ਪਲਾਜ਼ਾ ਚੌਕ, ਰੈੱਡ ਕਰਾਸ ਮਾਰਕੀਟ ਦੇ ਬਾਹਰ ਤੋਂ ਲੈ ਕੇ ਨਕੋਦਰ ਚੌਕ ਤੱਕ ਸੜਕਾਂ ਤੋਂ ਕਬਜ਼ੇ ਹਟਾਏ

01/09/2020 11:23:53 AM

ਜਲੰਧਰ (ਵਰੁਣ)— ਲਗਾਤਾਰ ਦੂਜੇ ਦਿਨ ਵੀ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਸੜਕਾਂ ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ ਰਹੀ। ਇਸ ਮੁਹਿੰਮ ਤੋਂ ਬਾਅਦ ਜਿਸ ਰੋਡ ਤੋਂ ਕਦੇ ਟ੍ਰੈਫਿਕ ਜਾਮ ਨਹੀਂ ਹਟਦਾ ਸੀ ਉਹ ਰੋਡ ਬਿਲਕੁਲ ਕਲੀਅਰ ਨਜ਼ਰ ਆਈ। ਦੂਜੇ ਦਿਨ ਵੀ ਸ਼੍ਰੀ ਰਾਮ ਚੌਕ, ਪਲਾਜ਼ਾ ਚੌਕ, ਰੈੱਡ ਕਰਾਸ ਮਾਰਕੀਟ, ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਨਕੋਦਰ ਚੌਕ ਤੱਕ ਸੜਕਾਂ ਤੋਂ ਕਬਜ਼ੇ ਹਟਾਏ ਗਏ। ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ, ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ, ਟ੍ਰੈਫਿਕ ਪੁਲਸ ਦੀਆਂ ਟੀਮਾਂ, ਥਾਣਿਆਂ ਦੀ ਫੋਰਸ ਸਣੇ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀਆਂ ਟੀਮਾਂ ਨੇ ਪਲਾਜ਼ਾ ਚੌਕ ਦੇ ਆਲੇ-ਦੁਆਲੇ ਚਿਤਾਵਨੀ ਦੇ ਬਾਵਜੂਦ ਫੁੱਟਪਾਥ 'ਤੇ ਕਾਊਂਟਰ ਲਾ ਕੇ ਨੋਟਾਂ ਦੇ ਹਾਰ ਵੇਚ ਰਹੇ ਲੋਕਾਂ ਦੇ ਕਾਊਂਟਰ ਜ਼ਬਤ ਕੀਤੇ। ਰੈੱਡ ਕਰਾਸ ਮਾਰਕੀਟ ਦੇ ਬਾਹਰ ਰੋਡ 'ਤੇ ਫੜ੍ਹੀਆਂ ਤਾਂ ਨਹੀਂ ਲੱਗੀਆਂ ਸਨ ਪਰ ਉਥੇ ਪਏ ਖਾਲੀ ਟੇਬਲਾਂ ਨੂੰ ਨਿਗਮ ਦੀ ਟੀਮ ਨੇ ਨਹੀਂ ਛੱਡਿਆ ਅਤੇ ਉਨ੍ਹਾਂ ਨੂੰ ਵੀ ਜ਼ਬਤ ਕਰ ਲਿਆ। ਇਸ ਤੋਂ ਇਲਾਵਾ ਨਕੋਦਰ ਚੌਕ ਤੱਕ ਸੜਕਾਂ ਅਤੇ ਫੁੱਟਪਾਥ ਨੂੰ ਕਲੀਅਰ ਕਰਵਾਇਆ ਗਿਆ। 

