ਕਾਂਗਰਸ ਦਾ ਵਫਾਦਾਰ ਸਿਪਾਹੀ ਹਾਂ, ਭਾਜਪਾ ’ਚ ਜਾਣ ਬਾਰੇ ਸੋਚਣਾ ਵੀ ਗੁਨਾਹ : ਬਾਜਵਾ

03/21/2019 12:38:03 AM

ਜਲੰਧਰ, (ਪੁਨੀਤ)– ਕਾਂਗਰਸ ਦੇ ਇਕ ਸੀਨੀਅਰ ਨੇਤਾ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਵਿਚ ਜਾਣ ਦੀਆਂ ਸਭ ਅਟਕਲਾਂ ’ਤੇ ਮੁਕੰਮਲ ਰੋਕ ਲਾਉਂਦਿਆਂ ਬੁੱਧਵਾਰ ਕਿਹਾ ਕਿ ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ ਹਾਂ। ਭਾਜਪਾ ਵਿਚ ਜਾਣ ਬਾਰੇ ਸੋਚਣਾ ਵੀ ਮੇਰੇ ਲਈ ਗੁਨਾਹ ਹੈ।
ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਕਾਂਗਰਸ ਦੀ ਵਿਚਾਰਧਾਰਾ ਮੁਤਾਬਕ ਚੱਲਦਾ ਆ ਰਿਹਾ ਹੈ। ਕਾਂਗਰਸ ਦੀ ਸੋਚ ਨੂੰ ਅਸੀਂ ਹਮੇਸ਼ਾ ਅੱਗੇ ਵਧਾਇਆ  ਹੈ। ਮੈਂ ਕਾਂਗਰਸ ਵਿਚ ਹੀ ਪੈਦਾ ਹੋਇਆ  ਹਾਂ ਅਤੇ ਕਾਂਗਰਸ ਰਹਿੰਦਿਆਂ ਹੀ ਆਖਰੀ ਸਾਹ ਲਵਾਂਗਾ। ਭਾਜਪਾ ਵਿਚ ਸ਼ਾਮਲ ਹੋਣ ਬਾਰੇ ਆਈਆਂ ਖਬਰਾਂ ’ਤੇ ਆਪਣੀ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦਾ ਆਧਾਰ ਖਤਮ ਹੋ ਚੁੱਕਾ ਹੈ। ਲੋਕ ਨਰਿੰਦਰ ਮੋਦੀ ਦੇ ਜੁਮਲਿਆਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਆਉਂਦੀਆਂ  ਲੋਕ ਸਭਾ ਦੀਆਂ ਚੋਣਾਂ ਵਿਚ ਲੋਕ  ਅਕਾਲੀ-ਭਾਜਪਾ ਗਠਜੋੜ ਨੂੰ ਪੰਜਾਬ ਵਿਚ ਸ਼ੀਸ਼ਾ ਵਿਖਾਉਣ ਵਾਲੇ ਹਨ। ਇਹੀ  ਕਾਰਨ ਹੈ ਕਿ ਭਾਜਪਾ ਬੌਖਲਾਈ ਹੋਈ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਮੇਰੇ ਨੇਤਾ ਹਨ। ਮੈਂ ਹਮੇਸ਼ਾ ਉਨ੍ਹਾਂ ਦੇ ਫੈਸਲਿਆਂ ਨੂੰ ਨਾ ਸਿਰਫ ਮੰਨਾਂਗਾ, ਸਗੋਂ ਉਨ੍ਹਾਂ ਮੁਤਾਬਕ ਚੱਲਾਂਗਾ ਵੀ। ਜਿਹੜੇ ਵਿਅਕਤੀ ਮੇਰੇ ਸਬੰਧੀ  ਅਜਿਹੀਆਂ ਅਫਵਾਹਾਂ ਉਡਾ ਰਹੇ ਹਨ, ਉਹ ਨਾ ਸਿਰਫ ਮੇਰੇ ਅਕਸ ਨੂੰ ਧੁੰਦਲਾ ਕਰਨਾ ਚਾਹੁੰਦੇ ਹਨ, ਸਗੋਂ ਕਾਂਗਰਸ ਦਾ ਵੀ ਨੁਕਸਾਨ ਕਰਨਾ ਚਾਹੁੰਦੇ ਹਨ। ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਇਸ ਲਈ ਅਜਿਹੇ ਲੋਕਾਂ ਦੇ ਇਰਾਦੇ ਕਿਸੇ ਵੀ ਹਾਲਤ ਵਿਚ ਪੂਰੇ ਨਹੀਂ ਹੋ ਸਕਣਗੇ। ਕਾਂਗਰਸ ਆਉਂਦੀਆਂ ਚੋਣਾਂ ਵਿਚ ਮੁਕੰਮਲ ਬਹੁਮਤ ਹਾਸਲ ਕਰ ਕੇ ਕੇਂਦਰ ਵਿਚ ਸਰਕਾਰ ਬਣਾਏਗੀ।
ਬਾਜਵਾ ਨੇ ਕਿਹਾ ਕਿ ਮੈਂ 1978 ਵਿਚ ਆਪਣਾ ਸਿਆਸੀ ਕੈਰੀਅਰ ਯੂਥ ਕਾਂਗਰਸ ਦੀ ਪ੍ਰਧਾਨਗੀ ਨਾਲ ਸ਼ੁਰੂ ਕੀਤਾ ਸੀ। ਉਸ ਤੋਂ  ਬਾਅਦ 1982 ਵਿਚ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ। 1992, 1997, 2002 ਅਤੇ 2007 ਵਿਚ ਵਿਧਾਇਕ ਚੁਣਿਆ ਗਿਆ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦਾ ਮੰਤਰੀ ਵੀ ਰਿਹਾ। ਉਨ੍ਹਾਂ ਕਿਹਾ ਕਿ ਮੈਂ 2009 ਵਿਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੁਣਿਆ ਗਿਆ। ਇਸ ਸਮੇਂ ਰਾਜ ਸਭਾ ਦਾ ਮੈਂਬਰ ਹਾਂ ਅਤੇ ਮੇਰੇ 4 ਸਾਲ ਅਜੇ ਬਾਕੀ ਹਨ।

Bharat Thapa

This news is Content Editor Bharat Thapa