ਚੂਰਾ-ਪੋਸਤ ਦੀ ਸਮੱਗਲਿੰਗ ਤੇ ਨਾਜਾਇਜ਼ ਮਾਈਨਿੰਗ ਮਾਮਲਿਆਂ ਦਾ ਦੋਸ਼ੀ ਗ੍ਰਿਫਤਾਰ

03/17/2020 12:07:34 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਦਰ ਪੁਲਸ ਦੀ ਟੀਮ ਨੇ ਨਾਕਾਬੰਦੀ ਦੌਰਾਨ ਜਿੱਥੇ ਚੂਰਾ-ਪੋਸਤ ਸਮੇਤ ਇਕ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਉੱਥੇ ਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਵੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ 'ਚ ਤਾਇਨਾਤ ਐੱਸ. ਐੱਚ. ਓ. ਸਬ-ਇੰਸਪੈਕਟਰ ਗਗਨਦੀਪ ਸਿੰਘ ਸੇਖਾਂ ਨੇ ਮੀਡੀਆ ਨੂੰ ਦੱਸਿਆ ਕਿ ਊਨਾ ਰੋਡ 'ਤੇ ਅਲਾਹਾਬਾਦ ਟੀ-ਪੁਆਇੰਟ 'ਤੇ ਪੁਲਸ ਨੇ ਨਾਕਾਬੰਦੀ ਕਰ ਰੱਖੀ ਸੀ। ਇਸ ਦੌਰਾਨ ਸ਼ੱਕੀ ਹਾਲਾਤ ਵਿਚ ਬੱਸ ਤੋਂ ਉਤਰਦੇ ਵੇਖ ਮੌਕੇ 'ਤੇ ਮੌਜੂਦ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਜਦੋਂ ਇਕ ਵਿਅਕਤੀ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਸ ਕੋਲ ਫੜੀ ਬੋਰੀ 'ਚੋਂ 10 ਕਿਲੋਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ।

ਦੋਸ਼ੀ ਦੀ ਪਛਾਣ ਜਸਵਿੰਦਰ ਕੁਮਾਰ ਨਿਵਾਸੀ ਪੁਰਹੀਰਾਂ ਵਜੋਂ ਹੋਈ। ਪੁਲਸ ਨੇ ਦੋਸ਼ੀ ਜਸਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਜਸਵਿੰਦਰ ਕੁਮਾਰ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ ਭੇਜ ਦਿੱਤਾ ਹੈ।

ਐੱਸ. ਐੱਚ. ਓ. ਗਗਨਦੀਪ ਸਿੰਘ ਸੇਖਾਂ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਏ. ਐੱਸ. ਆਈ. ਰਾਜ ਕੁਮਾਰ ਨੇ ਜਦੋਂ ਟਰੈਕਟਰ-ਟਰਾਲੀ ਚਾਲਕ ਕੋਲੋਂ ਕਾਗਜ਼ਾਤ ਮੰਗੇ ਤਾਂ ਦੋਸ਼ੀ ਕਾਗਜ਼ਾਤ ਦਿਖਾ ਨਾ ਸਕਿਆ। ਪੁਲਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਸੰਜੈ ਕੁਮਾਰ ਨਿਵਾਸੀ ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਜੋਂ ਹੋਈ ਹੈ।

shivani attri

This news is Content Editor shivani attri