ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜੇ. ਸੀ. ਬੀ. ਚਾਲਕ ਅਤੇ ਜ਼ਮੀਨ ਮਾਲਕਾਂ ਖਿਲਾਫ਼ ਮਾਮਲਾ ਦਰਜ

06/20/2022 4:38:47 PM

ਨੂਰਪੁਰਬੇਦੀ (ਭੰਡਾਰੀ)-ਸਰਕਾਰੀ ਪਾਬੰਦੀ ਦੇ ਬਾਵਜੂਦ ਖੇਤਰ ’ਚ ਗੈਰ-ਕਾਨੂੰਨੀ ਮਾਈਨਿੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਤਹਿਤ ਪੁਲਸ ਚੌਕੀ ਕਲਵਾਂ ਅਧੀਨ ਪੈਂਦੇ ਪਿੰਡ ਗਨੂੰਰਾ ਵਿਖੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੁਲਸ ਨੇ ਜੂਨੀਅਰ ਇੰਜੀਨੀਅਰ ਜਲ ਨਿਕਾਸ-ਕਮ-ਮਾਈਨਿੰਗ ਉੱਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀ ਸ਼ਿਕਾਇਤ ’ਤੇ ਇਕ ਜੇ. ਸੀ. ਬੀ. ਦੇ ਨਾਮਲੂਮ ਚਾਲਕ ਅਤੇ ਜ਼ਮੀਨ ਦੇ ਨਾਮਲੂਮ ਮਾਲਕਾਂ ਖ਼ਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਇਕ ਸ਼ਿਕਾਇਤ ਮਿਲਣ ਉਪਰੰਤ ਜੂਨੀਅਰ ਇੰਜੀਨੀਅਰ ਜਲ ਨਿਕਾਸ-ਕਮ-ਮਾਈਨਿੰਗ ਉੱਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਸ਼ਾਲ ਪੰਚਾਲ ਨੇ ਚੌਕੀ ਕਲਵਾਂ ਦੇ ਪੁਲਸ ਅਧਿਕਾਰੀਆਂ ਨੂੰ ਨਾਲ ਲੈ ਕੇ ਬਲਾਕ ਦੇ ਪਿੰਡ ਗਨੂੰਰਾ ਵਿਖੇ ਹੋਈ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮੌਕਾ ਵੇਖਿਆ। ਮੌਕੇ ’ਤੇ ਜ਼ਮੀਨ ’ਚੋਂ ਮਿੱਟੀ ਦੀ ਪੁਟਾਈ ਕੀਤੀ ਹੋਈ ਪਾਈ ਗਈ। ਜਦੋਂ ਉਕਤ ਪੁੱਟੀ ਹੋਈ ਮਿੱਟੀ ਅਤੇ ਜ਼ਮੀਨ ਦੀ ਪੈਮਾਇਸ਼ ਕੀਤੀ ਗਈ ਤਾਂ ਕਰੀਬ 25 ਹਜ਼ਾਰ 240 ਫੁੱਟ ਮਿੱਟੀ ਦੀ ਨਿਕਾਸੀ ਪਾਈ ਗਈ। ਮੌਕੇ ’ਤੇ ਹੀ ਮੌਜੂਦ ਇਕ ਜੇ. ਸੀ. ਬੀ. ਮਸ਼ੀਨ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ। ਮਾਈਨਿੰਗ ਅਤੇ ਪੁਲਸ ਅਧਿਕਾਰੀਆਂ ਅਨੁਸਾਰ ਉਕਤ ਗੈਰ ਕਾਨੂੰਨੀ ਮਾਈਨਿੰਗ ਵਾਲੀ ਜ਼ਮੀਨ ਦੀ ਮਲਕੀਅਤ ਖਸਰਾ ਨੰਬਰ ਸਬੰਧੀ ਮਾਲ ਵਿਭਾਗ ਵੱਲੋਂ ਰਿਪੋਰਟ ਕੀਤੀ ਜਾਣੀ ਹੈ ਜਿਸ ਉਪਰੰਤ ਅਸਲ ਜ਼ਮੀਨ ਮਾਲਕਾਂ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਨੇੜੇ ਵਾਪਰਿਆ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਮਾਈਨਿੰਗ ਅਧਿਕਾਰੀ ਵੱਲੋਂ ਮਾਈਨਜ਼ ਐਂਡ ਮਿਨਰਲਜ਼ ਐਕਟ 1957 ਅਤੇ ਐੱਨ.ਜੀ.ਟੀ. ਦੇ ਨੋਟੀਫਿਕੇਸ਼ਨ ਮੁਤਾਬਿਕ ਮਸ਼ੀਨਰੀ ਰਿਲੀਜ਼ ਹੋਣ ਤੱਕ ਜੁਰਮਾਨਾ ਵਸੂਲਣ ਅਤੇ ਵਾਤਾਵਰਣ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਲਈ ਜ਼ਮੀਨ ਤੇ ਮਸ਼ੀਨਰੀ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਕੀਤੀ ਸ਼ਿਕਾਇਤ ’ਤੇ ਪੁਲਸ ਨੇ ਉਕਤ ਜੇ. ਸੀ. ਬੀ. ਮਸ਼ੀਨ ਦੇ ਨਾਮਲੂਮ ਚਾਲਕ ਅਤੇ ਜ਼ਮੀਨ ਦੇ ਨਾਮਲੂਮ ਮਾਲਕਾਂ ਖਿਲਾਫ਼ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ:  ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News