ਇਮਾਮ ਨਾਸਿਰ ’ਚ ਹੋਣ ਲੱਗਾ ਨਾਜਾਇਜ਼ ਪਟਾਕਾ ਸਟਾਕ

09/20/2018 6:20:15 AM

ਜਲੰਧਰ,   (ਰਵਿੰਦਰ) -  ਰੱਖੜੀ ਦੇ ਨਾਲ ਹੀ ਪੂਰੇ ਸੂਬੇ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਦੀਵਾਲੀ ਦੀ ਤਿਆਰੀ। ਦੀਵਾਲੀ ਦੀ ਦਸਤਕ ਦੇ ਨਾਲ ਹੀ ਹਰ ਵਾਰ ਮਹਾਨਗਰ ਬਾਰੂਦ ਦੇ ਢੇਰ ’ਤੇ ਬੈਠ ਜਾਂਦਾ ਹੈ। ਪੁਲਸ ਦੀਅਾਂ ਅੱਖਾਂ ਵਿਚ ਘੱਟਾ ਪਾ ਕੇ ਇਮਾਨ ਨਾਸਿਰ ਤੇ ਅਟਾਰੀ  ਬਾਜ਼ਾਰ ਇਕ  ਵਾਰ ਫਿਰ ਤੋਂ ਬਾਰੂਦ ਦੇ ਢੇਰ ’ਤੇ ਹਨ। ਦੋਵਾਂ ਇਲਾਕਿਅਾਂ ਵਿਚ  ਸ਼ਰੇਆਮ ਗੈਰਕਾਨੂੰਨੀ ਪਟਾਕਾ ਸਟਾਕ ਕੀਤਾ ਜਾ  ਰਿਹਾ ਹੈ। ਇਨ੍ਹਾਂ ਇਲਾਕਿਅਾਂ ਵਿਚ ਚਾਈਨਾ ਦਾ ਬੈਨ ਪਟਾਕਾ ਸਟਾਕ ਕੀਤਾ ਜਾ ਰਿਹਾ ਹੈ।
ਪਿਛਲੇ ਸਾਲ ਹਾਈਕੋਰਟ ਨੇ ਸਾਫ ਦਿਸ਼ਾ ਨਿਰਦੇਸ਼ ਦਿੱਤੇ ਸਨ ਕਿ ਸ਼ਹਿਰ ਵਿਚ ਸੰਘਣੀ ਆਬਾਦੀ ਵਾਲੇ ਇਲਾਕਿਅਾਂ ਤੇ ਅੰਦਰੂਨੀ ਬਾਜ਼ਾਰਾਂ ਵਿਚ  ਕਿਸੇ ਤਰ੍ਹਾਂ ਦਾ ਪਟਾਕਾ ਸਟਾਕ ਨਹੀਂ ਕੀਤਾ ਜਾ ਸਕਦਾ। ਇਸ ਲਈ  ਸ਼ਹਿਰੀ ਇਲਾਕੇ ਤੇ ਕਾਲੋਨੀਅਾਂ  ਤੋਂ ਦੂਰ ਪਟਾਕਿਅਾਂ ਦਾ ਗੋਦਾਮ ਵਿਚ ਭੰਡਾਰਨ ਕੀਤਾ ਜਾ ਸਕਦਾ ਹੈ। ਨਾਲ ਹੀ ਜਿਨ੍ਹਾਂ ਦੇ ਕੋਲ ਐਕਸਪਲੂਸਿਵ ਲਾਇਸੈਂਸ ਹਨ, ਉਹ ਹੀ ਪਟਾਕੇ ਵੇਚ ਸਕਦੇ ਹਨ। ਇਮਾਮ ਨਾਸਿਰ ਤੇ ਅਟਾਰੀ ਬਾਜਾ਼ਰ ਵਿਚ ਹੁਣੇ ਤੋਂ ਰੋਜ਼ਾਨਾ ਪਟਾਕਿਅਾਂ ਦਾ ਗੈਰਕਾਨੂੰਨੀ ਭੰਡਾਰਨ ਪੁਲਸ ਦੀ ਨੱਕ ਹੇਠ  ਕੀਤਾ ਜਾ ਰਿਹਾ ਹੈ ਪਰ ਪੁਲਸ ਦੀ ਨੀਂਦ ਉਸ ਵੇਲੇ ਖੁੱਲ੍ਹਦੀ ਹੈ ਜਦੋਂ ਸ਼ਹਿਰ ਵਿਚ ਕੋਈ ਵੱਡਾ ਹਾਦਸਾ  ਹੁੰਦਾ ਹੈ।
