ਸਿਵਲ ਹਸਪਤਾਲ ’ਚ ਸਟਾਫ ਨਰਸਾਂ ਦੀ ਕਮੀ ਕਾਰਨ ਬੰਦ ਕੀਤਾ ਗਿਆ ICU ਵਾਰਡ, ਕਿਵੇਂ ਸੁਧਰਨਗੇ ਹਾਲਾਤ ?

06/19/2022 3:36:49 PM

ਜਲੰਧਰ (ਸ਼ੋਰੀ)-ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਾਰੀ ਬਹੁਮਤ ਨਾਲ ਇਸ ਲਈ ਜਿਤਾਇਆ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ‘ਆਪ’ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਸਰਕਾਰ ਬਣਦਿਆਂ ਹੀ ਉਹ ਸਰਕਾਰੀ ਹਸਪਤਾਲਾਂ ’ਚ ਵੱਡੇ ਪੱਧਰ ’ਤੇ ਸੁਧਾਰ ਲਿਆਉਣਗੇ ਤਾਂ ਜੋ ਪ੍ਰਾਈਵੇਟ ਹਸਪਤਾਲਾਂ ’ਚ ਜਾਣ ਦੀ ਥਾਂ ਲੋਕ ਸਰਕਾਰੀ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾਉਣ ਪਰ ਸਿਵਲ ਹਸਪਤਾਲ ’ਚ ਹਾਲਾਤ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਸਭ ਤੋੋਂ ਸੰਵੇਦਨਸ਼ੀਲ ਤੀਸਰੀ ਮੰਜ਼ਿਲ ’ਤੇ ਸਥਿਤ ਆਈ. ਸੀ. ਯੂ., ਜਿੱਖੇ ਗੰਭੀਰ ਹਾਲਤ ਦੇ ਮਰੀਜ਼ਾਂ ਨੂੰ ਰੱਖ ਕੇ ਉਨ੍ਵਾਂ ਦਾ ਇਲਾਜ ਕੀਤਾ ਜਾਂਦਾ ਹੈ ਪਰ ਸਿਵਲ ਹਸਪਤਾਲ ’ਚ ਸਟਾਫ ਨਰਸਾਂ ਦੀ ਕਮੀ ਕਾਰਨ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ ਕਿ ਉਕਤ ਵਾਰਡ ਨੂੰ ਬੰਦ ਕਰ ਕੇ ਮਰੀਜ਼ਾਂ ਨੂੰ ਟਰੌਮਾ ਵਾਰਡ ’ਚ ਸ਼ਿਫਟ ਕੀਤਾ ਜਾਵੇ, ਜਿਸ ਕਾਰਨ ਵਾਰਡ ਦੇ ਸਾਰੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਨਰਸਾਂ ਨੇ ਪਹਿਲਾਂ ਕਹਿਣੀ ਸ਼ੁਰੂ ਕਰ ਦਿੱਤੀ। 

ਕੁਝ ਮਰੀਜ਼ ਤਾਂ ਦੂਸਰੇ ਡਰ ਦੇ ਮਾਰੇ ਦੂਸਰੇ ਹਸਪਤਾਲਾਂ ’ਚ ਚਲੇ ਗਏ। ਬਾਕੀ ਮਰੀਜ਼ਾਂ ਨੂੰ ਟਰੌਮਾ ਵਾਰਡ ’ਚ ਸ਼ਿਫਟ ਕੀਤਾ ਗਿਆ ਹੈ। ਹੁਣ ਹਾਲਾਤ ਇਹ ਵੇਖਣ ਨੂੰ ਮਿਲ ਰਹੇ ਹਨ ਕਿ ਵਾਰਡ ਦਾ ਦਰਵਾਜ਼ਾ ਬੰਦ ਕਰ ਕੇ ਇਸ ਨੂੰ ਤਾਲਾ ਲਾ ਦਿੱਤਾ ਗਿਆ ਹੈ। ਸਿਵਲ ਹਸਪਤਾਲ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਵਾਰਡ ਨੂੰ ਤਾਲਾ ਲਾ ਦਿੱਤਾ ਗਿਆ ਹੋਵੇ। ਸੋਚਣ ਵਾਲੀ ਗੱਲ ਹੈ ਕਿ ਸਿਵਲ ਹਸਪਤਾਲ ਦੇ ਹਾਲਾਤ ਕਿਵੇਂ ਸੁਧਰਨਗੇ? ਜੇਕਰ ਸਮਾਂ ਰਹਿੰਦੇ ਸਟਾਫ ਨਰਸਾਂ ਦੀ ਕਮੀ ਨੂੰ ਦੂਰ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਬਾਕੀ ਵਾਰਡਾਂ ਨੂੰ ਤਾਲੇ ਲੱਗਣੇ ਸ਼ੁਰੂ ਹੋ ਜਾਣ।

ਸਿਫਾਰਸ਼ਾਂ ਨੇ ਕੀਤਾ ਸਾਰਾ ਕੰਮ ਖਰਾਬ
ਹਸਪਤਾਲ ’ਚ ਤਾਇਨਾਤ ਇਕ ਸਟਾਫ ਨਰਸ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਟਾਫ ਨਰਸਾਂ ਦੀ ਕੋਈ ਕਮੀ ਨਹੀਂ ਸੀ। ਦਰਅਸਲ ਕੁਝ ਠੇਕੇ ’ਤੇ ਭਰਤੀ ਹੋਈਆਂ ਸਟਾਫ ਨਰਸਾਂ ਸਰਕਾਰ ਨੇ ਪੱਕੀਆਂ ਕਰ ਦਿੱਤੀਆਂ ਤਾਂ ਇਸ ਤੋਂ ਬਾਅਦ ਉਨ੍ਵਾਂ ਨਰਸਾਂ ਤੋਂ ਇਲਾਵਾ ਕਾਫੀ ਨਰਸਾਂ ਨੇ ਸਿਫਰਾਸ਼ਾਂ ਲਾ ਕੇ ਆਪਣੀ ਬਦਲੀ ਆਪਣੇ ਘਰਾਂ ਦੇ ਨੇੜੇ ਸਰਕਾਰੀ ਡਿਸਪੈਂਸਰੀਆਂ ਜਾਂ ਫਿਰ ਸਰਕਾਰੀ ਹਸਪਤਾਲਾਂ ’ਚ ਕਰਵਾ ਲਈ। ਇਸ ਉਪਰੰਤ ਸਰਕਾਰ ਨੇ ਨਵੀਂ ਭਰਤੀ ਕੱਢੀ ਹੀ ਨਹੀਂ ਉਲਟਾ ਪੁਰਾਣੀਆਂ ਸਟਾਫ ਨਰਸਾਂ ਦੇ ਰਿਟਾਇਰ ਹੋਣ ਕਾਰਨ ਵੀ ਨਰਸਾਂ ਦੀ ਕਮੀ ਸਿਵਲ ਹਸਪਤਾਲ ’ਚ ਆ ਗਈ। ਉੱਥੇ ਹੀ ਦੂਸਰੇ ਪਾਸੇ ਟਰੌਮਾ ਵਾਰਡ ’ਚ ਠੇਕੇ ’ਤੇ ਭਰਤੀ ਹੋਈਆਂ ਸਟਾਫ ਨਰਸਾਂ ਨੂੰ ਤਕਰੀਬਨ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਚੁੱਕੀਆਂ ਹਨ। ਇਕ ਤਾਂ ਮਹਿੰਗਾਈ ਦਾ ਜ਼ਮਾਨਾ, ਦੂਜਾ ਨਰਸਾਂ ਦੀ ਤਨਖਾਹ ਵੀ ਸਿਰਫ 12 ਹਜ਼ਾਰ ਰੁਪਏ ਹੀ ਹੈ।

ਇਕ ਸਟਾਫ ਨਰਸ ਦਾ ਕਹਿਣਾ ਸੀ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਜੋ ਨਰਸਾਂ ਕਾਫੀ ਸਾਲਾਂ ਤੋਂ ਠੇਕੇ ’ਤੇ ਭਰਤੀ ਹੋ ਕੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਸਰਕਾਰ ਪੱਕਾ ਕਰੇ ਨਹੀਂ ਤਾਂ ਉਨ੍ਵਾਂ ਦੀ ਤਨਖਾਹ ਵਧਾਈ ਜਾਵੇ ਪਰ ਸਰਕਾਰ ਨੇ ਉਨ੍ਹਾਂ ਦੀ ਤਨਖਾਹ ਹੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਉਹ ਮਰੀਜ਼ਾਂ ਨੂੰ ਦਰ-ਕਿਨਾਰ ਕਰ ਰਹੀਆਂ ਹਨ। ਉੱਥੇ ਹੀ ਆਈ. ਸੀ. ਯੂ. ਵਾਰਡ ਦੇ ਬਾਹਰ ਨੇਮ ਪਲੇਟ ’ਚ ਡਾ. ਕਸ਼ਮੀਰੀ ਲਾਲ ਐੱਸ. ਐੱਮ. ਓ. ਡਾਇਲਾਸਿਸ ਲਿਖਿਆ ਹੋਇਅਾ ਸੀ, ਜਦਕਿ ਡਾ. ਕਸ਼ਮੀਰੀ ਲਾਲ ਨੂੰ ਰਿਟਾਇਰ ਹੋਇਆਂ ਨੂੰ ਕਾਫੀ ਸਮਾਂ ਹੋ ਚੁੱਕਾ ਹੈ। ਦੇਖਿਆ ਜਾਵੇ ਤਾਂ ਹਸਪਤਾਲ ਦੇ ਸਟਾਫ ਨੂੰ ਇਸ ਗੱਲ ਦਾ ਧਿਆਨ ਨਹੀਂ ਰਿਹਾ ਕਿ ਦੂਸਰੇ ਡਾਕਟਰ ਦੀ ਨੇਮ ਪਲੇਟ ਲੱਗਣੀ ਚਾਹੀਦੀ ਸੀ।

Manoj

This news is Content Editor Manoj