ਕੋਰੋਨਾ ਵਾਇਰਸ ਦੇ ਖਾਤਮੇ ਦੇ ਆਸਾਰ ਕਦੋਂ ਤਕ.....

05/08/2020 4:48:38 PM

ਸਮੁੱਚੇ ਸੰਸਾਰ ਨੂੰ ਕਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਸੰਸਾਰ ਦੇ ਬਹੁਤ ਹੀ ਘੱਟ ਦੇਸ਼ ਹੀ ਇਸ ਮਹਾਮਾਰੀ ਤੋਂ ਬਚੇ ਹਨ। ਸੰਸਾਰ ਦੀ ਵੱਡੀ ਮਹਾਸ਼ਕਤੀ ਅਮਰੀਕਾ ਨੇ ਵੀ ਇਸ ਭਿਆਨਕ ਬਿਮਾਰੀ ਦੀ ਤਬਾਹੀ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਇਸ ਮਹਾਮਾਰੀ ਕਾਰਨ ਸੰਸਾਰ ਦੀ ਮਹਾਸ਼ਕਤੀ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਨੂੰ ਦਵਾਈ ਲੈਣ ਲਈ ਭਾਰਤ ਦਾ ਮੂੰਹ ਦੇਖਣਾ ਪਿਆ। ਹਾਲਾਂਕਿ ਸਾਡੇ ਮੁਲਕ ਭਾਰਤ ਵਿੱਚ 2 ਤੋਂ 3 ਮਹੀਨੇ ਪਹਿਲਾਂ ਹੀ ਇਸ ਗੰਭੀਰ ਬਿਮਾਰੀ ਤੋਂ ਲੋਕਾਂ ਨੂੰ  ਬਚਾਉਣ ਲਈ ਲਾਕਡਾਊਨ ਕਰਨ ਦੀ ਲੋੜ ਪਈ ਅਤੇ ਨਾਲ ਹੀ ਕਰਫਿਊ ਲਗਾ ਦਿੱਤਾ ਗਿਆ। ਇਸ ਦਾ ਕੁੱਝ ਦਿਨ ਬਹੁਤ ਵਧੀਆ ਅਸਰ ਵੇਖਿਆ ਗਿਆ। ਪਰ ਸਮੇਂ ਦੇ ਨਾਲ ਵਧੇਰੇ ਕਰਕੇ ਲੋਕਾਂ ਦੀ ਆਪਣੇ ਘਰ ਜਾਣ ਲਈ ਮਜਬੂਰੀ ਨੇ ਇਸ ਸਮੱਸਿਆ ਨੂੰ ਘੱਟ ਹੋਣ ਦੀ ਬਜਾਏ ਇਸ ਵਿੱਚ ਚੌਖਾ ਵਾਧਾ ਕਰ ਦਿੱਤਾ ਹੈ। ਹਰ ਆਦਮੀ ਆਪਣੇ ਘਰ ਜਾਣਾ ਚਾਹੁੰਦਾ ਹੈ । ਚਾਹੇ ਉਸ ਨੂੰ ਕਿੰਨੀਆਂ ਵੀ ਸਹੂਲਤਾਂ ਦੂਜੇ ਸ਼ਹਿਰਾਂ ਵਿੱਚੋਂ ਮਿਲ ਦੀਆਂ ਹੋਣ। ਸਾਡੇ ਪੰਜਾਬੀ ਵੀਰ ਵੀ ਜਿਹੜੇ ਲਾਕਡਾਊਨ ਦੇ ਕਾਰਨ ਹਜੂਰ ਸਾਹਿਬ ਹੋਲਾ ਮੁਹੱਲੇ ਮੌਕੇ ਯਾਤਰਾ 'ਤੇ ਗਏ ਸਨ ਉਥੇ ਹੀ ਫਸ ਗਏ। ਮੁਸ਼ਕਿਲ ਦੀ ਇਸ ਘੜੀ ਵਿੱਚ ਜਦੋਂ ਉਹ ਆਪਣੇ ਪ੍ਰਦੇਸ਼ ਪੰਜਾਬ ਪਰਤੇ ਤਾਂ ਰਾਜਨੀਤਕ ਪਾਰਟੀਆਂ ਦੇ ਆਗੂ ,ਧਾਰਮਿਕ ਸੰਸਥਾਵਾਂ ਆਪਣੀ-ਆਪਣੀ ਬੋਲੀ 'ਚ ਗਲਤ ਬਿਆਨਬਾਜ਼ੀ ਕਰਨ ਲੱਗ ਪਈਆਂ। ਇਹ ਬਹੁਤ ਹੀ ਨਾਜ਼ੁਕ ਘੜੀ ਹੈ । ਇਸ ਸਮੱਸਿਆ ਦਾ ਹੱਲ ਕੱਢਣ ਲਈ ਯਤਨਸ਼ੀਲ ਹੋਣਾ ਲਾਜ਼ਮੀ ਹੈ। ਰਾਜ /ਦੇਸ਼ ਦੇ ਲੋਕਾਂ ਨੂੰ ਜਾਗਰੂਕ ਹੋ ਕੇ ਇਕ-ਮਿਕ ਹੁੰਦੇ ਹੋਏ ਇਕ-ਦੂਜੇ 'ਤੇ ਦੂਸ਼ਣਬਾਜ਼ੀ ਨਾ ਕਰਦੇ ਹੋਏ ਸਰਕਾਰਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਇੰਨ-ਬਿੰਨ ਪਾਲਨ ਕਰਨਾ ਚਾਹੀਦਾ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਕਿ 4 ਮਈ ਤੋਂ  ਭਾਰਤ  ਆਪਣੇ ਤੀਜੇ ਲਾਕਡਾਊਨ 'ਚ ਦਾਖਲ ਹੋ ਚੁਕਿਆ ਹੈ। ਸਾਡੇ ਦੇਸ਼ ਦੇ ਸਿਹਤ ਮੰਤਰਾਲੇ ਦੇ ਮੁਤਾਬਕ 3 ਮਈ ਤਕ ਭਾਰਤ 'ਚ ਕੋਰੋਨਾ ਵਾਇਰਸ ਦੇ 130 ਰੈੱਡ ਜ਼ੋਨ, 294 ਆਰੇਂਜ ਜ਼ੋਨ ਅਤੇ ਕਰੀਬ-ਕਰੀਬ 319 ਗ੍ਰੀਨ ਜ਼ੋਨ ਬਣ ਚੁੱਕੇ ਹਨ ਪਰ 17 ਫੀਸਦੀ ਜ਼ਿਲਿਆਂ 'ਚ 33 ਫੀਸਦੀ ਸਾਡੇ ਦੇਸ਼ ਦੇ ਨਾਗਰਿਕ ਹੁਣ ਵੀ ਰੈੱਡ ਜ਼ੋਨ 'ਚ ਹੈ। ਡਰ ਤਾਂ ਇਹ ਹੈ ਕਿ ਦਿਨੋਂ-ਦਿਨ ਬਦਕਿਸਮਤੀ ਨਾਲ ਰੈੱਡ ਜ਼ੋਨ ' ਚ ਬਹੁਤ ਜਿਆਦਾ ਮਾਤਰਾ ਵਿੱਚ ਵਾਧਾ ਹੋ ਰਿਹਾ ਹੈ। ਇਹ ਗੰਭੀਰ ਰੂਪ ਧਾਰਨ ਕਰ ਸਕਦਾ ਹੈ।
       ਇਸ ਨਾਲ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਮੱਸਿਆ ਦਾ ਖਾਤਮਾ ਅਜਿਹੇ ਬਹੁਤ ਦੂਰ ਦੀ ਗੱਲ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਹੁਣ ਤੱਕ ਵੀ ਸਾਡੇ ਮੁਲਕ 'ਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਬਹੁਤ ਜਿਆਦਾ ਮਾਤਰਾ ਵਿੱਚ ਲੋੜ ਹੈ ਪਰ ਭਾਰਤ ਦੇਸ਼ 'ਚ ਹੁਣ ਵੀ ਕਈ ਜਗ੍ਹਾ 'ਤੇ ਨਾ ਸਿਰਫ ਉਨ੍ਹਾਂ ਪ੍ਰਤੀ ਅਸਹਿਣਯੋਗ ਬਲਕਿ ਹਿੰਸਾ ਭਰਿਆ ਰਵੱਈਆ ਅਪਣਾਇਆ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਸੰਸਾਰ ਵਿੱਚ ਕਿਸੇ ਵੀ ਦੇਸ਼ 'ਚ ਵੇਖਣ ਨੂੰ ਨਹੀਂ ਮਿਲੀਆਂ।