ਅਜੇ ਪਿਛਲੇ ਸਾਲ ਹੀ ਸੈਂਟਰਲ ਟਾਊਨ ਵਿਚ ਗੈਰਕਾਨੂੰਨੀ ਢੰਗ ਨਾਲ ਸਟਾਕ ਕੀਤੇ ਪਟਾਕਿਅਾਂ ਦੇ ਭੰਡਾਰ ਵਿਚ ਧਮਾਕਾ ਹੋਇਆ ਸੀ। ਇਸ ਹਾਦਸੇ ਨੇ ਸ਼ਹਿਰ ਨੂੰ ਦਹਿਲਾ ਦਿੱਤਾ ਸੀ। ਕੁਝ ਦਿਨਾਂ ਲਈ  ਪੁਲਸ ਜਾਗੀ ਤੇ ਗੈਰਕਾਨੂੰਨੀ ਢੰਗ ਨਾਲ ਪਟਾਕੇ ਸਟਾਕ ਕਰਨ ਵਾਲਿਅਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਪਰ ਕੁਝ ਦਿਨਾਂ ਦੀ ਸਖਤੀ ਤੋਂ ਬਾਅਦ ਪੁਲਸ ਫਿਰ ਗੂੜ੍ਹੀ ਨੀਂਦ ਸੌਂ ਗਈ। ਸ਼ਰੇਆਮ ਰੋਜ਼ਾਨਾ ਇਮਾਮ ਨਾਸਿਰ, ਸ਼ੇਖਾਂ ਬਾਜਾ਼ਰ ਤੇ ਅਟਾਰੀ ਬਾਜ਼ਾਰ ਵਿਚ ਗੈਰਕਾਨੂੰਨੀ ਢੰਗ ਨਾਲ ਪਟਾਕਾ ਸਟਾਕ ਕੀਤਾ ਜਾ ਰਿਹਾ ਹੈ ਅਤੇ ਐਕਸਪਲੂਸਿਵ ਐਕਟ ਦੀਅਾਂ ਧੱਜੀਅਾਂ ਉਡਾਈਅਾਂ ਜਾ ਰਹੀਅਾਂ ਹਨ। ਸ਼ਾਇਦ ਪੁਲਸ  ਪ੍ਰਸ਼ਾਸਨ ਨੂੰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ। ਅਟਾਰੀ ਬਾਜ਼ਾਰ ਵਿਚ ਤਾਂ ਅਜਿਹੀਅਾਂ ਥਾਵਾਂ ’ਤੇ ਪਟਾਕਾ ਸਟਾਕ ਕੀਤਾ ਜਾ ਰਿਹਾ ਹੈ ਜਿੱਥੇ 2-2 ਫੁੱਟ ਚੌੜੀਅਾਂ ਗਲੀਅਾਂ ਹਨ ਤੇ ਉਥੋਂ ਸਕੂਟਰ ਤੱਕ ਕੱਢਣਾ ਮੁਸ਼ਕਲ ਹੈ। ਰੱਬ ਨਾ ਕਰੇ ਜੇਕਰ ਉਥੇ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਇਸਨੂੰ ਸੰਭਾਲਣਾ ਮੁਸ਼ਕਲ ਹੋਵੇਗਾ।
ਲਾਇਸੈਂਸ ਹੋਲਡਰ ਸਿਰਫ 5, ਉਥੋਂ  ਹੀ  ਹੋ ਰਹੀ ਸਪਲਾਈ
ਜਲੰਧਰ ਵਿਚ ਸਿਰਫ 5 ਲਾਇਸੈਂਸ ਹੋਲਡਰ ਹਨ। ਜਿਨ੍ਹਾਂ ਕੋਲ ਐਕਸਪਲੂਸਿਵ ਲਾਇਸੈਂਸ ਹਨ। ਇਸਤੋਂ  ਇਲਾਵਾ ਸ਼ਹਿਰ ਵਿਚ ਕੋਈ ਵੀ ਪਟਾਕਾ  ਸਟੋਰ ਨਹੀਂ ਕਰ ਸਕਦਾ ਤੇ ਨਾ ਹੀ ਵੇਚ ਸਕਦਾ ਹੈ। ਰੈਣਕ ਬਾਜ਼ਾਰ ਤੇ ਸ਼ੇਖਾਂ ਬਾਜ਼ਾਰ ਵਿਚ ਸ਼ਰੇਆਮ ਰੋਜ਼ ਗੈਰਕਾਨੂੰਨੀ ਢੰਗ ਨਾਲ ਪਟਾਕੇ ਵੇਚੇ ਜਾ ਰਹੇ ਹਨ ਤੇ ਇਹ  ਲਾਇਸੈਂਸ ਹੋਲਡਰ ਹੀ ਇਨ੍ਹਾਂ ਨੂੰ ਪਟਾਕੇ ਵੇਚ ਰਹੇ ਹਨ। 

