ਪਿੰਡ ਧਨਾਲ ਖੁਰਦ ਦੀ ਪੰਚਾਇਤ ਨੇ ਦਿੱਤੀ ਅਸਤੀਫ਼ੇ ਦੀ ਧਮਕੀ

09/17/2020 6:47:10 PM

ਜਲੰਧਰ— ਜਲੰਧਰ ਪੂਰਵੀ ਬਲਾਕ ਦੇ ਪਿੰਡ ਧਨਾਲ ਖੁਰਦ ਦੀ ਪੰਚਾਇਤ ਨੇ ਪਿੰਡ 'ਚ ਨਾਜਾਇਜ਼ ਕਬਜ਼ੇ ਨੂੰ ਹਟਾਉਣ 'ਚ ਬੀ. ਡੀ. ਪੀ. ਓ. ਮਹੇਸ਼ ਕੁਮਾਰ ਵੱਲੋਂ ਸਹਿਯੋਗ ਨਾ ਦਿੱਤੇ ਜਾਣ 'ਤੇ ਪੂਰੀ ਪੰਚਾਇਤ ਦੇ ਅਸਤੀਫ਼ੇ ਦੀ ਧਮਕੀ ਦਿੱਤੀ ਹੈ। ਪਿੰਡ ਦੀ ਸਰਪੰਚ ਊਸ਼ਾ ਰਾਣੀ ਨੇ ਡਿਪਟੀ ਕਮਿਸ਼ਨਰ ਨੂੰ ਲਿਖੇ ਗਏ ਪੱਤਰ 'ਚ ਦੋਸ਼ ਲਗਾਇਆ ਹੈ ਕਿ ਮਹੇਸ਼ ਕੁਮਾਰ ਪੰਚਾਇਤ ਨੂੰ ਪੰਚਾਇਤੀ ਰਾਜ ਐਕਟ 1994 ਦੀ ਧਾਰਾ 34 ਅਧੀਨ ਮਿਲੇ ਅਧਿਕਾਰਾਂ ਨੂੰ ਲਾਗੂ ਕਰਵਾਉਣ 'ਚ ਕੋਈ ਮਦਦ ਨਹੀਂ ਕਰ ਰਹੇ।

ਦਰਅਸਲ ਸਾਰਾ ਮਾਮਲਾ ਪਿੰਡ ਦੇ ਵਿਅਕਤੀ ਰਾਮ ਲਾਲ ਵੱਲੋਂ ਗਲੀ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਦਾ ਹੈ। ਪਿੰਡ ਦੀ ਪੰਚਾਇਤ ਨੇ ਇਸ ਕਬਜ਼ੇ ਨੂੰ ਹਟਾਉਣ ਲਈ 29 ਜੂਨ ਨੂੰ ਮਤਾ ਪੇਸ਼ ਕੀਤਾ ਸੀ। ਮਤੇ 'ਚ ਕਿਹਾ ਗਿਆ ਸੀ ਕਿ ਪੰਚ ਪ੍ਰੇਮ ਪਾਲ ਨੇ 17 ਜੂਨ ਨੂੰ ਲਿਖਤੀ ਰੂਪ 'ਚ ਪੰਚਾਇਤ ਨੂੰ ਇਸ ਕਬਜ਼ੇ ਦੀ ਸ਼ਿਕਾਇਤ ਦਿੱਤੀ ਸੀ ਕਿਉਂਕਿ ਇਹ ਕਬਜ਼ਾ ਪ੍ਰੇਮ ਪਾਲ ਦੇ ਘਰ ਦੇ ਬਿਲਕੁਲ ਨਾਲ ਕੀਤਾ ਗਿਆ ਸੀ।

PunjabKesari

19 ਜੂਨ ਨੂੰ ਦੋਹਾਂ ਧਿਰਾਂ ਨੂੰ ਬੁਲਾ ਕੇ ਪੰਚਾਇਤ ਨੇ ਪੱਖ ਸੁਣਿਆ। ਇਸ ਦੌਰਾਨ ਰਾਮ ਲਾਲ ਨੇ ਕਿਹਾ ਸੀ ਕਿ ਉਸ ਨੇ ਕਬਜ਼ੇ ਵਾਲੀ ਥਾਂ 'ਤੇ ਬਿਲਡਿੰਗ ਮਟੀਰੀਅਲ ਰੱਖਿਆ ਹੋਇਆ ਹੈ ਅਤੇ ਨਿਰਮਾਣ ਦਾ ਕੰਮ ਖਤਮ ਹੋਣ ਤੋਂ ਬਾਅਦ ਉਹ ਬਿਲਡਿੰਗ ਮਟੀਰੀਅਲ ਹਟਾ ਲਵੇਗਾ ਪਰ ਹੁਣ ਉਹ ਉਸ ਨੂੰ ਹਟਾਉਣ ਤੋਂ ਇਨਕਾਰ ਕਰ ਰਿਹਾ ਹੈ। 20 ਜੁਲਾਈ ਨੂੰ ਪਿੰਡ ਦੀ ਪੰਚਾਇਤ ਨੇ ਇਹ ਕਬਜ਼ਾ ਹਟਾਉਣ ਲਈ ਮਤਾ ਪਾਸ ਕੀਤਾ ਅਤੇ ਬੀ. ਡੀ. ਪੀ. ਓ. ਜਲੰਧਰ ਪੂਰਵੀ ਨੂੰ ਪੰਚਾਇਤ ਦੀ ਸਿਫਾਰਿਸ਼ ਤੋਂ ਜਾਣੂ ਕਰਵਾਇਆ ਅਤੇ ਕਬਜ਼ੇ ਨੂੰ ਹਟਾਉਣ ਲਈ ਪੁਲਸ ਸੁਰੱਖਿਆ ਦੀ ਮੰਗ ਕੀਤੀ ਪਰ ਅਜੇ ਤੱਕ ਇਸ ਮਾਮਲੇ 'ਤੇ ਕਾਰਵਾਈ ਨਹੀਂ ਹੋਈ ਹੈ। 

ਸਰਪੰਚ ਊਸ਼ਾ ਰਾਣੀ ਨੇ ਦੋਸ਼ ਲਾਇਆ ਹੈ ਕਿ ਬੀ. ਡੀ. ਪੀ. ਓ. ਕਬਜ਼ਾ ਕਰਨ ਵਾਲੀ ਧਿਰ ਨਾਲ ਮਿਲੇ ਹੋਏ ਹਨ ਅਤੇ ਪੰਚਾਇਤ ਨੇ ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਨੂੰ ਦਖ਼ਲ ਦੇਣ ਦੀ ਮੰਗ ਕਰਦੇ ਬੀ. ਡੀ. ਪੀ. ਓ. ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਇਸ ਮਾਮਲੇ 'ਚ 'ਜਗ ਬਾਣੀ' ਵੱਲੋਂ ਬੀ. ਡੀ. ਪੀ. ਓ. ਮਹੇਸ਼ ਕੁਮਾਰ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਅਤੇ ਨਾ ਹੀ ਉਨ੍ਹਾਂ ਨੇ ਇਸ ਸਬੰਧੀ ਮੋਬਾਇਲ 'ਤੇ ਭੇਜੇ ਗਏ ਸੰਦੇਸ਼ ਦਾ ਕੋਈ ਜਵਾਬ ਦਿੱਤਾ ਹੈ।


shivani attri

Content Editor

Related News