ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾ ਕੇ ਨਕਦੀ ਤੇ ਗਹਿਣੇ ਕੀਤੇ ਚੋਰੀ

03/02/2020 3:53:20 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼)— ਚੋਰਾਂ ਨੇ ਬੀਤੇ ਦਿਨ ਪਿੰਡ ਸੀਕਰੀ 'ਚ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਚੋਰਾਂ ਨੇ ਗਿਆਨ ਸਿੰਘ ਪੁੱਤਰ ਵਤਨ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਆਪਣੀ ਪਤਨੀ ਜਸਵਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪਾਵਨ ਸੰਗ ਪੈਦਲ ਯਾਤਰਾ 'ਚ ਸ਼ਾਮਲ ਸੰਗਤਾਂ ਦਾ ਸਵਾਗਤ ਕਰਨ ਲਈ ਪਿੰਡ ਸੀਕਰੀ ਦੇ ਅੱਡੇ 'ਤੇ ਗਏ ਹੋਏ ਸਨ।

ਜਦੋਂ ਉਹ ਸ਼ਾਮ ਨੂੰ ਘਰ ਵਾਪਸ ਆਏ ਤਾਂ ਚੋਰੀ ਬਾਰੇ ਪਤਾ ਲੱਗਿਆ। ਗਿਆਨ ਸਿੰਘ ਨੇ ਦੱਸਿਆ ਕਿ ਚੋਰ ਘਰ 'ਚੋਂ ਲਗਭਗ 1200 ਯੂਰੋ ਕਰੰਸੀ ਅਤੇ 35 ਹਜ਼ਾਰ ਰੁਪਏ ਅਤੇ ਲਗਭਗ 5 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਬੁੱਲੋਵਾਲ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਉਪਰੰਤ ਥਾਣੇਦਾਰ ਕੁਲਵੰਤ ਸਿੰਘ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਪਾਵਨ ਸੰਗ ਦੀ ਪੈਦਲ ਯਾਤਰਾ ਦੌਰਾਨ ਅੱਡਾ ਸਰਾਂ ਟਾਂਡਾ ਅਤੇ ਹੋਰਨਾਂ ਸਥਾਨਾਂ 'ਤੇ ਜੇਬ ਕਤਰਿਆਂ ਨੇ ਕਈਆਂ ਲੋਕਾਂ ਦੀਆਂ ਜੇਬਾਂ 'ਤੇ ਹੱਥ ਸਾਫ ਕੀਤਾ ਹੈ।


shivani attri

Content Editor

Related News