ਘਰ ’ਚ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ

06/03/2022 2:45:36 PM

ਨੂਰਪੁਰਬੇਦੀ (ਭੰਡਾਰੀ)-ਬੀਤੀ ਅੱਧੀ ਰਾਤ ਨੂੰ ਖੇਤਰ ਦੇ ਪਿੰਡ ਟਿੱਬਾ ਨੰਗਲ ਵਿਖੇ ਇਕ ਘਰ ’ਚ ਭਿਆਨਕ ਅੱਗ ਲੱਗਣ ’ਤੇ ਘਰ ਦਾ ਸਮੁੱਚਾ ਸਾਮਾਨ ਜਲ ਕੇ ਰਾਖ ਹੋ ਗਿਆ ਜਦਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਰ ’ਚ ਅੱਗ ਲੱਗਣ ਸਮੇਂ ਘਰ ਦਾ ਮੁੱਖੀ ਜੋ ਇਕ ਜੇ. ਸੀ. ਬੀ. ਮਸ਼ੀਨ ਦਾ ਆਪ੍ਰੇਟਰ ਹੈ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਿਆ ਹੋਇਆ ਸੀ। ਜਦਕਿ ਉਸ ਦੀ ਮਾਤਾ ਰਿਸ਼ਤੇਦਾਰੀ ’ਚ ਅਸਾਮ ਗਈ ਹੋਣ ਕਾਰਨ ਉਸ ਦੀ ਪਤਨੀ ਹੀ ਇਕੱਲੀ ਘਰ ’ਚ ਮੌਜੂਦ ਸੀ।

ਇਸ ਅੱਗ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਮਨਦੀਪ ਸਿੰਘ ਦੀ ਪਤਨੀ ਤਰਨਪ੍ਰੀਤ ਕੌਰ ਅਤੇ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਪੀੜਤ ਵਿਅਕਤੀ ਦੇ ਚਾਚਾ ਰੇਸ਼ਮ ਸਿੰਘ ਨਿਵਾਸੀ ਪਿੰਡ ਜੇਤੇਵਾਲ ਨੇ ਦੱਸਿਆ ਕਿ ਉਕਤ ਹਾਦਸਾ ਰਾਤ ਕਰੀਬ ਸਾਢੇ 12 ਵਜੇ ਦੇ ਆਸ-ਪਾਸ ਵਾਪਰਿਆ। ਤਰਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪੀਰ ਨਿਗਾਹਾ ਦੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਗਿਆ ਹੋਇਆ ਸੀ ਅਤੇ ਉਹ ਘਰ ਦੇ ਇਕ ਕਮਰੇ ’ਚ ਇਕੱਲੀ ਸੁੱਤੀ ਹੋਈ ਸੀ। ਰਾਤ ਸਮੇਂ ਅਚਾਨਕ ਧੂੰਆ ਚੜ੍ਹਨ ’ਤੇ ਜਦੋਂ ਉਸ ਨੇ ਉਠ ਕੇ ਵੇਖਿਆ ਤਾਂ ਘਰ ’ਚ ਅੱਗ ਲੱਗੀ ਹੋਈ ਸੀ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜ ਦਿੱਤਾ ਘਰ, ਗੋਰਾਇਆ ਦੇ ਪਿੰਡ ਧਲੇਤਾ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

PunjabKesari

ਉਸ ਨੇ ਦੱਸਿਆ ਕਿ ਸਾਡੇ ਪਿੰਡ ਟਿੱਬਾ ਨੰਗਲ ਦਾ ਵੇਦ ਪ੍ਰਕਾਸ਼ ਉਰਫ ਵੇਦੂ ਪੁੱਤਰ ਰੀਖੀ ਰਾਮ ਜਿਸਨੇ ਹੱਥ ’ਚ ਕੱਚ ਦੀ ਬੋਤਲ ਫੜੀ ਹੋਈ ਸੀ ਦੂਜੇ ਕਮਰੇ ’ਚ ਪਏ ਸਾਮਾਨ ’ਤੇ ਤੇਲ ਸੁੱਟ ਕੇ ਅੱਗ ਲਗਾ ਰਿਹਾ ਸੀ। ਉਸਨੇ ਬਿਆਨਾਂ ’ਚ ਦੱਸਿਆ ਕਿ ਵੇਦ ਪ੍ਰਕਾਸ਼ ਅੱਗ ਲਗਾਉਣ ਉਪਰੰਤ ਉਸਨੂੰ ਦੇਖ ਕੇ ਘਰ ਦੀ ਚਾਰ ਦੀਵਾਰੀ ਤੋਂ ਛਾਲ ਮਾਰ ਕੇ ਭੱਜ ਗਿਆ। ਉਕਤ ਵਿਅਕਤੀ ਪਹਿਲਾਂ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਸਮੁੱਚੇ ਘਰ ’ਚ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਦੇਖਦੇ ਹੀ ਦੇਖਦੇ ਘਰ ’ਚ ਪਏ ਸਮੁੱਚੇ ਕਪੜੇ, ਬੈੱਡ, ਕੂਲਰ, ਬਰਤਨ ਅਤੇ ਹੋਰ ਕੀਮਤੀ ਸਾਮਾਨ ਅੱਗ ਦੀ ਲਪੇਟ ’ਚ ਆ ਕੇ ਸੁਆਹ ਹੋ ਗਿਆ। ਇਸ ਦੌਰਾਨ ਉਨ੍ਹਾਂ ਦੇ ਘਰ ’ਚ ਪਏ ਸਮੁੱਚੇ ਗਹਿਣੇ ਅਤੇ ਗਾਂ ਵੇਚ ਕੇ ਰੱਖੀ ਕੁਝ ਨਕਦੀ ਵੀ ਅੱਗ ਦੀ ਭੇਂਟ ਚੜ੍ਹ ਗਈ ਜਦਕਿ ਅੱਗ ਕਾਰਨ ਘਰ ’ਚ ਖੜ੍ਹੇ ਮੋਟਰਸਾਈਕਲ ਅਤੇ ਸਕੂਟੀ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਏ. ਐੱਸ. ਆਈ. ਰਾਮ ਕੁਮਾਰ ਨੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਪਿੰਡ ਦੇ ਵਿਅਕਤੀ ਵੇਦ ਪ੍ਰਕਾਸ਼ ਉਰਫ਼ ਵੇਦੂ ਪੁੱਤਰ ਰੀਖੀ ਰਾਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 436 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ: ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News