   ਸ਼ੁਰੂਆਤੀ ਦੌਰ 'ਚ ਲੋਕਾਂ ਨੇ ਤਾਲੀਆਂ, ਥਾਲੀਆਂ ਅਤੇ ਮੋਮਬੱਤੀਆਂ, ਟਾਰਚਾਂ ਜਗਾ ਕੇ ਕੋਰੋਨਾ ਵਾਇਰਸ ਦੇ ਖਾਤਮੇ ਦਾ ਹੱਲ ਕੱਢਣ ਲਈ ਯਤਨ ਕੀਤਾ। ਫੌਜ ਦੇ ਸਮੂਹ ਅੰਗਾਂ ਵਲੋਂ ਕੋਰੋਨਾ ਵਾਇਰਸ ਦੀ ਲਗਭਗ ਸਮਾਪਤੀ ਦੇ ਨੇੜੇ-ਤੇੜੇ ਸਮਝਦੇ ਹੋਏ ਸ਼ਾਨਦਾਰ ਆਯੋਜਨ ਕੀਤੇ ਗਏ ਅਤੇ ਇੰਝ ਮਹਿਸੂਸ ਹੋਇਆ ਕਿ ਇਸ ਸਮੱਸਿਆ 'ਚ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਕਰ ਲਈ ਗਈ ਹੈ ਪਰ ਅਫਸੋਸ ਅਜਿਹਾ ਨਹੀਂ ਹੋਇਆ।
      ਨਿਰਸੰਦੇਹ ਕੋਵਿਡ-19 ਦੀ ਜੰਗ 'ਚ ਭਾਰਤ 'ਚ ਇੱਥੇ ਜਿੱਥੇ ਕੁਝ ਆਸ਼ਾਵਾਦੀ ਵਿਚਾਰ ਹਨ ਉੱਥੇ ਹੀ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧੀਆ ਗੱਲ ਤਾਂ ਇਹ ਹੈ ਕਿ ਦੇਸ਼ 'ਚ ਦਿਨੋਂ- ਦਿਨ ਬਿਮਾਰੀ ਦੀ ਜਾਂਚ ਦਾ ਦਾਇਰਾ ਵਧ ਰਿਹਾ ਹੈ। ਭਾਰਤੀ ਚਿਕਿਤਸਾ ਖੋਜ਼ ਪਰਿਸ਼ਦ ਦੇ ਅਨੁਸਾਰ ਜਾਂਚ ਦਾ ਦਾਇਰਾ ਦੱਸ ਲੱਖ ਪਾਰ ਕਰ ਚੁੱਕਿਆ ਹੈ ਪਰ ਸਕਰਮਣ ਦੀ ਦਰ ਸਥਿਰ ਹੈ। ਲਾਕਡਾਊਨ ਤੋਂ ਪਹਿਲਾਂ ਜਦੋਂ 15,000 ਲੋਕਾਂ ਦੀ ਜਾਂਚ ਹੋਈ ਸੀ ਤਦ ਵੀ ਸੰਕਰਮਣ ਦੀ ਦਰ ਚਾਰ ਫੀਸਦੀ ਸੀ ਹੁਣ ਵੀ ਦਰ ਸਥਿਰ ਹੈ। ਦੂਜੇ ਪਾਸੇ ਅਮਰੀਕਾ, ਸਪੇਨ, ਇਟਲੀ, ਤੁਰਕੀ ਅਤੇ ਜਰਮਨੀ ਵਰਗੇ ਦੇਸ਼ਾਂ ਦੀ ਤੁਲਨਾ 'ਚ ਵੀ ਭਾਰਤ ਦੇਸ਼ 'ਚ ਸੰਕਰ੍ਮਣਾਂ ਦੀ ਦਰ ਘੱਟ ਹੈ। ਖੁਸ਼ੀ ਦੀ ਗੱਲ ਹੈ ਕਿ ਲਗਭਗ 13 ਲੱਖ ਤੋਂ ਵਧੇਰੇ ਲੋਕ ਮਹਾਮਾਰੀ ਨੂੰ ਹਰਾ ਕੇ ਆਪਣੇ ਘਰ ਵਾਪਸ ਪਰਤ ਚੁੱਕੇ ਹਨ। ਬਿਲਕੁਲ ਇਸੇ ਤਰ੍ਹਾਂ ਹੀ ਲਾਕਡਾਊਨ ਤੋਂ ਪਹਿਲਾਂ ਸਕ੍ਮਤਾਂ ਦੀ ਗਿਣਤੀ ਪੰਜ ਦਿਨਾਂ 'ਚ ਦੁੱਗਣੀ ਹੋ ਰਹੀ ਸੀ ਪਰ ਹੁਣ ਮਾਮਲੇ ਦੁੱਗੁਣੇ ਹੋਣ 'ਚ 12-13 ਦਿਨ ਦਾ ਵਕਫਾ ਲੱਗ ਰਿਹਾ ਹੈ।
