ਡਿਪਟੀ ਮੇਅਰ ਦੀ ਸ਼ਿਕਾਇਤ ’ਤੇ ਨਾਜਾਇਜ਼ ਬਿਲਡਿੰਗਾਂ ਦੀ ਜਾਂਚ ਕਰਨਗੇ ਚੀਫ ਵਿਜੀਲੈਂਸ ਆਫਿਸਰਜ਼

04/07/2021 9:50:11 AM

ਜਲੰਧਰ (ਖੁਰਾਣਾ)–ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿਚ ਨਾਜਾਇਜ਼ ਬਿਲਡਿੰਗਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ, ਜਿਸ ਦਾ ਨੋਟਿਸ ਲੈਂਦਿਆਂ ਨਗਰ ਨਿਗਮ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਪਿਛਲੇ ਦਿਨੀਂ ਸ਼ਹਿਰ ਦੀਆਂ ਕੁਝ ਨਾਜਾਇਜ਼ ਬਿਲਡਿੰਗਾਂ ਬਾਰੇ ਸ਼ਿਕਾਇਤ ਚੀਫ ਸੈਕਟਰੀ ਅਤੇ ਹੋਰ ਅਧਿਕਾਰੀਆਂ ਨੂੰ ਕੀਤੀ ਸੀ, ਜਿਸ ਤੋਂ ਬਾਅਦ ਹੁਣ ਇਹ ਸ਼ਿਕਾਇਤਾਂ ਲੋਕਲ ਬਾਡੀਜ਼ ਦੇ ਸੀ. ਵੀ. ਓ. ਭਾਵ ਚੀਫ ਵਿਜੀਲੈਂਸ ਆਫਿਸਰ ਨੂੰ ਮਾਰਕ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸੀ. ਵੀ. ਓ. ਨੇ ਆਪਣੇ ਪੱਧਰ ’ਤੇ ਕਈ ਬਿਲਡਿੰਗਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਲੋਕਲ ਬਾਡੀਜ਼ ਦੇ ਸੀ. ਵੀ. ਓ. ਇਸ ਕੰਮ ਲਈ ਜਲੰਧਰ ਨਿਗਮ ਦਾ ਦੌਰਾ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਲਈ ਕਰਨਾ ਪਵੇਗਾ ਇੰਤਜ਼ਾਰ

ਜ਼ਿਕਰਯੋਗ ਹੈ ਕਿ ਡਿਪਟੀ ਮੇਅਰ ਨੇ ਆਪਣੀ ਸ਼ਿਕਾਇਤ ਵਿਚ ਝੰਡੀਆਂਵਾਲਾ ਪੀਰ ਚੌਕ ਤੋਂ ਇਲਾਵਾ ਕਈ ਅਜਿਹੀਆਂ ਨਾਜਾਇਜ਼ ਬਿਲਡਿੰਗਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਨਗਰ ਨਿਗਮ ਨੇ ਨੋਟਿਸ ਜਾਰੀ ਕੀਤੇ ਪਰ ਜਾਣਬੁੱਝ ਕੇ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜਿਹੇ ਵਿਚ ਬਿਲਡਿੰਗਾਂ ਤਿਆਰ ਹੋ ਗਈਆਂ ਅਤੇ ਉਨ੍ਹਾਂ ਵਿਚ ਕਾਰੋਬਾਰ ਵੀ ਸ਼ੁਰੂ ਕਰ ਲਏ ਗਏ।

ਨਿਗਮ ਅਧਿਕਾਰੀਆਂ ਨੇ ਕੁਝ ਨਾਜਾਇਜ਼ ਬਿਲਡਿੰਗਾਂ ਨੂੰ ਸੀਲ ਕੀਤਾ ਪਰ ਕੁਝ ਹੀ ਘੰਟੇ ਬਾਅਦ ਉਨ੍ਹਾਂ ਬਿਲਡਿੰਗਾਂ ਦੀ ਸੀਲ ਵੀ ਖੋਲ੍ਹ ਦਿੱਤੀ ਗਈ। ਇਸ ਸਾਰੇ ਸਕੈਂਡਲ ਬਾਰੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਪਿਛਲੇ ਦਿਨੀਂ ਵਿਭਾਗੀ ਅਧਿਕਾਰੀਆਂ ਕੋਲੋਂ ਡਾਟਾ ਮੰਗਿਆ ਸੀ, ਜਿਸ ਦੇ ਆਧਾਰ ’ਤੇ ਉਨ੍ਹਾਂ ਇਸ ਦੀ ਸ਼ਿਕਾਇਤ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਇਸ ਜਾਂਚ ਦਾ ਨਜ਼ਲਾ ਨਿਗਮ ਅਧਿਕਾਰੀਆਂ ’ਤੇ ਵੀ ਡਿੱਗ ਸਕਦਾ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟਣ ਲੱਗੀ ਭਾਜਪਾ, ਜ਼ਿਲ੍ਹਾ ਸਕੱਤਰ ਨੇ ਦਿੱਤਾ ਅਸਤੀਫ਼ਾ


shivani attri

Content Editor

Related News