PunjabKesari

ਡੀ. ਸੀ. ਪੀ. ਅਤੇ ਏ. ਡੀ. ਸੀ. ਪੀ. ਟ੍ਰੈਫਿਕ ਨੇ ਕਬਜ਼ੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਕਤ ਰੋਡ 'ਤੇ ਦੋਬਾਰਾ ਕਬਜ਼ੇ ਹੋਏ ਤਾਂ ਕਬਜ਼ਾ ਕਰਨ ਵਾਲਿਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਦੂਜੇ ਦਿਨ ਹੋਈ ਇਸ ਕਾਰਵਾਈ ਤੋਂ ਬਾਅਦ ਸ਼੍ਰੀ ਰਾਮ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤੱਕ ਜਿਥੇ ਜਾਮ ਹੀ ਨਹੀਂ ਹਟਦਾ ਸੀ ਉਹ ਰੋਡ ਅੱਜ ਬਿਲਕੁਲ ਕਲੀਅਰ ਸੀ। ਰੋਡ 'ਤੇ ਨਾਰਮਲ ਢੰਗ ਨਾਲ ਟ੍ਰੈਫਿਕ ਚੱਲ ਰਿਹਾ ਸੀ ਅਤੇ ਜਾਮ ਨਹੀਂ ਲੱਗਾ। ਜਿੱਥੇ ਰੇਹੜੀ ਵਾਲਿਆਂ ਨੇ ਕਬਜ਼ੇ ਕੀਤੇ ਹੋਏ ਸਨ ਉਸ ਯੈਲੋ ਲਾਈਨ ਦੇ ਅੰਦਰ ਗੱਡੀਆਂ ਪਾਰਕ ਕੀਤੀਆਂ ਗਈਆਂ ਸਨ ਜਿਸ ਕਾਰਣ ਰੋਡ ਕਾਫੀ ਚੌੜੀ ਲੱਗ ਰਹੀ ਸੀ। ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼੍ਰੀ ਰਾਮ ਚੌਕ ਤੋਂ ਲੈ ਕੇ ਨਕੋਦਰ ਚੌਕ ਰੋਡ ਤੱਕ ਨਜ਼ਰ ਰੱਖੀ ਜਾਵੇਗੀ। ਜੇਕਰ ਕਿਸੇ ਨੇ ਕਬਜ਼ੇ ਕੀਤੇ ਤਾਂ ਕਾਨੂੰਨੀ ਕਾਰਵਾਈ ਤੈਅ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕ ਜਾਂ ਫਿਰ ਫੁੱਟਪਾਥ 'ਤੇ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਨਾ ਕਰਨ।

PunjabKesari

ਪੂਰੇ ਸ਼ਹਿਰ 'ਚ ਚੱਲੇਗੀ ਕਬਜ਼ਾ ਹਟਾਉਣ ਦੀ ਮੁਹਿੰਮ
ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਦੱਸਿਆ ਕਿ ਇਸ ਪੁਆਇੰਟ ਨੂੰ ਕਬਜ਼ਾ ਮੁਕਤ ਕਰਵਾਉਣ ਤੋਂ ਬਾਅਦ ਸ਼ਹਿਰ ਦੇ ਹੋਰ ਪੁਆਇੰਟਾਂ ਤੋਂ ਵੀ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਕਬਜ਼ਿਆਂ ਕਾਰਣ ਸੜਕ ਦੀ ਚੌੜਾਈ ਘੱਟ ਹੋ ਜਾਂਦੀ ਹੈ ਜਿਸ ਕਾਰਣ ਟ੍ਰੈਫਿਕ ਜਾਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਖੁਦ ਹੀ ਆਪਣੀਆਂ ਦੁਕਾਨਾਂ ਦਾ ਸਾਮਾਨ ਅੰਦਰ ਕਰ ਲੈਣ ਅਤੇ ਕਬਜ਼ੇ ਨਾ ਕਰਨ। ਏ. ਡੀ. ਸੀ. ਪੀ. ਨੇ ਕਿਹਾ ਕਿ ਜੋ ਵੀ ਸਾਮਾਨ ਸੜਕ ਜਾਂ ਫੁੱਟਪਾਥ 'ਤੇ ਪਿਆ ਮਿਲਿਆ ਉਸ ਨੂੰ ਜ਼ਬਤ ਕਰ ਿਲਆ ਜਾਵੇਗਾ ਅਤੇ ਵਾਰ-ਵਾਰ ਕਬਜ਼ੇ ਕਰਨ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਹੋਵੇਗੀ।


shivani attri

Content Editor

Related News