ਚੋਰਾਂ ਨੇ DSP ਦੇ ਘਰ ਬੋਲਿਆ ਧਾਵਾ, ਗੰਨਮੈਨ ਦੀ ਵਰਦੀ ਤੇ ਹੋਰ ਸਾਮਾਨ ਕੀਤਾ ਚੋਰੀ

09/16/2019 11:49:59 AM

ਜਲੰਧਰ (ਜ. ਬ.)— ਅਰਬਨ ਅਸਟੇਟ ਫੇਜ਼-2 'ਚ ਰਹਿੰਦੇ ਫਰੀਦਕੋਟ 'ਚ ਤਾਇਨਾਤ ਡੀ. ਐੱਸ. ਪੀ. ਪਰਸਨ ਸਿੰਘ ਦੇ ਘਰ ਸ਼ਨੀਵਾਰ ਦੇਰ ਰਾਤ ਚੋਰ ਦਾਖਲ ਹੋ ਗਏ। ਚੋਰ ਡੀ. ਐੱਸ. ਪੀ. ਦੇ ਘਰ ਦੇ ਨਾਲ ਵਾਲੇ ਖਾਲੀ ਪਏ ਘਰ 'ਚੋਂ ਹੁੰਦੇ ਹੋਏ ਛੱਤ 'ਤੇ ਪਹੁੰਚੇ ਅਤੇ ਦੂਜੀ ਮੰਜ਼ਿਲ 'ਤੇ ਸੌਂ ਰਹੇ 2 ਗੰਨਮੈਨਾਂ 'ਚੋਂ ਇਕ ਦਾ ਮੋਬਾਇਲ, ਵਰਦੀ, ਆਈ. ਡੀ. ਕਾਰਡ, ਕੈਸ਼ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਸਵੇਰੇ ਜਦੋਂ ਚੋਰੀ ਦਾ ਪਤਾ ਲੱਗਾ ਤਾਂ ਸੂਚਨਾ ਥਾਣਾ ਨੰ. 7 ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਗੰਨਮੈਨ ਦੇ ਮੋਬਾਇਲ ਤੋਂ ਹੀ ਚੋਰਾਂ ਦਾ ਪਤਾ ਲਗਵਾ ਲਿਆ ਅਤੇ ਦੋਵਾਂ ਚੋਰਾਂ ਨੂੰ ਕਾਬੂ ਕਰ ਲਿਆ। ਚੋਰਾਂ 'ਚੋਂ ਇਕ ਸਕਿਓਰਿਟੀ ਗਾਰਡ ਹੈ।

ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੀ. ਐੱਸ. ਪੀ. ਪਰਸਨ ਸਿੰਘ ਦੇ ਘਰ 'ਚ ਚੋਰੀ ਹੋਈ ਹੈ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਡੀ. ਐੱਸ. ਪੀ. ਦਾ ਗੰਨਮੈਨ ਲਖਬੀਰ ਸਿੰਘ ਹੋਰ ਗੰਨਮੈਨ ਨਾਲ ਘਰ ਦੀ ਦੂਜੀ ਮੰਜ਼ਿਲ 'ਤੇ ਬਣੇ ਰੂਮ 'ਚ ਸੌਂਦਾ ਹੈ। ਲਖਬੀਰ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਸੌਣ ਤੋਂ ਪਹਿਲਾਂ ਉਸ ਨੇ ਰੂਮ ਦਾ ਦਰਵਾਜ਼ਾ ਖੋਲ੍ਹ ਦਿੱਤਾ ਸੀ। ਵੈਪਨ ਉਨ੍ਹਾਂ ਨੇ ਸੇਫ ਜਗ੍ਹਾ 'ਤੇ ਰੱਖੇ ਸਨ। ਸਵੇਰੇ ਜਦੋਂ ਉੱਠੇ ਤਾਂ ਲਖਬੀਰ ਦਾ ਮੋਬਾਇਲ, ਦੂਜੇ ਗੰਨਮੈਨ ਦੀ ਵਰਦੀ ਵਾਲੀ ਕਿੱਟ, 1800 ਰੁਪਏ ਕੈਸ਼, ਆਈ. ਡੀ. ਕਾਰਡ ਅਤੇ ਹੋਰ ਸਾਮਾਨ ਗਾਇਬ ਸੀ।
ਪੁਲਸ ਨੇ ਗੰਨਮੈਨ ਲਖਬੀਰ ਸਿੰਘ ਦੇ ਮੋਬਾਇਲ ਦੀ ਲੋਕੇਸ਼ਨ ਖੰਗਾਲੀ ਤਾਂ ਕੁਝ ਇਨਪੁਟ ਮਿਲੇ। ਪੁਲਸ ਨੇ ਤੁਰੰਤ ਗੜ੍ਹਾ ਇਲਾਕੇ ਵਿਚ ਛਾਪੇਮਾਰੀ ਕਰਕੇ ਸਕਿਓਰਿਟੀ ਗਾਰਡ ਸ਼ਿਵਦੱਤ ਉਰਫ ਵਿੱਕੀ ਪੁੱਤਰ ਰਤਨ ਲਾਲ ਤੇ ਅਰੁਣ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗੜ੍ਹਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਵਾਂ ਤੋਂ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰ ਲਿਆ ਹੈ।

ਇੰਸਪੈਕਟਰ ਨਵੀਨ ਪਾਲ ਨੇ ਕਿਹਾ ਕਿ ਦੋਵਾਂ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸ਼ਿਵਦੱਤ ਬੀ. ਐੱਮ. ਸੀ. ਚੌਕ 'ਤੇ ਪ੍ਰਾਈਵੇਟ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ, ਜਦਕਿ ਅਰੁਣ ਜੋਤੀ ਚੌਕ ਦੇ ਕੋਲ ਸਥਿਤ ਇਕ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰਦਾ ਹੈ। ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਕਤ ਲੋਕਾਂ ਨੇ ਹੋਰ ਕੋਈ ਵਾਰਦਾਤ ਕੀਤੀ ਹੈ ਜਾਂ ਨਹੀਂ।

shivani attri

This news is Content Editor shivani attri