ਕਿਸਾਨ ਜਥੇਬੰਦੀ ਨੇ ਆਪਣੀਆਂ ਮੰਗਾਂ ਸੰਬੰਧੀ ਅਵਾਜ਼ ਕੀਤੀ ਬੁਲੰਦ

05/17/2020 2:13:46 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਹੁਸ਼ਿਆਰਪੁਰ ਦੀ ਮੀਟਿੰਗ ਪਿੰਡ ਫੱਤਾ ਕੁੱਲਾ ਦੇ ਗੁਰਦੁਆਰਾ ਸਾਹਿਬ ਵਿਖੇ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ | ਮੀਟਿੰਗ ਵਿੱਚ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਡਾ .ਸਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਦੀ 10 ਜੂਨ ਨੂੰ ਝੋਨਾ ਲਾਉਣ ਦੀ ਤਜਵੀਜ਼ ਨੂੰ ਜਥੇਬੰਦੀ ਵੱਲੋਂ ਰੱਦ ਕੀਤਾ ਜਾਂਦਾ ਹੈ ਅਤੇ ਕਿਸਾਨ ਪਹਿਲੀ ਜੂਨ ਨੂੰ ਹੀ ਝੋਨਾ ਲਾਉਣਗੇ ਅਤੇ ਉਨ੍ਹਾਂ ਦਾ ਝੋਨਾ ਵਾਹੁਣ ਨਹੀਂ ਦਿੱਤਾ ਜਾਵੇਗਾ। 

ਇਸ ਸਬੰਧੀ ਇੱਕ ਮੰਗ ਪੱਤਰ 19 ਮਈ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ਜਾਵੇਗਾ। ਜਿਸ ਵਿੱਚ ਗੰਨੇ ਦਾ ਬਕਾਇਆ ਰਕਮ ਲੈਣ ਲਈ ਅਤੇ ਹੋਰ ਮੰਗਾਂ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੰਨੇ ਦੇ ਬਕਾਏ ਲਈ ਕਿਸਾਨ ਜਥੇਬੰਦੀ 2 ਜੂਨ ਨੂੰ ਕੀੜੀ ਮਿੱਲ ਦੇ ਸਾਹਮਣੇ ਧਰਨਾ ਵੀ ਲਾਵੇਗੀ। ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਅਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਇਸੇ ਤਰ੍ਹਾਂ ਝੋਨੇ ਦੇ ਸੀਜ਼ਨ ਵਿੱਚ 16 ਘੰਟੇ ਬਿਜਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾਵੇ। 

ਬਿਜਲੀ ਬੋਰਡ ਦਾ ਨਿੱਜੀਕਰਨ ਬੰਦ ਕਰਕੇ 1 ਰੁਪਏ ਪ੍ਰਤੀ ਯੂਨਿਟ ਬਿਜਲੀ ਕਿਸਾਨਾਂ ਨੂੰ ਦਿੱਤੀ ਜਾਵੇ। ਮੰਡੀਆਂ ਵਿੱਚ ਕਿਸਾਨਾਂ ਦੀ ਹੁੰਦੀ ਲੁੱਟ ਖਸੁੱਟ ਨੂੰ ਬੰਦ ਕੀਤਾ ਜਾਵੇ ਤੇ ਕਿਸਾਨਾਂ ਨੂੰ ਕਣਕ ਦੇ ਪੈਸੇ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਲਾਕਡਾਉਨ ਕਰਕੇ ਘਰਾਂ ਵਿੱਚ ਡੱਕੇ ਗਏ ਕਿਸਾਨ ਮਜ਼ਦੂਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਜਾਰੀ ਕੀਤੀਆਂ ਜਾਣ ਤੇ ਮਜ਼ਦੂਰਾਂ ਦੇ ਖਾਤਿਆਂ ਵਿੱਚ 10 -10 ਹਜ਼ਾਰ  ਰੁਪਏ ਪ੍ਰਤੀ ਮਹੀਨਾ ਪਾਇਆ ਜਾਵੇ। ਇਸ ਦੇ ਨਾਲ ਹੀ ਪੰਜਾਬ ਵਿੱਚ ਲੇਬਰ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਮੌਕੇ ਕਸ਼ਮੀਰ ਸਿੰਘ ਗਿੱਲ, ਬਾਬਾ ਹਰਬੰਸ ਸਿੰਘ, ਸੁਖਜਿੰਦਰ ਸਿੰਘ ਰਾਜਾ ਟਾਹਲੀ, ਨਿਸ਼ਾਨ ਸਿੰਘ ਗੰਦੂਵਾਲ, ਦਿਲ ਬਹਾਦਰ ਟਾਂਡਾ, ਮਲੂਕ ਸਿੰਘ, ਸਿਕੰਦਰ ਸਿੰਘ ਟਾਂਡੀ, ਬਗੀਚਾ ਸਿੰਘ, ਨਿਸ਼ਾਨ ਸਿੰਘ, ਰਵੀ ਟਾਹਲੀ, ਚਿਮਨ ਸਿੰਘ ਆਦਿ ਹਾਜ਼ਰ ਸਨ | 


Vandana

Content Editor

Related News