ਆਈ. ਜੀ. ਅਰੁਣਪਾਲ ਸਿੰਘ ਜਲੰਧਰ ਰੇਂਜ ਵੱਲੋਂ ਡੀ. ਐੱਸ. ਪੀ. ਦਫ਼ਤਰ ਭੁਲੱਥ ਦਾ ਦੌਰਾ

03/31/2022 3:14:42 PM

ਭੁਲੱਥ (ਰਜਿੰਦਰ)-ਪੰਜਾਬ ਪੁਲਸ ਦੀ ਜਲੰਧਰ ਰੇਂਜ ਦੇ ਆਈ. ਜੀ. ਅਰੁਣਪਾਲ ਸਿੰਘ ਵੱਲੋਂ ਅੱਜ ਡੀ. ਐੱਸ. ਪੀ. ਦਫ਼ਤਰ ਭੁਲੱਥ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐੱਸ. ਐੱਸ. ਪੀ. ਕਪੂਰਥਲਾ ਦਯਾਮਾ ਹਰੀਸ਼ ਓਮ ਪ੍ਰਕਾਸ਼ ਵੀ ਮੌਜੂਦ ਸਨ। ਆਪਣੇ ਅੱਜ ਦੇ ਦੌਰੇ ਦੌਰਾਨ ਆਈ. ਜੀ. ਅਰੁਣਪਾਲ ਸਿੰਘ ਨੇ ਸਬ ਡਿਵੀਜ਼ਨ ਭੁਲੱਥ ਦੇ ਚਾਰ ਥਾਣਿਆਂ ਭੁਲੱਥ, ਬੇਗੋਵਾਲ, ਸੁਭਾਨਪੁਰ ਅਤੇ ਢਿੱਲਵਾਂ ਦੀ ਪੁਲਸ ਵੱਲੋਂ ਕੀਤੇ ਜਾ ਰਹੇ ਕੰਮ-ਕਾਜ ਬਾਰੇ ਜਿੱਥੇ ਜਾਣਕਾਰੀ ਪ੍ਰਾਪਤ ਕੀਤੀ। ਉਥੇ ਹੀ ਐੱਸ. ਐੱਸ. ਪੀ. ਕਪੂਰਥਲਾ ਦੀ ਮੌਜੂਦਗੀ ਵਿਚ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਕੋਲੋਂ ਸਬ ਡਿਵੀਜ਼ਨ ਦੇ ਚਾਰੇ ਥਾਣਿਆਂ ਦੀ ਕ੍ਰਾਈਮ ਰਿਪੋਰਟ ਵੀ ਵੇਖੀ। ਇਸ ਦੌਰਾਨ ਆਈ. ਜੀ. ਜਲੰਧਰ ਰੇਂਜ ਵੱਲੋਂ ਸਬ ਡਵੀਜ਼ਨ ਪੁਲਸ ਨੂੰ  ਕੁਝ ਦਿਸ਼ਾ- ਨਿਰਦੇਸ਼ ਵੀ ਦਿੱਤੇ ਗਏ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ. ਜੀ. ਅਰੁਣਪਾਲ ਸਿੰਘ ਨੇ ਆਖਿਆ ਕਿ ਉਹ ਸਬ ਡਿਵੀਜ਼ਨ ਭੁਲੱਥ ਦਾ ਦੌਰਾ ਕਰਨ ਆਏ ਹਨ ਅਤੇ ਇਥੇ ਪੁਲਸ ਮੁਲਾਜਮਾਂ ਦੇ ਕੰਮ-ਕਾਜ ਨੂੰ ਵਾਚਿਆ ਗਿਆ ਹੈ। ਥਾਣਿਆਂ ਵਿਚ ਪੁਲਸ ਮੁਲਾਜ਼ਮਾਂ ਦੀ ਨਫਰੀ ਘੱਟ ਹੋਣ ਬਾਰੇ ਕੀਤੇ ਸਵਾਲ ਦੇ ਜਵਾਬ ਵਿਚ ਆਈ. ਜੀ. ਜਲੰਧਰ ਰੇਂਜ ਨੇ ਆਖਿਆ ਕਿ ਥਾਣਿਆਂ ਵਿਚ ਮੁਲਾਜ਼ਮ ਘੱਟ ਹਨ, ਜਿਸ ਬਾਰੇ ਮੈਨੂੰ ਡੀ. ਐੱਸ. ਪੀ. ਭੁਲੱਥ ਵੱਲੋਂ ਵੀ ਜਾਣੂੰ ਕਰਵਾਇਆ ਗਿਆ ਹੈ ਪਰ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਪੁਲਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਥਾਣਿਆਂ ਵਿਚ ਪੁਲਸ ਦੀ ਨਫਰੀ ਵਧੇਗੀ। 

ਇਹ ਵੀ ਪੜ੍ਹੋ: ਚੰਡੀਗੜ੍ਹ ਮਸਲੇ ’ਤੇ ਸੁਖਪਾਲ ਖਹਿਰਾ ਨੇ ਸੁਝਾਏ 3 ਨੁਕਤੇ, ਕਿਹਾ-ਇੰਝ ਚੁੱਕਣ CM ਭਗਵੰਤ ਮਾਨ ਆਵਾਜ਼