ਐਕਸਪਲੂਸਿਵ ਐਕਟ ਪੁਲਸ ਲਾਉਂਦੀ ਹੀ ਨਹੀਂ
ਪੁਲਸ ਨਾਜਾਇਜ਼ ਤੌਰ ’ਤੇ ਪਟਾਕਾ ਸਟੋਰ ਕਰਨ ਵਾਲਿਅਾਂ ਦੇ ਖਿਲਾਫ ਕਦੀ ਸਖਤੀ ਨਾਲ ਕਾਰਵਾਈ ਕਰਦੀ ਹੀ ਨਹੀਂ। ਪਟਾਕਿਅਾਂ ਨੂੰ ਜ਼ਬਤ ਕਰ ਕੇ ਐਕਸਪਲੂਸਿਵ ਐਕਟ ਨਹੀਂ ਲਾਇਆ ਜਾਂਦਾ। ਜਿਸ ਕਾਰਨ ਆਸਾਨੀ ਨਾਲ ਮੁਲਜ਼ਮ ਨੂੰ ਜ਼ਮਾਨਤ ਮਿਲ ਜਾਂਦੀ ਹੈ। 

ਪਤੰਗਾਂ ਦੀ ਆੜ ’ਚ ਚੱਲ ਰਿਹਾ ਧੰਦਾ
ਇਮਾਮ ਨਾਸਿਰ , ਸ਼ੇਖਾਂ ਬਾਜਾ਼ਰ ਤੇ ਅਟਾਰੀ  ਬਾਜ਼ਾਰ ਵਿਚ ਜ਼ਿਆਦਾਤਰ ਪਟਾਕਿਅਾਂ ਦੀਅਾਂ ਦੁਕਾਨਾਂ ਪਤੰਗਾਂ ਦੀ ਆੜ ਵਿਚ ਚੱਲ ਰਹੀਅਾਂ ਹਨ। ਪਤੰਗਾਂ ਦਾ ਕੰਮ ਕਰਨ ਵਾਲੇ ਹੀ ਨਾਜਾਇਜ਼ ਤੌਰ ’ਤੇ ਪਟਾਕੇ ਵੇਚ ਰਹੇ ਹਨ। ਇਨ੍ਹਾਂ ਵਿਚੋਂ ਕਈਅਾਂ ਦੇ ਖਿਲਾਫ ਤਾਂ ਚਾਈਨਾ ਡੋਰ ਸਟੋਰ ਕਰਨ ਦਾ ਕੇਸ ਵੀ ਦਰਜ ਹੋ ਚੁੱਕਾ ਹੈ। ਬਾਵਜੂਦ ਇਸਦੇ ਹੁਣ ਉਹ ਚਾਈਨਾ ਦਾ ਬੈਨ ਪਟਾਕਾ ਵੇਚ ਰਹੇ ਹਨ। 
 


Related News