ਡਾਕਟਰ ਅਤੇ ਜ਼ਰੂਰੀ ਉਪਕਰਣ ਨਾ ਹੋਣ ਕਾਰਨ ਮਰੀਜ਼ ਨਿੱਜੀ ਹਸਪਤਾਲਾਂ ’ਚ ਇਲਾਜ ਕਰਵਾਉਣ ਲਈ ਮਜਬੂਰ!

09/17/2018 1:50:15 AM

ਨਵਾਂਸ਼ਹਿਰ,  (ਤ੍ਰਿਪਾਠੀ)-  ਸਿਹਤ ਵਿਭਾਗ ਵਲੋਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮੁਫਤ ਇਲਾਜ ਸਹੂਲਤਾਂ ਦੇਣ ਦੇ ਦਾਅਵੇ ਜਿੱਥੇ ਵਿਭਾਗ ਵਲੋਂ ਲਗਾਤਾਰ ਕੀਤੇ ਜਾਂਦੇ ਹਨ, ਉੱਥੇ ਸਿਹਤ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਸਰਕਾਰੀ ਹਸਪਤਾਲਾਂ ਵਿਚ ਆਏ ਮਰੀਜ਼ਾਂ ਦਾ  ਕੈਂਪ ਲਾ ਕੇ ਮੀਡੀਆ ਵਿਚ ਵੀ ਸੁਰਖੀਆਂ ਬਟੋਰੀਆਂ ਜਾਂਦੀਆਂ ਹਨ ਪਰ ਅਸਲ ਹਾਲਾਤ ਇਸ ਤੋਂ ਉਲਟ ਨਜ਼ਰ ਆਉਂਦੇ ਹਨ। ਇਸ ਦੀ  ਉਦਾਹਰਣ ਸਰਕਾਰੀ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰ ਰਹੀ ਸਮਾਜਿਕ ਸੰਸਥਾ ਜ਼ਿਲਾ ਸਿਵਲ ਹਸਪਤਾਲ ਮਰੀਜ਼ ਸੇਵਾ ਸੋਸਾਇਟੀ ਵਲੋਂ ਸਿਹਤ ਵਿਭਾਗ ਦੀਆਂ ਖਾਮੀਆਂ ਸਬੰਧੀ ਸਿਹਤ ਮੰਤਰੀ, ਸਿਹਤ ਸਕੱਤਰ, ਐੱਮ. ਡੀ. ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਨਵਾਂਸ਼ਹਿਰ ਅਤੇ ਸਿਵਲ ਸਰਜਨ ਨੂੰ ਲਿਖੇ ਪੱਤਰ ਤੋਂ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਦੀ ਹੈ। 

