ਹੋਮ ਗਾਰਡ ਦੇ ਜਵਾਨ ਦੀ ਰੇਲ ਗੱਡੀ ਦੀ ਲਪੇਟ ''ਚ ਆਉਣ ਨਾਲ ਮੌਤ

11/23/2019 7:20:40 PM

ਸ੍ਰੀ ਕੀਰਤਪੁਰ ਸਾਹਿਬ,(ਬਾਲੀ)- ਬੀਤੀ ਰਾਤ ਸਰਸਾ ਨਦੀ ਰੇਲਵੇ ਪੁਲ ਉਪਰ ਰੇਲ ਗੱਡੀ ਨਾਲ ਟਕਰਾਉਣ ਕਾਰਣ ਪੰਜਾਬ ਹੋਮ ਗਾਰਡ ਦੇ ਇਕ ਜਵਾਨ ਦੀ ਮੌਕੇ ਉਪਰ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਰੇਲਵੇ ਪੁਲਸ ਦੇ ਇੰਸਪੈਕਟਰ ਸੁਖਬੀਰ ਸਿੰਘ ਅਤੇ ਰੇਲਵੇ ਪੁਲਸ ਰੂਪਨਗਰ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕੋਮਲ ਸਿੰਘ (24) ਪੁੱਤਰ ਸਵ. ਹਰਦੇਵ ਸਿੰਘ ਵਾਸੀ ਪਿੰਡ ਹੱਥਣ ਜ਼ਿਲਾ ਸੰਗਰੂਰ 15 ਨਵੰਬਰ ਨੂੰ ਹੀ ਸਰਸਾ ਨਦੀ ਰੇਲਵੇ ਪੁਲ ਦੀ ਪੋਸਟ ਉਪਰ ਤਾਇਨਾਤ ਸੀ। ਉਕਤ ਨੌਜਵਾਨ ਬੀਤੀ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਡਿਊਟੀ ਉਪਰ ਤਾਇਨਾਤ ਸੀ ਜਦੋਂ ਇਹ ਗਸ਼ਤ ਕਰਦਾ ਹੋਇਆ ਰੇਲਵੇ ਪੁਲ 'ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਰੇਲ ਗੱਡੀ ਆ ਗਈ ਧੁੰਦ ਕਾਰਣ ਇਸ ਨੂੰ ਗੱਡੀ ਵਿਖਾਈ ਨਹੀਂ ਦਿੱਤੀ ਜਦੋਂ ਇਹ ਰੇਲਵੇ ਪੁਲ 'ਤੇ ਹੀ ਰੇਲ ਗੱਡੀ ਲੰਘਾਉਣ ਲਈ ਸਾਈਡ 'ਤੇ ਖੜ੍ਹਾ ਹੋਇਆ ਤਾਂ ਧੁੰਦ ਕਾਰਣ ਸਹੀ ਢੰਗ ਨਾਲ ਸਾਈਡ 'ਤੇ ਖੜ੍ਹਾ ਨਾ ਹੋਣ ਕਰ ਕੇ ਇਹ ਰੇਲ ਗੱਡੀ ਦੇ ਡੱਬਿਆਂ ਨਾਲ ਟਕਰਾਅ ਗਿਆ ਅਤੇ ਹੇਠਾਂ ਨਦੀ ਵਿਚ ਜਾ ਡਿੱਗਿਆ ਜਦੋਂ ਇਹ ਕਾਫੀ ਸਮਾਂ ਵਾਪਸ ਨਾ ਆਇਆ ਤਾਂ ਇਸ ਦੇ ਸਾਥੀਆਂ ਨੇ ਇਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਭਾਲ ਕਰਨ 'ਤੇ ਵੀ ਇਹ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਕੋਮਲ ਸਿੰਘ ਦੇ ਲਾਪਤਾ ਹੋਣ ਬਾਰੇ ਜਾਣੂ ਕਰਵਾਇਆ। ਜਦੋਂ ਪੁਲਸ ਮੁਲਾਜ਼ਮ ਇਸ ਦੀ ਭਾਲ ਕਰ ਰਹੇ ਸਨ ਤਾਂ ਰੇਲਵੇ ਪੁਲ ਦੇ ਹੇਠਾਂ ਸਰਸਾ ਨਦੀ ਵਿਚ ਉਕਤ ਨੌਜਵਾਨ ਦੀ ਲਾਸ਼ ਪਈ ਹੋਈ ਮਿਲੀ। ਰੇਲਵੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਨੌਜਵਾਨ ਦੀ ਮਾਤਾ ਹਰਪਾਲ ਕੌਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਕੋਮਲ ਸਿੰਘ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸੰਨ 2018 ਵਿਚ ਨੌਕਰੀ ਮਿਲੀ ਸੀ।

Bharat Thapa

This news is Content Editor Bharat Thapa