ਪਲਾਂਡੋਰਾਜ਼ ਦੇ ਮਾਲਕ ਨੂੰ ਨਾਮਜ਼ਦ ਨਾ ਕਰਨ ਪਿੱਛੇ ਪੁਲਸ 'ਤੇ ਇਕ ਸੀਨੀਅਰ ਅਧਿਕਾਰੀ ਨੇ ਪਾਇਆ ਸੀ ਦਬਾਅ!

01/05/2020 4:51:14 PM

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਮਾਡਲ ਟਾਊਨ ਸਥਿਤ ਪਲਾਂਡੋਰਾਜ਼ ਹੁੱਕਾ ਬਾਰ 'ਤੇ ਛਾਪੇਮਾਰੀ ਕਰਕੇ ਹੁੱਕਾ ਬਰਾਮਦ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਮੁਲਜ਼ਮ ਰਾਜ ਕੁਮਾਰ ਅਤੇ ਮਦਨ ਨੂੰ ਪੁਲਸ ਨੇ ਜ਼ਮਾਨਤ 'ਤੇ ਛੱਡ ਦਿੱਤਾ। ਮਾਮਲੇ ਨੂੰ ਲੈ ਕੇ ਏ. ਸੀ. ਪੀ. ਧਰਮਪਾਲ ਦਾ ਕਹਿਣਾ ਹੈ ਕਿ ਪਲਾਂਡੋਰਾਜ਼ ਹੁੱਕਾ ਬਾਰ ਦੇ ਮਾਲਕ ਦੀ ਕੇਸ 'ਚ ਭੂਮਿਕਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਲਾਂਡੋਰਾਜ਼ ਦੇ ਮਾਲਕ ਨੂੰ ਨਾਮਜ਼ਦ ਨਾ ਕਰਨ ਸਬੰਧੀ ਪੁਲਸ 'ਤੇ ਕਾਫੀ ਦਬਾਅ ਬਣਾਇਆ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਪਲਾਂਡੋਰਾਜ਼ ਅਤੇ ਪੀ. ਪੀ. ਆਰ. ਮਾਲ ਸਥਿਤ ਮਿਲੇਨੀਅਰਸ ਲਾਊਂਜ ਬਾਰ 'ਤੇ ਛਾਪਾਮਾਰੀ ਕਰਕੇ ਰੰਗੇ ਹੱਥ ਹੁੱਕਾ ਤੱਕ ਬਰਾਮਦ ਕਰ ਕੇ ਮੁਲਜ਼ਮ ਰਾਜ ਕੁਮਾਰ ਅਤੇ ਮਦਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਥੇ ਹੀ ਇਸ ਕੇਸ 'ਚ ਪੁਲਸ ਨੇ ਮਿਲੇਨੀਅਰਸ ਲਾਊਂਜ ਦੇ ਮਾਲਕ ਹਰਕੁਸ਼ਲ ਤਨੇਜਾ ਨੂੰ ਬਾਕਾਇਦਾ ਨਾਮਜ਼ਦ ਕੀਤਾ ਪਰ ਪਲਾਂਡੋਰਾਜ਼ ਦੇ ਮਾਲਕਾਂ ਨੂੰ ਨਾਮਜ਼ਦ ਹੀ ਨਹੀਂ ਕੀਤਾ ਗਿਆ।