      ਫੇਰ ਵੀ ਸਕ੍ਮਣਤਾਂ ਦੀਆਂ ਲਗਾਤਾਰਤਾ 'ਚ ਵਾਧਾ ਦਿਲ ਕੰਬਾਊ ਹੈ। ਚੌਵੀ ਘੰਟੇ ਹੀ ਸਾਡੇ ਤੇ ਹੁਣ ਭਾਰੂ ਅਤੇ ਮਾਰੂ ਸਾਬਤ ਹੋ ਰਹੇ ਹਨ।  ਉਦਾਹਰਨ ਦੇ ਤੌਰ ਤੇ 24 ਘੰਟਿਆਂ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦਾ ਵਧਦਾ ਅੰਕੜਾ ,ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਾਪਸਹੇੜਾ 'ਚ ਇਕ ਹੀ ਬਿਲਡਿੰਗ 'ਚ ਰਹਿ ਰਹੇ ਲਗਭਗ ਸੱਠ ਲੋਕਾਂ ਦਾ ਇਸ ਬਿਮਾਰੀ ਨਾਲ ਸੰਕਰ੍ਮਿਤ ਪਾਇਆ ਜਾਣਾ ਅਤੇ ਸੰਕਰ੍ਮਣ ਦੀ ਜਾਂਚ ਦੇ ਕਰੀਬ ਦੋ ਹਫਤੇ ਬਾਅਦ ਰਿਪੋਰਟ ਆਉਣ ਨਾਲ ਪਤਾ  ਚੱਲਣਾ।  ਇਸ ਤਰ੍ਹਾਂ ਦੇ ਤੱਥ ਗੰਭੀਰਤਾ ਵਧਾਉਣ ਵਾਲੇ ਹਨ ।
      ਇਸ ਤੋਂ ਵੀ ਅੱਗੇ ਆਉਣ ਵਾਲਾ ਸਮਾਂ ਹੋਰ ਜਿਆਦਾ ਖਤਰਨਾਕ ਹੈ। ਪਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ੋਰਾਂ 'ਤੇ ਹੈ। ਇਹ ਮੁਹਿੰਮ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਇਸ ਛੇਤੀ-ਛੇਤੀ ਆਉਣ ਜਾਣ ਦੀ ਕਾਹਲੀ ਸੰਕਰ੍ਮਿਤ ਰੋਗੀਆਂ ਨੂੰ ਹੋਰ ਵਧਾ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਸਮੱਸਿਆ ਦੇ ਕਾਰਨ ਕਈ ਰਾਜ ਆਪਣੇ ਘਰ ਜਾਣਾ ਚਾਹੁੰਦੇ ਨਾਗਰਿਕਾਂ ਨੂੰ ਡਰ ਦੇ ਕਾਰਨ ਆਪਣੇ ਰਾਜਾਂ ਦੀਆਂ ਸਰਹੱਦਾਂ ਸੀਲ ਕਰਦੇ ਹੋਏ ਉਨ੍ਹਾਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ 'ਚ ਹਨ। ਇਕ ਤਰ੍ਹਾਂ ਨਾਲ ਇਹ ਠੀਕ ਵੀ ਹੈ ਪਰ ਪਹਿਲਾਂ ਹੀ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਆਪਣੇ ਘਰ ਜਾਣਾ ਲੋਚਦੇ ਮਜ਼ਦੂਰਾਂ ਦਾ ਸੰਕਰ੍ਮਣ ਹੋਣਾ ਬਹੁਤ ਹੀ ਵੱਡੀ ਲਾਪਰਵਾਹੀ ਅਤੇ ਚਿੰਤਾ ਦਾ ਵਿਸ਼ਾ ਹੈ। ਆਪਣੇ ਘਰਾਂ ਨੂੰ ਵਾਪਸ ਜਾਣ ਨਾਲ ਜੇਕਰ ਇਹ ਮਜਦੂਰ ਪਾਜ਼ੇਟਿਵ  ਪਾਏ ਗਏ ਤਾਂ ਸਿਹਤ ਤੰਤਰ ਦੇ ਲਈ ਬਹੁਤ ਵੱਡਾ ਚੈਲੰਜ ਹੋਵੇਗਾ।
   ਗ੍ਰੀਨ ਅਤੇ ਆਰੇਂਜ ਜ਼ੋਨਾਂ 'ਚ 4 ਮਈ ਤੋਂ ਕੁੱਝ ਆਰਥਿਕ ਗਤੀਵਿਧੀਆਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ। ਬੇਸ਼ੱਕ ਸੋਸ਼ਲ ਡਿਸਟੈਸਿਂਗ ਦਾ ਪਾਲਣ ਤਾਂ ਕਰਨਾ ਹੋਵੇਗਾ। ਮੂੰਹ 'ਤੇ ਮਾਸਕ ਲਗਾਉਣਾ ਵੀ ਅਤੀ ਜ਼ਰੂਰੀ ਹੈ। ਇਕ ਗੱਲ ਧਿਆਨ ਦੇਣ ਯੋਗ ਹੈ ਕਿ ਜੇਕਰ ਲਾਕਡਾਊਨ ਦੇ ਸਮੇਂ ਸ਼ੋਸ਼ਲ ਡਿਸਟੈਸਿਂਗ ਕਾਫੀ ਅਸਫਲ ਰਿਹਾ ਤਦ ਲਾਕਡਾਊਨ ਘਟਣ ਨਾਲ ਲੋਕਾਂ ਦੀ ਭੀੜ ਅਤੇ ਇੱਕਠ 'ਤੇ ਕਾਬੂ ਪਾਉਣ ਲਈ ਬਹੁਤ ਮੁਸ਼ਕਲ ਕਰਨੀ ਪਵੇਗੀ।
ਵਿਸ਼ਵ ਦੀ ਇਕ ਤਿਹਾਈ ਆਬਾਦੀ ਆਪਣੇ ਘਰਾਂ ' ਚ ਕੈਦ ਹੈ। ਸਾਨੂੰ ਇਹ ਗੱਲ ਤਾਂ ਮੰਨਣੀ ਹੀ ਪਵੇਗੀ ਕਿ ਇਸ ਵੇਲੇ ਪੂਰੀ ਦੂਨੀਆਂ ਇਕ ਸੂਖਮ ਜਿਹੇ ਵਿਸ਼ਾਣੂ ਦੇ ਸਾਹਮਣੇ ਗੋਡੇ ਟੇਕਣ ਲਈ ਮਜਬੂਰ ਹੈ। ਜੇਕਰ ਲੱਖਾਂ ਦੀ ਗਿਣਤੀ ਵਿਚ ਮਜ਼ਦੂਰਾਂ ਦੇ ਪਲਾਇਨ ਕਰਦੇ ਹਨ ਤਾਂ ਸੰਕਟ ਹੋਰ  ਵਧੇਗਾ। ਖੇਤੀਬਾੜੀ, ਇੰਡਸਟਰੀ ਅਤੇ ਸਰਵਿਸ ਸੈਕਟਰ  ਦਾ ਪਹੀਆ ਥੰਮ੍ਹ ਜਾਵੇਗਾ । ਖਤਰੇ ਦੇ ਬਾਵਜੂਦ ਸਾਡੇ ਦੇਸ਼ ਦੇ ਮਹਾਨ ਯੋਧਾ ਡਾਕਟਰ, ਨਰਸਾਂ,  ਸਿਹਤ ਵਿਭਾਗ ਦੇ ਕਰਮਚਾਰੀ, ਸਫਾਈ ਕਾਮਿਆਂ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਵੱਲੋ ਸਲਾਮ ਬਣਦਾ ਹੈ। ਆਪਣੀਆਂ ਜ਼ਿੰਦਗੀਆਂ ਨੂੰ ਜੋਖਮ ' ਚ ਪਾ ਕੇ ਜਾਲਮ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਰੋਜ਼ਾਨਾ ਵੱਡੀ ਗਿਣਤੀ ਵਿੱਚ ਰੋਗੀਆਂ ਦਾ ਇਲਾਜ ਕਰ ਰਹੇ ਹਨ । ਛੂਤ ਦੀ ਬਿਮਾਰੀ ਕਾਰਨ ਆਪਣੇ ਸੰਬੰਧੀ ਰੋਗੀਆਂ ਦੇ ਨੇੜੇ ਵੀ ਨਹੀਂ ਲੱਗਦੇ। ਇਥੋਂ ਤੱਕ ਕਿ ਉਸ ਦਾ ਸਸਕਾਰ ਕਰਨ ਤੋਂ ਕੰਨੀ ਕਤਰਾਉਂਦੇ ਹਨ। ਘੋਰ ਕਲਯੁੱਗ ਦਾ ਪਹਿਰਾ ਹੋਣ ਕਾਰਨ ਖੂਨ ਸਫੇਦ ਹੋ ਗਿਆ ਹੈ।
   
ਇਸ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੇ ਵਿਸ਼ਵ ਅਤੇ ਭਾਰਤ 'ਚ 22 ਮਾਰਚ ਨੂੰ ਸਾਰੇ ਹੀ ਰਾਜਾਂ ਵਿੱਚ ਕੰਮਕਾਰ ਠੱਪ ਹੋ ਕੇ ਰਹਿ ਗਿਆ। ਇਸ ਦਿਨ ਤੋਂ ਲਾਕਡਾਊਨ ਲਗਾ ਦਿੱਤਾ ਗਿਆ ਜਿਹੜਾ ਅਜੇ ਵੀ ਲਾਗੂ ਹੈ। ਬੇਸ਼ੱਕ ਲਾਕਡਾਊਨ ਦੇ ਕਾਰਨ ਮਜ਼ਦੂਰਾਂ ਅਤੇ ਮੱਧ ਵਰਗ ਨੂੰ ਬਹੁਤ ਭਾਰੀ ਨੁਕਸਾਨ ਉਠਾਉਣਾ ਪਿਆ ਪਰ ਪੈਸੇ ਨਾਲੋ ਜਿੰਦਗੀ ਚੰਗੀ ਕਿਉਂਕਿ ਕਿਹਾ ਵੀ ਗਿਆ ਹੈ " ਜਾਨ ਹੈ ਤਾਂ ਜਹਾਨ ਹੈ " ਜੇਕਰ ਕਰੋਨਾ ਵਾਇਰਸ ਨੇ ਡੱਸ ਲਿਆ ਤਾਂ ਪੈਸੇ ਕਿਸ ਕੰਮ।
ਨਿਰਸੰਦੇਹ ਕੋਵਿਡ-19 ਦੇ ਖਿਲਾਫ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਹੁਤ ਸਾਵਧਾਨੀ ਵਰਤਦੇ ਅਤੇ ਸੂਝਵਾਨ ਨਾਲ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਨਾਲ ਕੁਝ ਸਫਲਤਾ ਵੀ ਮਿਲੀ। ਗੱਡੀ ਸਹੀ ਲੀਹ ਉੱਤੇ ਆ ਰਹੀ ਸੀ ਪਰ ਰੁਜ਼ਗਾਰ ਦੇ ਮੌਕੇ ਬੰਦ ਹੋ ਗਏ । ਰੋਜ਼ਾਨਾ ਕਮਾਉਣ ਵਾਲੇ ਬੇਹੱਦ ਮੁਸ਼ਕਲ ਭਰੀ ਜ਼ਿੰਦਗੀ ਵਿਚ ਘਿਰੇ ਆਪਣੇ ਘਰ ਜਾਣ ਚਾਹੰਦੇ ਹਨ ਲੱਗ ਪਏ। ਸਰਕਾਰਾਂ ਨੂੰ ਇਹਨਾਂ ਦੀ ਮੰਗ ਅੱਗੇ ਝੁਕਣਾ ਪਿਆ। ਪਿਛਲੇ 