ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਵਾਲੇ ਬੀ. ਡੀ. ਪੀ. ਓ. ਵਿਰੁੱਧ ਕੇਸ ਦਰਜ

12/21/2019 1:21:15 PM

ਮੁਕੇਰੀਆਂ (ਨਾਗਲਾ)— ਮੁਕੇਰੀਆਂ ਪੁਲਸ ਨੇ ਆਪਣੇ ਹੀ ਵਿਭਾਗ 'ਚ ਦਰਜਾ ਚਾਰ ਮਹਿਲਾ ਕਰਮਚਾਰੀ 'ਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਵਾਲੇ ਬੀ. ਡੀ. ਪੀ. ਓ. ਵਿਰੁੱਧ ਧਾਰਾ 354-ਏ ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੰਘਰਸ਼ ਕਮੇਟੀ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ 'ਆਪ' ਆਗੂ ਸੁਲੱਖਣ ਸਿੰਘ ਜੱਗੀ, ਡਾ. ਪ੍ਰਦੀਪ ਕਟੋਚ ਪ੍ਰਧਾਨ ਰਾਜਪੂਤ ਸਭਾ ਮੁਕੇਰੀਆਂ, ਸ਼ੰਭੂਨਾਥ ਭਾਰਤੀ, ਅੰਜਨਾ ਕਟੋਚ, ਵਿਕਰਮ ਸਿੰਘ, ਬਲਵੀਰ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤ ਮਹਿਲਾ ਅੰਜੂ ਬਾਲਾ ਪਤਨੀ ਸਵ. ਜਤਿੰਦਰ ਸਿੰਘ ਨਿਵਾਸੀ ਪਿੰਡ ਗੂੜ੍ਹਾ ਕਲਾਂ, ਪਠਾਨਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਿਛਲੇ ਲਗਭਗ ਦੋ ਸਾਲ ਤੋਂ ਮੁਕੇਰੀਆਂ 'ਚ ਤਾਇਨਾਤ ਬੀ. ਡੀ. ਪੀ. ਓ. ਹੀਰਾ ਸਿੰਘ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਆ ਰਿਹਾ ਸੀ।
ਪੀੜਤਾ ਨੇ ਦੱਸਿਆ ਕਿ ਉਹ ਉਸ ਦੇ ਝਾਂਸੇ 'ਚ ਨਾ ਆਈ ਤਾਂ ਉਕਤ ਅਧਿਕਾਰੀ ਨੇ ਕਦੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣ ਤਾਂ ਕਦੇ ਉੱਥੋਂ ਉਸ ਦੀ ਬਦਲੀ ਕਰਵਾ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਨੇ ਦੋਸ਼ ਲਾਇਆ ਕਿ ਉਕਤ ਅਧਿਕਾਰੀ ਕਦੇ ਉਸ ਨੂੰ ਕਾਰ 'ਚ ਚੱਲਣ ਅਤੇ ਕਦੇ ਕਿਸੇ ਹੋਟਲ 'ਚ ਚੱਲਣ ਲਈ ਕਹਿੰਦਾ ਸੀ ਤਾਂ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾ ਸਕੇ।

ਉਸ ਨੇ ਦੱਸਿਆ ਕਿ ਦਫਤਰ 'ਚ ਹੀ ਆਰਾਮ ਕਰਨ ਲਈ ਬਣਾਏ ਕਮਰੇ 'ਚ ਉਕਤ ਅਧਿਕਾਰੀ ਨੇ ਉਸ ਨੂੰ ਪਾਣੀ ਲਿਆਉਣ ਲਈ ਕਿਹਾ। ਜਦੋਂ ਉਹ ਪਾਣੀ ਲੈ ਕੇ ਗਈ ਤਾਂ ਉਕਤ ਅਧਿਕਾਰੀ ਨੇ ਉਸ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਉਸ ਨੇ ਡਟ ਕੇ ਵਿਰੋਧ ਕੀਤਾ। ਜਦੋਂ ਉਸ ਨੇ ਅਧਿਕਾਰੀ ਦੀ ਕੋਈ ਵੀ ਗੱਲ ਨਾ ਮੰਨੀ ਤਾਂ ਉਸ ਨੇ ਆਪਣੀ ਸਿਆਸੀ ਪਹੁੰਚ ਸਦਕਾ ਉਸ ਦੀ ਬਦਲੀ ਸਮਰਾਲਾ ਕਰਵਾ ਦਿੱਤੀ, ਜਿਸ 'ਤੇ ਉਸ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਮਜਬੂਰ ਹੋਣਾ ਪਿਆ। ਮੁਕੇਰੀਆਂ ਪੁਲਸ ਨੇ ਐੱਸ. ਪੀ. (ਡੀ) ਵੱਲੋਂ ਕੀਤੀ ਜਾਂਚ ਉਪਰੰਤ ਬੀ. ਡੀ. ਪੀ. ਓ. ਹੀਰਾ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।

shivani attri

This news is Content Editor shivani attri