ਐਮਰਜੈਂਸੀ ਸੇਵਾਵਾਂ ਤੋਂ ਵੀ ਲੋਕ ਵਾਂਝੇ
 ਸੋਸਾਇਟੀ ਨੇ ਸਿਹਤ ਮੰਤਰੀ ਨੂੰ ਲਿਖੀ ਚਿੱਠੀ ਵਿਚ ਦੱਸਿਆ ਕਿ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਐਮਰਜੈਂਸੀ ਵਿਚ ਓ. ਪੀ. ਡੀ. ਦੀ ਪਰਚੀ ਨਹੀਂ ਬਣਾਈ ਜਾਂਦੀ, ਜਿਸ ਕਾਰਨ ਉਨ੍ਹਾਂ  ਨੂੰ ਐਮਰਜੈਂਸੀ ਵਿਚ ਮਿਲਣ ਵਾਲੀਆਂ ਮੁਫਤ ਇਲਾਜ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। 
 ਐੱਮ. ਆਰ. ਆਈ. ਮਸ਼ੀਨ ਅਤੇ ਮਾਹਿਰ ਡਾਕਟਰ ਨਾ ਹੋਣ ਕਾਰਨ ਮਰੀਜ਼ ਪ੍ਰੇਸ਼ਾਨ
ਸੋਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਈਕੋ ਮਸ਼ੀਨ ਉਪਲਬਧ ਹੈ ਪਰ ਮਾਹਿਰ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ  ਨਿੱਜੀ ਹਸਪਤਾਲਾਂ ਤੋਂ ਈਕੋ ਕਰਵਾਉਣੀ ਪੈ ਰਹੀ ਹੈ। ਇਸੇ ਤਰ੍ਹਾਂ ਹਸਪਤਾਲ ਵਿਚ ਨਾ ਤਾਂ ਐੱਮ. ਆਰ. ਆਈ.ਮਸ਼ੀਨ ਹੈ ਅਤੇ ਨਾ ਹੀ ਇਸ ਦਾ ਡਾਕਟਰ ਉਪਲਬਧ ਹੈ। 
ਹਸਪਤਾਲ ਵਿਚ ਨਹੀਂ ਬੱਚਿਆਂ ਦਾ ਮਾਹਿਰ ਡਾਕਟਰ 
ਸਿਹਤ ਵਿਭਾਗ ਵਲੋਂ ਸੂਬੇ ਦੇ ਬੱਚਿਆਂ ਦੀ ਚੰਗੀ ਸਿਹਤ ਲਈ 30 ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਦਾ ਮੁਫਤ ਇਲਾਜ ਕੀਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਜ਼ਿਲਾ ਹਸਪਤਾਲ ਵਿਚ ਇਕ ਵੀ ਬੱਚਿਆਂ ਦਾ ਮਾਹਿਰ ਡਾਕਟਰ ਨਾ ਹੋਣਾ ਇਸ ਦਾਅਵੇ ਦੀ ਪੋਲ ਖੋਲ੍ਹਦਾ ਹੈ। ਜ਼ਿਲਾ ਹਸਪਤਾਲ ਮਰੀਜ਼ ਸੇਵਾ ਸੋਸਾਇਟੀ ਦੇ ਪ੍ਰਧਾਨ ਬਲਦੇਵ ਰਾਜ ਮਾਹੀ ਨੇ ਦੱਸਿਆ ਕਿ ਇਸ ਹਸਪਤਾਲ ’ਚ ਹੀ ਨਹੀਂ, ਸਗੋਂ ਜ਼ਿਲੇ ਭਰ ਵਿਚ ਬੱਚਿਆਂ ਦੇ ਮਾਹਿਰ ਡਾਕਟਰ ਦੀ ਘਾਟ ਹੈ, ਜਿਸ ਕਾਰਨ ਲੋਕਾਂ ਨੂੰ ਬੱਚਿਆਂ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਵਿਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। 
ਕੀ ਕਹਿੰਦੇ ਹਨ ਸੋਸਾਇਟੀ ਦੇ ਪ੍ਰਧਾਨ
ਇਸ ਸਬੰਧੀ ਸਿਵਲ ਹਸਪਤਾਲ ਮਰੀਜ਼ ਸੇਵਾ ਸੋਸਾਇਟੀ ਦੇ ਪ੍ਰਧਾਨ ਬਲਦੇਵ ਰਾਜ ਮਾਹੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨਿਸ਼ਕਾਮ ਭਾਵ ਨਾਲ ਲੋਕਾਂ ਵਿਸ਼ੇਸ਼ ਤੌਰ ’ਤੇ ਇਲਾਜ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਮਦਦ ਦਾ ਬੀਡ਼ਾ ਉਠਾ ਰਹੀ ਹੈ। ਅਜਿਹੇ ਮਰੀਜ਼ਾਂ ਦੀ ਮਦਦ ਜ਼ਿਲਾ ਸਰਕਾਰੀ ਹਸਪਤਾਲ ਪ੍ਰਸ਼ਾਸਨ, ਸਿਵਲ ਹਸਪਤਾਲ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਸਿਹਤ ਸਹੂਲਤਾਂ ਸਬੰਧੀ ਸਮੱਸਿਆਵਾਂ ਨੂੰ ਲਿਆ ਕੇ ਕੀਤੀ ਜਾ ਰਹੀ ਹੈ। 
ਕੀ ਕਹਿੰਦੇ ਹਨ ਸਿਵਲ ਸਰਜਨ ਡਾ. ਚਾਵਲਾ
ਜਦੋਂ ਇਸ ਸਬੰਧ ਵਿਚ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਾਇਰਲ ਰੋਗਾਂ ਦੇ ਇਲਾਜ ਲਈ ਉਨ੍ਹਾਂ ਨੂੰ ਚੰਡੀਗਡ਼੍ਹ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਜ਼ਿਲਾ ਪੱਧਰ ’ਤੇ ਹੋਣ ਵਾਲਾ ਇਲਾਜ ਇਥੇ  ਹੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਲਾਚੌਰ ਹਸਪਤਾਲ ਵਿਚ ਉਪਲਬਧ ਬੱਚਿਆਂ ਦੇ ਮਾਹਿਰ ਡਾਕਟਰ ਦੀ ਡਿਊਟੀ 3 ਦਿਨਾਂ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਚ ਲਾਈ ਗਈ  ਹੈ। ਜਨ ਅੌਸ਼ਧੀ ਕੇਂਦਰ ਦੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੇ ਜਨ ਅੌਸ਼ਧੀ ਕੇਂਦਰ  ਨੂੰ  ਬੰਦ ਕਰਨ ਦਾ ਨੋਟਿਸ ਦਿੱਤਾ ਗਿਆ ਹੈ ਅਤੇ ਜਲਦ ਹੀ ਨਵਾਂ ਜਨ ਅੌਸ਼ਧੀ ਕੇਂਦਰ ਖੋਲ੍ਹ ਕੇ ਇਸ ਦਿੱਕਤ ਨੂੰ ਦੂਰ ਕਰ ਲਿਆ ਜਾਵੇਗਾ। ਡਲਿਵਰੀ ਕੇਸਾਂ ਨੂੰ ਨਿੱਜੀ ਹਸਪਤਾਲਾਂ ਵਿਚ ਰੈਫਰ ਕਰਨ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਉਨ੍ਹਾਂ ਕਿਹਾ ਕਿ ਸਿਰਫ ਅਗਸਤ ਮਹੀਨੇ ਵਿਚ ਹੀ ਸਰਕਾਰੀ ਹਸਪਤਾਲ ਵਿਚ 150 ਤੋਂ ਵੱਧ ਡਲਿਵਰੀ ਕੇਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਹਸਪਤਾਲ ਵਿਚ ਡਾਕਟਰਾਂ ਅਤੇ ਉਪਕਰਨਾਂ ਦੀ ਘਾਟ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ ਅਤੇ ਜਲਦ ਹੀ ਇਸ ਘਾਟ ਨੂੰ ਪੂਰਾ ਕੀਤਾ ਜਾਵੇਗਾ।