ਦਿਨ-ਦਿਹਾੜੇ ਚੋਰ ਨਕਦੀ ਤੇ ਗਹਿਣੇ ਲੈ ਕੇ ਫਰਾਰ

05/26/2020 12:13:13 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਦਰ ਦੇ ਅਧੀਨ ਆਉਂਦੇ ਭਰਵਾਈਂ ਰੋਡ 'ਤੇ ਸਥਿਤ ਮਾਊਂਟਵਿਊ ਕਾਲੋਨੀ 'ਚ ਬੀਤੇ ਦਿਨ ਚੋਰ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਘਰ 'ਚੋਂ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਪੁਲਸ ਦੀ ਚੌਕਸੀ ਦੇ ਬਾਵਜੂਦ ਹੁਸ਼ਿਆਰਪੁਰ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਰਾਤ ਤਾਂ ਰਾਤ ਹੁਣ ਦਿਨ 'ਚ ਵੀ ਚੋਰਾਂ ਵੱਲੋਂ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦਿੰਦੇ ਹੋਏ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦਿਨ-ਦਿਹਾੜੇ ਚੋਰੀ ਦੀ ਇਸ ਵਾਰਦਾਤ ਦਾ ਪਤਾ ਚਲਦੇ ਹੀ ਪੂਰੀ ਕਾਲੋਨੀ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮਾਊਂਟਵਿਊ ਕਾਲੋਨੀ 'ਚ ਹੋਈ ਚੋਰੀ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਚੋਰੀ ਦਾ ਸ਼ਿਕਾਰ ਹੋਏ ਘਰ ਦੇ ਮਾਲਕ ਹਰੀਕ੍ਰਿਸ਼ਨ ਉਰਫ ਹੈਪੀ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ ਉਹ ਕਰੀਬ 9 ਵਜੇ ਜਦੋਂ ਆਪਣੀ ਦੁਕਾਨ, ਜੋ ਕਿ ਘਰ ਦੇ ਕੋਲ ਹੀ ਹੈ, ਨੂੰ ਖੋਲ੍ਹਣ ਲਈ ਗਏ ਤਾਂ ਉਨ੍ਹਾਂ ਦੀ ਪਤਨੀ ਸੁਮਨ ਵੀ ਉਨ੍ਹਾਂ ਦੇ ਨਾਲ ਦੁਕਾਨ ਤੱਕ ਆ ਗਈ ਸੀ। ਬੱਚੇ ਘਰ ਦੇ ਬਾਹਰ ਖੇਡ ਰਹੇ ਸਨ। ਦੁਕਾਨ ਖੋਲ੍ਹਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਮਨ ਘਰ ਗਈ ਤਾਂ ਜਦੋਂ ਉਸ ਨੇ ਘਰ ਦਾ ਮੇਨ ਗੇਟ ਖੋਲ੍ਹਿਆ ਤਾਂ ਘਰ ਦੇ ਅੰਦਰ ਕੁਝ ਵਿਅਕਤੀ ਸਨ ਅਤੇ ਗੇਟ ਖੁੱਲ੍ਹਣ ਦੀ ਆਵਾਜ਼ ਸੁਣ ਕੇ ਉਹ ਪਿਛਲੇ ਦਰਵਾਜ਼ੇ ਰਾਹੀਂ ਫਰਾਰ ਹੋ ਗਏ।

PunjabKesari

ਉਨ੍ਹਾਂ ਨੇ ਦੱਸਿਆ ਕਿ ਦਿਨ-ਦਿਹਾੜੇ ਚੋਰਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਨਾਲ ਉਹ ਕਾਫੀ ਭੈਅਭੀਤ ਹਨ, ਕਿਉਂਕਿ ਉਨ੍ਹਾਂ ਦੇ ਬੱਚੇ ਛੋਟੇ ਹਨ ਅਤੇ ਜੇਕਰ ਉਹ ਘਰ 'ਚ ਹੁੰਦੇ ਤਾਂ ਚੋਰ ਸ਼ਾਇਦ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ। ਉਨ੍ਹਾਂ ਨੇ ਦੱਸਿਆ ਕਿ ਚੋਰਾਂ ਨੇ ਕੁਝ ਹੀ ਦੇਰ 'ਚ ਘਰ ਦਾ ਸਾਰਾ ਸਾਮਾਨ ਖਿਲਾਰ ਦਿੱਤਾ ਤੇ ਅੰਗੂਠੀ, ਮੰਗਲ ਸੂਤਰ ਸਮੇਤ ਸੋਨੇ ਦੇ ਹੋਰ ਗਹਿਣੇ ਅਤੇ ਕਰੀਬ 50-60 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਕੁਝ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ।


shivani attri

Content Editor

Related News