ਸਰਕਾਰੀ ਹਸਪਤਾਲ ਭੁਲੱਥ ਦੇ ਬਾਥਰੂਮ ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਅਤੇ ਨਸ਼ਿਆਂ ਖ਼ਿਲਾਫ਼ ਪੁਲਸ ਦੀ ਮੁਹਿੰਮ ਬਾਰੇ ਪੁੱਛਣ 'ਤੇ ਆਈ. ਜੀ. ਜਲੰਧਰ ਰੇਂਜ ਨੇ ਆਖਿਆ ਕਿ ਇਸ ਸੰਬੰਧ ਵਿਚ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਨਸ਼ਿਆ ਖ਼ਿਲਾਫ਼ ਜ਼ਿਲ੍ਹਾ ਪੁਲਸ ਦੀ ਮੁਹਿੰਮ ਜਾਰੀ ਹੈ। ਪਿਛਲੇ ਸਮੇਂ ਵਿਚ ਵੀ ਜ਼ਿਲ੍ਹਾ ਪੁਲਸ ਨੇ ਨਸ਼ਿਆਂ ਖ਼ਿਲਾਫ਼ ਚੰਗਾ ਕੰਮ ਕੀਤਾ ਹੈ। ਬੀਤੇ ਦਿਨੀਂ ਐੱਸ. ਐੱਸ. ਪੀ. ਕਪੂਰਥਲਾ ਵੱਲੋਂ ਜੋ ਐਂਟੀ ਡਰੱਗ ਹੈਲਪ ਲਾਈਨ ਨੰਬਰ 70091-37200 ਜਾਰੀ ਕੀਤਾ ਗਿਆ ਹੈ, ਉਹ ਇਕ ਸ਼ਲਾਘਾਯੋਗ ਕਦਮ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਸ਼ੇ ਸੰਬੰਧੀ ਕੋਈ ਵੀ ਸ਼ਿਕਾਇਤ ਜਾਂ ਜਾਣਕਾਰੀ ਇਸ ਨੰਬਰ 'ਤੇ ਵਟਸਐੱਪ ਕਰਨ, ਕਿਉਂਕਿ ਨਸ਼ੇ ਦੇ ਖ਼ਾਤਮੇ ਲਈ ਜਨਤਾ ਦਾ ਸਹਿਯੋਗ ਵੀ ਜ਼ਰੂਰੀ ਹੈ। ਪੈਂਡਿੰਗ ਕੇਸਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਕਤਲ ਜੋ ਕੇਸ ਪੈਂਡਿੰਗ ਹੈ, ਉਸ ਨੂੰ ਹੱਲ ਕਰਨ ਵਿਚ ਪੁਲਸ ਜੁੱਟੀ ਹੋਈ ਹੈ। 

ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਕਪੂਰਥਲਾ ਹਰੀਸ਼ ਦਯਾਮਾ ਓਮਪ੍ਰਕਾਸ਼ ਨੇ ਕਿਹਾ ਕਿ ਲੋਕਾਂ ਨੂੰ  ਵਧੀਆਂ ਸੇਵਾਵਾਂ ਦੇਣ ਲਈ ਸਮੇਂ-ਸਮੇਂ 'ਤੇ ਜ਼ਿਲਾ ਪੁਲਸ ਵੱਲੋਂ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਕਲ੍ਹ ਜਾਰੀ ਕੀਤੇ ਗਏ ਐਂਟੀ ਡਰੱਗ ਹੈਲਪ ਲਾਈਨ ਨੰਬਰ 'ਤੇ ਲੋਕ ਡਰੱਗ ਨਾਲ ਸੰਬੰਧਤ ਕੋਈ ਵੀ ਸ਼ਿਕਾਇਤ ਜਾਂ ਜਾਣਕਾਰੀ ਵਟਸਐੱਪ ਮੈਸੇਜ ਰਾਹੀ ਦੇ ਸਕਦੇ ਹਨ। ਸ਼ਿਕਾਇਤ ਕਰਨ ਵਾਲੇ ਅਤੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਨੂੰ  ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜ਼ਿਲਾ ਕਪੂਰਥਲਾ ਵਿਚ ਪਹੁੰਚਣ 'ਤੇ ਆਈ. ਜੀ. ਸਾਹਿਬ ਨੂੰ  ਪੁਲਸ ਦੀਆਂ ਕੁਝ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਐੱਸ. ਐੱਚ. ਓ. ਭੁਲੱਥ ਸੋਨਮਦੀਪ ਕੌਰ, ਐੱਸ. ਐੱਚ. ਓ. ਬੇਗੋਵਾਲ ਬਲਵਿੰਦਰ ਸਿੰਘ ਭੁੱਲਰ, ਐੱਸ. ਐੱਚ. ਓ. ਸੁਭਾਨਪੁਰ ਅਮਨਦੀਪ ਨਾਹਰ ਅਤੇ ਐੱਸ. ਐੱਚ. ਓ. ਢਿੱਲਵਾਂ ਚਰਨਜੀਤ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News