ਨਾਬਾਲਗ ਵਾਹਨ ਚਲਾਉਂਦੇ ਫੜਿਆ ਗਿਆ ਤਾਂ ਹੋਵੇਗਾ 1 ਹਜ਼ਾਰ ਦਾ ਜੁਰਮਾਨਾ

07/16/2018 5:25:53 PM

ਸੁਲਤਾਨਪੁਰ ਲੋਧੀ (ਧੀਰ)— ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਹੁਣ ਬਾਈਕ 'ਤੇ ਪਟਾਕੇ ਵਜਾਉਣ ਵਾਲਿਆਂ ਦੀ ਖੈਰ ਨਹੀਂ। ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੁਲਤਾਨਪੁਰ ਲੋਧੀ ਦੇ ਨਵੇਂ ਨਿਯੁਕਤ ਐੱਸ. ਐੱਚ. ਓ. ਸੁਰਜੀਤ ਸਿੰਘ ਪੱਤੜ ਨੇ ਦੱਸਿਆ ਕਿ 18 ਸਾਲ ਤੋਂ ਘੱਟ ਉਮਰ 'ਚ ਜਨਤਕ ਥਾਵਾਂ 'ਤੇ ਅਤੇ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਵਾਹਨ ਚਲਾਉਣ 'ਤੇ ਜੁਰਮਾਨੇ ਦੇ ਇਲਾਵਾ ਸਜ਼ਾ ਦੀ ਵੀ ਵਿਵਸਥਾ ਹੈ। ਸੈਂਟਰਲ ਮੋਟਰਸਾਈਕਲ ਐਕਟ ਦੀ ਧਾਰਾ 180 ਦੇ ਤਹਿਤ ਜੇਕਰ ਕੋਈ ਵਿਅਕਤੀ ਨਾਬਾਲਗ ਨੂੰ ਆਪਣਾ ਵਾਹਨ ਚਲਾਉਣ ਲਈ ਦਿੰਦਾ ਹੈ ਤਾਂ ਉਸ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਜਾਂ 3 ਮਹੀਨਿਆਂ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। 
ਜ਼ਿਕਰਯੋਗ ਹੈ ਕਿ ਐੱਸ. ਐੱਚ. ਓ. ਸੁਰਜੀਤ ਸਿੰਘ ਪੱਤੜ ਜੋਕਿ ਪਹਿਲਾਂ ਕਪੂਰਥਲਾ ਟ੍ਰੈਫਿਕ ਪੁਲਸ ਦੇ ਇੰਚਾਰਜ ਸਨ, ਨੇ ਦੱਸਿਆ ਕਿ ਕਪੂਰਥਲਾ ਸ਼ਹਿਰ 'ਚ ਟ੍ਰੈਫਿਕ ਵਿਵਸਥਾ ਨੂੰ ਪੂਰੀ ਤਰ੍ਹਾਂ ਦੁਰੱਸਤ ਰਖਿਆ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਬਕ ਸਿਖਾਇਆ। ਸੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ 'ਚ ਟ੍ਰੈਫਿਕ ਪੁਲਸ ਦੇ ਇੰਚਾਰਜ ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਅਤੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਬੁਲੇਟ 'ਤੇ ਪਟਾਕੇ ਮਾਰਨ ਵਾਲੇ ਵਾਹਨ ਚਾਲਕਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਇਲਾਵਾ ਜੋ ਟ੍ਰਿਪਲ ਰਾਈਡਿੰਗ ਕਰਦੇ ਹਨ, ਉਨ੍ਹਾਂ 'ਤੇ ਵੀ ਪੂਰਾ ਸ਼ਿਕੰਜਾ ਕੱਸਦੇ ਹੋਏ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣ ਦੇ ਆਦੇਸ਼ ਵੀ ਦਿੱਤੇ। 
ਟ੍ਰੈਫਿਕ ਪੁਲਸ ਦੇ ਇੰਚਾਰਜ ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਲਈ ਫਲੈਕਸ ਬੋਰਡ ਵੀ ਲਗਾਏ ਗਏ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ 'ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 
ਇਹ ਹਨ ਨਿਯਮ 
18 ਸਾਲ ਤੋਂ ਘੱਟ ਉਮਰ ਦਾ ਲੜਕਾ ਜਾਂ ਲੜਕੀ ਵਾਹਨ ਨਹੀਂ ਚਲਾ ਸਕਦੇ ਅਤੇ ਉਹ 16 ਸਾਲ ਦੀ ਉਮਰ 'ਚ ਸਿਰਫ ਬਿਨਾਂ ਗੇਅਰ ਦੇ ਦੋਪਹੀਆ ਵਾਹਨ ਹੀ ਚਲਾ ਸਕਦੇ ਹਨ। 
ਨਾਬਾਲਗ ਚਾਲਕ ਵੱਲੋਂ ਤੇਜ਼ ਰਫਤਾਰ 'ਚ ਡਰਾਈਵਿੰਗ ਕਰਨ 'ਤੇ 3 ਮਹੀਨਿਆਂ ਦੀ ਜੇਲ ਅਤੇ 1 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਦੂਜੀ ਵਾਰ ਅਜਿਹੇ ਅਪਰਾਧ ਲਈ 2 ਸਾਲ ਦੀ ਕੈਦ ਜਾਂ 2 ਹਜ਼ਾਰ ਰੁਪਏ ਜੁਰਮਾਨੇ ਦੀ ਵਿਵਸਥਾ ਹੈ ਅਤੇ ਜਾਂ ਫਿਰ ਦੋਵੇਂ ਸਜ਼ਾਵਾਂ ਇਕੱਠੀਆਂ ਹੋ ਸਕਦੀਆਂ ਹਨ।