3-4 ਦਿਨਾਂ ਤੋਂ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਮਜ਼ਦੂਰਾਂ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਾਜਾਂ 'ਚ ਛੱਡ ਜਾ ਰਿਹਾ ਹੈ ਪਰ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਖੋਰਾ ਲੱਗੇਗਾ। ਇਕ ਤਰ੍ਹਾਂ ਨਾਲ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਤੇ ਹੁਣ ਕੁਦਰਤ ਆਪਣੇ ਤੌਰ ’ਤੇ ਬਦਲਾ ਲੈ ਰਹੀ ਹੈ। ਇਸ ਨੂੰ ਕੁਦਰਤੀ ਦੀ ਕਰੋਪੀ ਹੀ ਕਿਹਾ ਜਾ ਸਕਦਾ ਹੈ। 
     ਨਿਰਸੰਦੇਹ ਕੋਵਿਡ-19 ਮਹਾਮਾਰੀ ਤੋਂ ਤਤਕਾਲ ਬਾਅਦ ਇਕ ਨਵਾਂ ਇਨਸਾਨ ਹੋਂਦ ਵਿੱਚ ਆਵੇਗਾ। ਉਸ ਦੀ ਰੋਜ਼ਾਨਾ ਦੀ ਜਿੰਦਗੀ, ਰਹਿਣ-ਸਹਿਣ, ਆਦਤਾਂ, ਸੋਚ ਅਤੇ ਭਾਵਨਾਤਮਕ ਸਾਂਝਾਂ ਜਰੂਰ ਬਦਲ ਜਾਣਗੀਆਂ। ਇਥੋਂ ਤਕ ਕਿ ਸਮਾਜਿਕ ਪ੍ਰਾਣੀ ਦੀ ਪਰਿਭਾਸ਼ਾ ਹੋਰ ਹੋ ਜਾਵੇਗੀ । ਭੱਵਿਖ ਦੇ ਦੌਰ ਵਿਚ ਮਨੁੱਖ ਘਰ ਤੋ ਬਾਹਰ ਜਾਣ ਲਈ ਬਹੁਤ ਵਾਰ ਸੋਚੇਗਾ। ਸਮੇਂ ਦੇ ਅਨੁਸਾਰ ਉਹ ਸਮਾਜਿਕ ਤੌਰ 'ਤੇ ਅਲੱਗ ਰਹਿਣ ਦੀ ਕੋਸ਼ਿਸ਼ ਕਰੇਗਾ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੇਗਾ। ਘਰ ਦੇ ਕੰਮ ਵੱਲ ਧਿਆਨ ਦੇਣ ਦੀ ਪੂਰੀ ਤਰ੍ਹਾਂ ਨਾਲ ਯਤਨਸ਼ੀਲ ਹੋ ਜਾਵੇਗਾ। ਇਸ ਸਮੇਂ ਇਸ ਗੰਭੀਰ ਮਸਲੇ ਕਾਰਨ ਹਰੇਕ ਦੇਸ਼ ਸਿਰਫ ਆਪਣੇ ਸੰਕਟ ਬਾਰੇ ਸੋਚ ਰਿਹਾ ਹੈ। ਇਸ ਲਈ ਇਹ ਯਕੀਨੀ ਹੈ ਕਿ ਮਹਾਮਾਰੀ ਤੋਂ ਬਾਅਦ ਨਵੇਂ ਮਨੁੱਖ ਦਾ ਜਨਮ ਹੋਣਾ ਲਾਜ਼ਮੀ ਹੈ।

ਸੇਵਾਮੁਕਤ ਲੈਕਚਰਾਰ
ਵਰਿੰਦਰ ਸ਼ਰਮਾ
ਮੁਹੱਲਾ ਪੱਬੀਆਂ
ਧਰਮਕੋਟ ਜਿਲ੍ਹਾ ਮੋਗਾ


jasbir singh

News Editor

Related News