ ਕਬਜ਼ਾਧਾਰੀਆਂ ਨੂੰ ਸਾਫ ਵਾਰਨਿੰਗ ਦਿੱਤੀ ਕਿ ਹੁਣ ਜੇਕਰ ਉਨ੍ਹਾਂ ਸੜਕਾਂ ਦੇ ਕਿਨਾਰੇ ਸ਼ੂਜ਼ ਮਾਰਕੀਟ, ਫੜ੍ਹੀਆਂ ਲਾਈਆਂ ਅਤੇ ਹੋਰ ਕਿਸਮ ਦੇ ਕਬਜ਼ੇ ਕੀਤੇ ਤਾਂ ਉਨ੍ਹਾਂ 'ਤੇ ਧਾਰਾ 283 ਦੇ ਤਹਿਤ ਤੁਰੰਤ ਕੇਸ ਦਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੇਅਰ ਜਗਦੀਸ਼ ਰਾਜਾ ਨੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਦੁਕਾਨਦਾਰ ਸੜਕ 'ਤੇ ਕਬਜ਼ਾ ਕਰਦਾ ਹੈ ਤਾਂ ਉਸ 'ਤੇ ਕੇਸ ਦਰਜ ਕਰਵਾਇਆ ਜਾਵੇ।

ਹੁਣ ਸੰਡੇ ਮਾਰਕੀਟ 'ਤੇ ਐਕਸ਼ਨ ਸਵੇਰੇ 8 ਵਜੇ ਹੋਵੇਗਾ
ਮੇਅਰ ਜਗਦੀਸ਼ ਰਾਜਾ ਦੀ ਅਗਵਾਈ 'ਚ ਬੀਤੇ ਦਿਨੀਂ ਨਗਰ ਨਿਗਮ ਅਤੇ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ 'ਚ ਭਗਵਾਨ ਵਾਲਮੀਕਿ ਚੌਕ ਦੇ ਕੋਲ, ਉਥੋਂ ਨਕੋਦਰ ਚੌਕ, ਫਿਸ਼ ਮਾਰਕੀਟ ਅਤੇ ਨਹਿਰੂ ਗਾਰਡਨ ਵਲ ਜਾਣ ਵਾਲੀਆਂ ਸੜਕਾਂ 'ਤੇ ਲੱਗਣ ਵਾਲੀ ਸੰਡੇ ਮਾਰਕੀਟ ਨੂੰ ਸਖ਼ਤੀ ਨਾਲ ਰੋਕਣ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਅਨੁਸਾਰ ਜੁਆਇੰਟ ਐਕਸ਼ਨ ਦੌਰਾਨ ਡਿਊਟੀ ਮੈਜਿਸਟ੍ਰੇਟ ਤਾਇਨਾਤ ਰਹੇਗਾ ਅਤੇ ਨਿਗਮ ਦੇ ਦੋਵੇਂ ਜੁਆਇੰਟ ਕਮਿਸ਼ਨਰ ਰਾਜੀਵ ਵਰਮਾ ਅਤੇ ਹਰਚਰਨ ਸਿੰਘ ਨੋਡਲ ਅਫਸਰ ਹੋਣਗੇ। ਐਕਸ਼ਨ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ਅਤੇ ਉਸ ਦੀ ਪੂਰੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾਵੇਗੀ। ਵਿਵਾਦ ਜਾਂ ਵਿਰੋਧ ਕਰਨ ਵਾਲਿਆਂ 'ਤੇ ਪੁਲਸ ਕੇਸ ਦਰਜ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।


shivani attri

Content Editor

Related News