ਨਗਰ ਕੌਂਸਲ ਨੇਡ਼ੇ ਟੁੱਟੇ ਗੰਦੇ ਨਾਲੇ ਦੀ ਮੁਰੰਮਤ ਨਾ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ

11/15/2018 1:54:20 AM

 ਰੂਪਨਗਰ,   (ਵਿਜੇ)-  ਰੂਪਨਗਰ ਦੇ ਕਲਗੀਧਰ ਕੰਨਿਆ ਪਾਠਸ਼ਾਲਾ ਮਾਰਗ ’ਤੇ ਨਗਰ ਕੌਂਸਲ ਦੇ ਨੇਡ਼ੇ ਟੁੱਟੇ ਗੰਦੇ ਨਾਲੇ ਦੀ ਮੁਰੰਮਤ ਨਾ ਹੋਣ ਦੇ ਕਾਰਨ ਲੋਕਾਂ ਨੂੰ ਜਿੱਥੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਉੱਥੇ ਹੀ ਕੌਂਸਲ ਖਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਮੰਗਲ ਸ਼ਰਮਾ, ਸਤਿੰਦਰ ਕੁਮਾਰ, ਬਸੰਤ ਕੁਮਾਰ, ਦਿਨੇਸ਼ ਕੁਮਾਰ, ਲਲਿਤ ਭੱਲਾ, ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਤੋ ਕੁਝ ਗਜਾਂ ਦੀ ਦੂਰੀ ’ਤੇ ਗੰਦੇ ਨਾਲੇ ਦੇ ਟੁੱਟੇ ਹੋਣ ਨੂੰ 6 ਮਹੀਨੇ ਦੇ ਕਰੀਬ ਹੋ ਚੁੱਕੇ ਹਨ ਪਰ ਇਸਦੀ ਮੁਰੰਮਤ ਨੂੰ ਲੈ ਕੇ ਗੰਭੀਰਤਾ ਨਹੀ ਦਿਖਾਈ ਜਾ ਰਹੀ। ਉਨਾਂ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਨਾਲੇ ’ਚੋਂ ਕੱਢਿਆ ਗਿਆ ਮਲਵਾ ਆਦਿ ਵੀ ਸਡ਼ਕ ਕਿਨਾਰੇ ਹੀ ਪਿਆ ਹੈ ਜੋ ਦੁਰਘਟਨਾਵਾਂ ਨੂੰ ਸੱਦਾ ਦੇ ਰਿਹਾ ਹੈ। ਉਨ੍ਹਾਂ  ਨਗਰ ਕੌਂਸਲ ਦੇ ਈ.ਓ. ਤੋਂ ਟੁੱਟੇ ਗੰਦੇ ਨਾਲੇ ਦੀ ਮੁਰੰਮਤ ਅਤੇ ਤੁਰੰਤ ਉਕਤ ਮਲਬੇ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ।