ਹੁਸ਼ਿਆਰਪੁਰ : ਕਾਲਜ ਬਾਹਰ ਵਿਦਿਆਰਥਣ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ

11/03/2018 7:54:55 PM

ਹੁਸ਼ਿਆਰਪੁਰ,(ਅਮਰਿੰਦਰ)— ਗਵਰਨਮੈਂਟ ਕਾਲਜ ਦੇ ਗੇਟ ਤੋਂ ਲੈ ਕੇ ਚੌਕ ਤਕ ਆਈਆਂ ਵਿਦਿਆਰਥਣਾਂ ਨਾਲ ਛੇੜਖਾਨੀ ਅਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤ ਪੱਖ ਦੀ ਸ਼ਿਕਾਇਤ 'ਤੇ ਥਾਣਾ ਮਾਡਲ ਟਾਊਨ ਪੁਲਸ ਨੇ ਸ਼ਨੀਵਾਰ ਨੂੰ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਹੋਈ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ 'ਚ ਪੀੜਤ ਵਿਦਿਆਰਥਣ ਦੇ ਭਰਾ ਦੇ ਨਾਲ ਹੋਈ ਮਾਰਕੁੱਟ ਦੀ ਵਾਰਦਾਤ ਦੇ ਵਾਇਰਲ ਹੁੰਦੇ ਹੀ ਮਾਮਲਾ ਨੇ ਤੂਲ ਫੜ ਲਿਆ। ਜਿਸ ਦੌਰਾਨ ਸ਼ਨੀਵਾਰ ਦੇਰ ਸ਼ਾਮ ਥਾਣਾ ਮਾਡਲ ਟਾਊਨ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਮਾਮਲਾ 
ਪੀੜਤ ਵਿਦਿਆਰਥਣ ਨੇ ਮੀਡੀਆ ਨੂੰ ਦੱਸਿਆ ਕਿ ਕਾਲਜ ਗੇਟ ਸਾਹਮਣੇ ਦੋਸ਼ੀ ਲੜਕੇ ਰੋਜ਼ਾਨਾ ਹੀ ਗਲਤ ਇਸ਼ਾਰਾ ਕਰਦੇ ਸਨ। ਇਕ ਦਿਨ ਉਸ ਦੀ ਬਾਂਹ ਵੀ ਫੜ ਲਈ ਸੀ, ਉਸ ਵਲੋਂ ਵਿਰੋਧ ਕਰਨ 'ਤੇ ਹਾਲਾਂਕਿ ਉਨ੍ਹਾਂ ਨੇ ਮੁਆਫੀ ਮੰਗ ਲਈ ਸੀ ਪਰ ਅਗਲੇ ਦਿਨ ਫਿਰ ਤੋਂ ਉਨ੍ਹਾਂ ਨੇ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ। ਬੁੱਧਵਾਰ ਨੂੰ ਜਦੋਂ ਉਸ ਦਾ ਭਰਾ ਉਸ ਨੂੰ ਲੈਣ ਕਾਲਜ ਗੇਟ 'ਤੇ ਆਇਆ ਤਾਂ ਦੋਸ਼ੀ ਨੌਜਵਾਨਾਂ ਨੇ ਉਸ ਦੇ ਭਰਾ ਦੀ ਜੰਮ ਕੇ ਕੁੱਟਮਾਰ ਕੀਤੀ। ਜਦੋਂ ਉਹ ਬਚਾਅ ਕਰਨ ਪਹੁੰਚੀ ਤਾਂ ਦੋਸ਼ੀਆਂ ਨੇ ਉਸ ਦੇ ਨਾਲ ਵੀ ਬਦਸਲੂਕੀ ਕੀਤੀ। ਪੀੜਤਾ ਨੇ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਤਾਂ ਜੋ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਰੋਜ਼ਾਨਾ ਸ਼ਰਮਸਾਰ ਨਾ ਹੋਣਾ ਪਵੇ।

ਇਸ ਮਾਮਲੇ ਬਾਰੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੁਲਸ ਪੀੜਤਾ ਵਿਦਿਆਰਥਣ ਦੇ ਬਿਆਨ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਸ਼ਨੀਵਾਰ ਦੇਰ ਸ਼ਾਮ ਨਰੇਸ਼ ਕੁਮਾਰ ਵਾਸੀ ਜਹਾਂਨਖੇਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਦੋਸ਼ੀ ਬੰਟੀ ਨਿਵਾਸੀ ਹੁਸ਼ਿਆਰਪੁਰ ਖਿਲਾਫ ਧਾਰਾ 323, 341, 354, 148, 149 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹੀ ਨਹੀਂ ਕਾਲਜ ਗੇਟ ਅਤੇ ਗਵਰਨਮੈਂਟ ਕਾਲਜ ਚੌਕ 'ਤੇ ਪੁਲਸ ਦੀ ਗਸ਼ਤ 'ਚ ਵੀ ਤੇਜ਼ੀ ਲਿਆ ਦਿੱਤੀ ਗਈ ਹੈ ਤਾਂ ਜੋ ਵਿਦਿਆਰਥਣਾਂ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਵੇ।