ਬੁਲੇਟ ਸਮੇਤ ਭਾਖੜਾ ਨਹਿਰ ਵਿਖੇ ਡਿੱਗੇ ਨੌਜਵਾਨ ਦੀ ਹੋਈ ਸ਼ਨਾਖ਼ਤ

04/21/2019 8:57:10 PM

ਰੂਪਨਗਰ(ਵਿਜੇ)- ਬੀਤੀ ਦੇਰ ਸ਼ਾਮ ਰੂਪਨਗਰ ਦੇ ਨਜ਼ਦੀਕ ਪਿੰਡ ਫੂਲਪੁਰ ਗਰੇਵਾਲ ਦੇ ਭਾਖੜਾ ਨਹਿਰ ਦੇ ਪੁਲ 'ਤੇ ਮੋਟਰਸਾਈਕਲ ਸਮੇਤ ਡਿੱਗੇ ਨੌਜਵਾਨ ਦਾ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਐਤਵਾਰ ਸਵੇਰੇ ਮੋਟਰਸਾਈਕਲ ਨਹਿਰ 'ਚੋਂ ਕਢਵਾ ਲਿਆ ਗਿਆ ਜਿਸ ਨਾਲ ਨਹਿਰ 'ਚ ਡਿੱਗੇ ਲਾਪਤਾ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ (30) ਗੁਰਮੇਲ ਸਿੰਘ ਨਿਵਾਸੀ ਮਾਣਕ ਮਾਜਰਾ ਦੇ ਰੂਪ ਵਿਚ ਹੋਈ ਹੈ। ਉਕਤ ਨੌਜਵਾਨ ਖੇਤੀਬਾੜੀ ਦਾ ਕੰਮ ਕਰਦਾ ਸੀ। ਪਿੰਡ ਦੀ ਸਰਪੰਚ ਅੰਜੂ ਬਾਲਾ ਨੇ ਦੱਸਿਆ ਕਿ ਦਵਿੰਦਰ ਸਿੰਘ ਸ਼ਨੀਵਾਰ ਸ਼ਾਮ ਆਪਣੇ ਬੁਲੇਟ ਮੋਟਰਸਾਈਕਲ ਦੀਆਂ ਲਾਈਟਾਂ ਆਦਿ ਠੀਕ ਕਰਵਾਉਣ ਲਈ ਮਕੈਨਿਕ ਦੇ ਕੋਲ ਰੂਪਨਗਰ ਗਿਆ ਸੀ ਅਤੇ ਵਾਪਸੀ ਸਮੇਂ ਦਵਿੰਦਰ ਨੇ ਆਪਣੇ ਮੋਟਰਸਾਈਕਲ ਦੀ ਟੈਂਕੀ ਅਤੇ ਹੈਂਡਲ 'ਤੇ ਕੁੱਝ ਸਮਾਨ ਰੱਖਿਆ ਹੋਇਆ ਸੀ ਜਿਸ ਕਰਕੇ ਉਹ ਨਹਿਰ ਦੇ ਪੁਲ ਨਜ਼ਦੀਕ ਵਾਲਾ ਮੋੜ ਨਹੀਂ ਮੁੜ ਸਕਿਆ ਅਤੇ ਦਵਿੰਦਰ ਸਿੰਘ ਬੁਲੇਟ ਸਮੇਤ ਨਹਿਰ ਜਾ ਡਿੱਗਿਆ। ਬੀਤੀ ਰਾਤ ਇਹ ਸਾਫ ਨਹੀਂ ਹੋ ਸਕਿਆ ਕਿ ਨਹਿਰ 'ਚ ਡਿੱਗਣ ਵਾਲਾ ਨੌਜਵਾਨ ਕੋਣ ਹੈ ਪਰ ਅੱਜ ਜਦੋਂ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚੋਂ ਬੁਲੇਟ ਮੋਟਰਸਾਈਕਲ ਨੂੰ ਬਾਹਰ ਕੱਢਿਆ ਤਾਂ ਉਸ ਦੇ ਨੰਬਰ ਤੋਂ ਦਵਿੰਦਰ ਸਿੰਘ ਦੇ ਨਹਿਰ ਵਿਚ ਡਿੱਗਣ ਦਾ ਪਤਾ ਲੱਗਾ। ਪੁਲਸ ਨੇ ਨਹਿਰ ਵਿਚੋਂ ਮੋਟਰਸਾਈਕਲ ਤਾਂ ਬਾਹਰ ਕੱਢ ਲਿਆ ਪਰ ਅਜੇ ਤੱਕ ਦਵਿੰਦਰ ਲਾਪਤਾ ਹੈ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।

ਥਾਣਾ ਸਦਰ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਭਾਖੜਾ ਨਹਿਰ ਵਿਚ ਡਿੱਗੇ ਤੇ ਲਾਪਤਾ ਹੋਏ ਦਵਿੰਦਰ ਸਿੰਘ ਦੀ ਤਲਾਸ਼ ਲਈ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਪੁਲਸ ਵੀ ਲਗਾਤਾਰ ਦਵਿੰਦਰ ਸਿੰਘ ਦੀ ਤਲਾਸ਼ 'ਚ ਲੱਗੀ ਹੋਈ ਹੈ। ਉਧਰ ਦਵਿੰਦਰ ਦੇ ਗਮ 'ਚ ਜਿੱਥੇ ਪਰਿਵਾਰ ਦਾ ਬੁਰਾ ਹਾਲ ਹੈ ਉਥੇ ਹੀ ਪੂਰੇ ਖੇਤਰ 'ਚ ਸੋਗ ਦੀ ਲਹਿਰ ਬਣੀ ਹੋਈ ਹੈ।

satpal klair

This news is Content Editor satpal klair