ਨਾਜਾਇਜ਼ ਏਜੰਟਾਂ ਦੀ ਹੁਣ ਖੈਰ ਨਹੀਂ

11/10/2018 12:32:58 PM

ਜਲੰਧਰ (ਧਵਨ)— ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਟਰੈਵਲ ਏਜੰਟਾਂ ਅਤੇ ਏਜੰਸੀਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦਰਮਿਆਨ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਸਿਰਜਣ ਵਿਭਾਗ ਨਾਲ ਉਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਨਿਰਦੇਸ਼ ਦਿੱਤੇ ਕਿ ਨਾਜਾਇਜ਼ ਏਜੰਟਾਂ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਲਈ ਕੌਮਾਂਤਰੀ ਪੱਧਰ ਦੇ ਮੁੱਖ ਸਲਾਹਕਾਰ ਜਾਂ ਏਜੰਸੀ ਦੀ ਮਦਦ ਲਈ ਜਾਵੇ ਤਾਂ ਜੋ ਵਿਦੇਸ਼ ਭੇਜਣ ਦੀ ਆੜ 'ਚ ਕੁਝ ਕਥਿਤ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਗੁੰਮਰਾਹ ਨਾ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਬੀਤੇ ਦਿਨ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੀ ਗਵਰਨਿੰਗ ਕੌਂਸਲ ਨਾਲ ਪਹਿਲੀ ਮੀਟਿੰਗ ਕੀਤੀ, ਜਿਸ 'ਚ ਰੋਜ਼ਗਾਰ ਨਾਲ ਸਬੰਧਤ ਵੱਖ-ਵੱਖ ਸਕੀਮਾਂ 'ਚ ਆਪਸੀ ਤਾਲਮੇਲ ਕਰਨ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਵਿਦੇਸ਼ 'ਚ ਰੋਜ਼ਗਾਰ ਦੇ ਮੌਕਿਆਂ ਦਾ ਪਤਾ ਲਾਉਣ ਲਈ ਵੱਖ-ਵੱਖ ਏਜੰਸੀਆਂ ਦੀ ਮਦਦ ਲੈਣ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਸਲਾਹਕਾਰ ਜਾਂ ਏਜੰਸੀ ਦੀ ਨਿਯਕੁਤੀ ਕੀਤੀ ਜਾਣੀ ਚਾਹੀਦੀ ਹੈ ਜੋ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਸਥਿਤ ਵਿਸ਼ਵ ਪੱਧਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਜਾਣਕਾਰੀ ਦੇਣ।

ਸਲਾਹਕਾਰ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਵਿਚ ਸਟੱਡੀ ਵੀਜ਼ਾ 'ਤੇ ਵਿਦੇਸ਼ ਭੇਜਣ ਵਿਚ ਮਦਦ ਕਰੇਗਾ। ਉਨ੍ਹਾਂ ਰੋਜ਼ਗਾਰ ਸਿਰਜਣ ਵਿਭਾਗ ਨੂੰ ਕਿਹਾ ਕਿ 24x7 ਜਾਬ ਹੈਲਪਲਾਈਨ ਚਲਾਉਣ। ਆਈਲੈੱਟਸ ਕੋਚਿੰਗ ਲਈ ਵੀ ਇਕ ਆਧਾਰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ 1 ਅਪ੍ਰੈਲ 2017 ਤੋਂ ਲੈ ਕੇ 31ਅਕਤੂਬਰ 2018 ਤੱਕ 4,01300 ਨੌਜਵਾਨਾਂ ਨੂੰ ਰੋਜ਼ਗਾਰ ਮੁੱਹਈਆ ਕਰਵਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਮਹੀਨੇ ਦੀ 10 ਤਰੀਕ ਨੂੰ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਮੀਟਿੰਗ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ, ਉਦਯੋਗ ਵਿਭਾਗ ਦੀ ਏ. ਸੀ. ਐੈੱਸ. ਵਿੰਨੀ ਮਹਾਜਨ, ਵਿੱਤ ਸਕੱਤਰ ਅਨਿਰੁਧ ਤਿਵਾੜੀ ਅਤੇ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸੈਕਰੇਟਰੀ ਗੁਰਕੀਰਤ ਕ੍ਰਿਪਾਲ ਸਿੰਘ ਵੀ ਮੌਜੂਦ ਸਨ।

shivani attri

This news is Content Editor shivani attri