ਸੀ. ਪੀ. ਦਫਤਰ ਸਥਿਤ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਕੇਸ 'ਚ ਸੀ. ਪੀ. ਆਫਿਸ ਸਥਿਤ ਇਕ ਆਲ੍ਹਾ ਅਧਿਕਾਰੀ ਦੇ ਕਹਿਣ 'ਤੇ ਪਲਾਂਡੋਰਾਜ਼ ਦੇ ਮਾਲਕ 'ਤੇ ਕੇਸ ਦਰਜ ਨਹੀਂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਪਲਾਂਡੋਰਾਜ਼ ਦੇ ਸਿਰਫ 2 ਕਰਮਚਾਰੀਆਂ ਨੂੰ ਹੀ ਮੌਕੇ 'ਤੇ ਹੁੱਕਾ ਸਮੇਤ ਕਾਰਵਾਈ ਕੀਤੀ ਗਈ ਸੀ ਪਰ ਮਾਲਕ ਨੂੰ ਕੇਸ 'ਚ ਨਾਮਜ਼ਦ ਨਹੀਂ ਕੀਤਾ ਗਿਆ। ਪੁਲਸ ਦੀ ਇਹ ਢਿੱਲੀ ਕਾਰਵਾਈ ਸੀ. ਪੀ. ਆਫਿਸ 'ਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਵੱਡੀ ਸਿਫਾਰਿਸ਼ ਹੋਣ ਕਾਰਨ ਪਲਾਂਡੋਰਾਜ਼ ਦੇ ਮਾਲਕ ਜਿਨ੍ਹਾਂ ਦੀ ਨੱਕ ਹੇਠਾਂ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਬਚਾਇਆ ਗਿਆ ਹੈ। ਇਸ ਸਬੰਧ 'ਚ ਏ. ਸੀ. ਪੀ. ਧਰਮਪਾਲ ਨੇ ਸਵਾਲ ਨੂੰ ਟਾਲਦੇ ਹੋਏ ਤਰਕ ਦਿੱਤਾ ਕਿ ਪਲਾਂਡੋਰਾਜ਼ 'ਚ ਛਾਪੇਮਾਰੀ ਦੌਰਾਨ ਮੌਕੇ 'ਤੇ ਜੋ ਵੀ ਕਰਮਚਾਰੀ ਹੁੱਕਾ ਵੇਚਦੇ ਮਿਲੇ, ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਪਰ ਮਾਲਕ ਦੀ ਇਸ ਕੇਸ 'ਚ ਭੂਮਿਕਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਬੀਤੇ ਸਾਲ ਪੁਲਸ ਨੇ ਵੱਖਰੇ ਥਾਣੇ ਦੇ ਐੱਸ. ਐੱਚ. ਓ. ਸਮੇਤ ਫੋਰਸ ਨੂੰ ਸੱਦ ਕੇ ਹੁੱਕਾ ਬਾਰ 'ਤੇ ਕੀਤੀ ਸੀ ਕਾਰਵਾਈ!
ਜ਼ਿਕਰਯੋਗ ਹੈ ਕਿ ਬੀਤੇ ਸਾਲ ਪੁਲਸ ਵੱਲੋਂ ਪੀ. ਪੀ. ਆਰ. ਮਾਲ ਸਥਿਤ ਏਰੀਆ ਦੇ ਐੱਸ. ਐੱਚ. ਓ. ਦੀ ਜਗ੍ਹਾ ਬਾਹਰ ਤੋਂ ਐੱਸ. ਐੱਚ. ਓ. ਨੂੰ ਸੱਦ ਕੇ ਹੁੱਕਾ ਬਾਰ 'ਚ ਛਾਪੇਮਾਰੀ ਕਰਵਾਈ ਗਈ ਸੀ, ਜਿਨ੍ਹਾਂ 'ਚ ਐੱਸ. ਐੱਚ. ਓ. ਥਾਣਾ 5 ਅਤੇ ਹੋਰ ਥਾਣਿਆਂ ਦੇ ਐੱਸ. ਐੱਚ. ਓ. ਸ਼ਾਮਲ ਸਨ, ਜਿਥੇ ਮੌਕੇ ਤੋਂ ਹੀ ਮਿਲੇਨੀਅਰਸ ਲਾਊਂਜ ਦੇ ਮਾਲਕ ਹਰਕੁਸ਼ਲ ਤਨੇਜਾ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਛਾਪੇਮਾਰੀ 'ਚ ਪੁਲਸ ਵੱਲੋਂ ਦੱਸਿਆ ਗਿਆ ਸੀ ਕਿ ਹਰਕੁਸ਼ਲ ਤਨੇਜਾ ਮੌਕੇ 'ਤੇ ਛਾਪੇਮਾਰੀ ਦੌਰਾਨ ਮੌਜੂਦ ਨਹੀਂ ਸੀ ਪਰ ਫਿਰ ਵੀ ਉਸ ਨੂੰ ਨਾਮਜ਼ਦ ਕਰ ਕੇ ਕੇਸ ਦਰਜ ਕੀਤਾ, ਜਿਸ ਤੋਂ ਕੁਝ ਦਿਨ ਬਾਅਦ ਜਾ ਕੇ ਪੁਲਸ ਨੇ ਹਰਕੁਸ਼ਲ ਤਨੇਜਾ ਨੂੰ ਗ੍ਰਿਫਤਾਰ ਕਰਕੇ ਜ਼ਮਾਨਤ 'ਤੇ ਛੱਡਿਆ ਸੀ। ਹੁਣ 2 ਦਿਨ ਪਹਿਲਾਂ ਹੋਈ ਇਸ ਕਾਰਵਾਈ 'ਚ ਪਲਾਂਡੋਰਾਜ਼ ਦੇ ਮਾਲਕ ਦੇ ਨਾ ਮੌਜੂਦ ਹੋਣ ਕਾਰਨ ਪੁਲਸ ਨੇ ਕੇਸ 'ਚ ਨਾਮਜ਼ਦ ਨਹੀਂ ਕੀਤਾ। ਪੁਲਸ ਵਲੋਂ ਕੀਤੀ ਗਈ ਉਕਤ ਕਾਰਵਾਈ ਕਈ ਸਵਾਲ ਖੜ੍ਹੇ ਕਰ ਰਹੀ ਹੈ।


shivani attri

Content Editor

Related News