ਨਾਇਬ ਸੂਬੇਦਾਰ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ

02/10/2020 4:48:28 PM

ਜਲੰਧਰ (ਮਹੇਸ਼)— ਚੋਹਕਾਂ ਪਿੰਡ 'ਚ ਰਿਟਾ. ਨਾਇਬ ਸੂਬੇਦਾਰ ਸੁਖਦੇਵ ਸਿੰਘ ਪੁੱਤਰ ਅਮਰ ਚੰਦ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਸੋਨੇ ਦੇ ਗਹਿਣਿਆਂ, ਹਜ਼ਾਰਾਂ ਦੀ ਨਕਦੀ ਅਤੇ 4 ਘੜੀਆਂ 'ਤੇ ਹੱਥ ਸਾਫ਼ ਕਰ ਦਿੱਤਾ। ਐਤਵਾਰ ਨੂੰ ਦਿਨ-ਦਿਹਾੜੇ ਹੋਈ ਇਸ ਵਾਰਦਾਤ ਨੇ ਪੁਲਸ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਵਾਰਦਾਤ ਸਮੇਂ ਪੀੜਤ ਪਰਿਵਾਰ ਆਪਣੇ ਪਿੰਡ ਚੋਹਕਾਂ ਦੇ ਹੀ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਆਯੋਜਿਤ ਸਮਾਗਮ 'ਚ ਹਿੱਸਾ ਲੈਣ ਲਈ ਗਏ ਸੀ। ਪਿਛਿਓਂ ਚੋਰਾਂ ਨੇ ਰਸੋਈ ਦੀ ਖਿੜਕੀ ਨੂੰ ਲੱਗੀ ਗ੍ਰਿਲ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸੇ ਖਿੜਕੀ ਰਾਹੀਂ ਫਰਾਰ ਹੋ ਗਏ।

ਸੁਖਦੇਵ ਸਿੰਘ ਨੇ ਮੌਕੇ 'ਤੇ ਪਹੁੰਚੀ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਦੁਪਹਿਰ 12 ਵਜੇ ਗੁਰਦੁਆਰਾ ਸਾਹਿਬ ਗਏ ਸਨ। ਕਰੀਬ ਤਿੰਨ ਘੰਟੇ ਬਾਅਦ ਜਦੋਂ ਵਾਪਸ ਆਏ ਤਾਂ ਘਰ ਦਾ ਬਾਹਰੀ ਗੇਟ ਅਤੇ ਅੰਦਰ ਦੇ ਦਰਵਾਜ਼ੇ ਖੋਲ੍ਹ ਕੇ ਦੇਖਿਆ ਕਿ ਪੂਰਾ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀ 'ਚੋਂ ਉਕਤ ਸਾਮਾਨ ਗਾਇਬ ਸੀ। ਘਰ ਦੇ ਆਲੇ-ਦੁਆਲੇ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਾ ਹੋਣ ਕਾਰਣ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦਾ ਪਤਾ ਨਹੀਂ ਲਗ ਸਕਿਆ ਹੈ। ਪੁਲਸ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ 'ਚ ਪਿਛਲੇ ਸਾਲ ਵੀ ਦਿਨ-ਦਿਹਾੜੇ ਚੋਰੀ ਦੀ ਇਕ ਵੱਡੀ ਵਾਰਦਾਤ ਹੋਈ ਸੀ, ਜਿਸ ਨੂੰ ਪੁਲਸ ਅਜੇ ਤੱਕ ਟਰੇਸ ਨਹੀਂ ਕਰ ਸਕੀ। ਅੱਜ ਦੀ ਵਾਰਦਾਤ ਨਾਲ ਪਿੰਡ ਚੋਹਕਾਂ ਦੇ ਲੋਕ ਹੋਰ ਵੀ ਸਹਿਮ ਗਏ ਹਨ। ਉਨ੍ਹਾਂ ਦੇ ਮਨ 'ਚ ਵੀ ਇਹ ਖੌਫ ਪੈਦਾ ਹੋ ਗਿਆ ਹੈ ਕਿ ਉਹ ਵੀ ਚੋਰਾਂ ਦਾ ਸ਼ਿਕਾਰ ਹੋ ਸਕਦੇ ਹਨ।


shivani attri

Content Editor

Related News