ਹਿਮਾਚਲ ਦੀ ਰੇਤ ਬਜਰੀ ਦਾ ਪੰਜਾਬ ''ਚ ਕਾਰੋਬਾਰ ਕਰਨ ਵਾਲੇ ਭੰਬਲ ਭੂਸੇ ''ਚ

01/17/2020 5:03:33 PM

ਗੜ੍ਹਸ਼ੰਕਰ (ਸ਼ੋਰੀ) : ਪੰਜਾਬ-ਹਿਮਾਚਲ ਸਰਹੱਦ ਤੇ ਪੰਜਾਬ ਮਾਈਨਿੰਗ ਵਿਭਾਗ ਵੱਲੋਂ ਸਥਾਪਿਤ ਕੀਤੇ ਗਏ ਚੈਕ ਪੋਸਟਾਂ ਅਤੇ ਭਾਰ ਤੋਲਣ ਵਾਲੇ ਕੰਢੇ ਲਗਾਉਣ ਨਾਲ ਹਿਮਾਚਲ ਦੇ ਕਰੈਸ਼ਰ ਆਪ੍ਰੇਟਰਾਂ ਦੇ ਨਾਲ-ਨਾਲ ਪੰਜਾਬ ਦੇ ਉਨ੍ਹਾਂ ਸੈਂਕੜੇ ਲੋਕਾਂ 'ਚ ਵੀ ਭੱਬਲ ਭੂਸੇ ਦੀ ਸਥਿਤੀ ਮਹਿਸੂਸ ਕੀਤੀ ਜਾ ਰਹੀ ਜੋ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ । ਇਨ੍ਹਾਂ 'ਚ ਸ਼ਾਮਲ ਹਨ ਟਰੈਕਟਰ ਟਰਾਲੀਆਂ ਤੇ ਰੇਤ ਬਜਰੀ ਹਿਮਾਚਲ ਤੋਂ ਪੰਜਾਬ ਲਿਆ ਕੇ ਸਪਲਾਈ ਕਰਨ ਵਾਲੇ ਸਧਾਰਨ ਲੋਕ ਜਿਨ੍ਹਾਂ ਨੇ ਕਰਜ਼ਾ ਲੈ ਕੇ ਕੰਮ ਸ਼ੁਰੂ ਕੀਤਾ ਹੋਇਆ ਹੈ, ਨਾਲ ਹੀ ਸਰਹੱਦ ਦੇ ਆਸਪਾਸ ਵਾਲੇ ਪੈਟਰੋਲ ਪੰਪ ਮਾਲਕ ਜਿਨ੍ਹਾਂ ਨੇ ਬੈਂਕਾਂ ਤੋਂ ਲਿਮਟਾ ਬਣਾ ਕੇ ਲੱਖਾਂ ਰੁਪਏ ਦਾ ਤੇਲ ਇਨ੍ਹਾਂ ਲੋਕਾਂ ਨੂੰ ਉਧਾਰ ਦੇ ਰੱਖਿਆ ਹੈ। ਇਸ ਵਪਾਰ ਨਾਲ ਜੁੜੇ ਲੋਕਾਂ ਦੀ ਮੰਗ ਹੈ ਕੀ ਉਨ੍ਹਾਂ 'ਚ ਜੋ ਡਰ ਪੈਦਾ ਹੋ ਚੁੱਕਿਆ ਹੈ ਉਸ ਨੂੰ ਸਬੰਧਿਤ ਮੰਤਰੀ ਜਾ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਸਥਿਤੀ ਸਪੱਸ਼ਟ ਕਰਨ ਤਾਂ ਕਿ ਕਿੱਧਰੇ ਇਨ੍ਹਾਂ ਚੈੱਕ ਪੋਸਟਾਂ ਤੇ ਉਨ੍ਹਾਂ ਦੀ ਲੁੱਟ ਹੀ ਸ਼ੁਰੂ ਨਾ ਜਾਵੇ।

ਸੈਂਕੜੇ ਟਰੈਕਟਰ ਟਰਾਲੀ ਚਾਲਕਾਂ ਦੀ ਰੋਜ਼ੀ ਰੋਟੀ ਹੋਵੇਗੀ ਪ੍ਰਭਾਵਿਤ
ਹਿਮਾਚਲ ਤੋਂ ਹਰ ਰੋਜ਼ ਸੈਂਕੜੇ ਟਰੈਕਟਰ ਟਰਾਲੀ ਆਪ੍ਰੇਟਰ ਸਵਾ 'ਚੋਂ ਰੇਤ ਪੰਜਾਬ ਲਿਆ ਰਹੇ ਹਨ, ਪੰਜਾਬ ਵਿਚ ਰੇਤ ਦੀ ਮੰਗ ਪੰਜਾਬ ਦੀਆਂ ਖੱਡਾਂ ਤੋਂ ਪੂਰੀ ਨਹੀਂ ਹੁੰਦੀ ਅਤੇ ਆਪ੍ਰੇਟਰਾਂ ਨੂੰ ਜ਼ਿਆਦਾ ਦੂਰੀ ਕਾਰਨ ਤੈਅ ਭਾਅ ਗ੍ਰਾਹਕ ਤੋਂ ਨਹੀਂ ਮਿਲਦਾ । ਜੇਕਰ ਹਿਮਾਚਲ ਤੋਂ ਰੇਤ ਬੰਦ ਹੋ ਜਾਂਦੀ ਹੈ ਤਾਂ ਸੈਂਕੜੇ ਟਰੈਕਟਰ ਟਰਾਲੀ ਚਾਲਕਾਂ ਦੀ ਰੋਜ਼ੀ ਰੋਟੀ ਪ੍ਰਭਾਵਿਤ ਹੋ ਜਾਵੇਗੀ । ਇਕ ਟਰੈਕਟਰ ਟਰਾਲੀ ਆਪ੍ਰੇਟਰ ਨੇ ਦੱਸਿਆ ਕੀ ਇਕੱਲੇ ਬੀਤ ਇਲਾਕੇ ਦੇ 200 ਦੇ ਕਰੀਬ ਇਸ ਤਰ੍ਹਾਂ ਦੇ ਚਾਲਕ ਹਨ ਜੋ ਆਪਣੇ ਪਰਿਵਾਰਾਂ ਦਾ ਪਾਲਨ ਪੋਸ਼ਣ ਇਸ ਕੰਮ ਨਾਲ ਕਰ ਰਹੇ ਹਨ । ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪ੍ਰੇਟਰਾਂ ਨੇ ਬੈਂਕਾਂ ਅਤੇ ਫਾਈਨੈਸ ਕੰਪਨੀਆਂ ਤੋਂ 6 ਤੋਂ 10 ਲੱਖ ਰੁਪਏ ਤੱਕ ਦਾ ਲੋਨ ਲੈ ਰੱਖਿਆ ਹੈ ਅਤੇ ਇਨ੍ਹਾਂ ਦੀ 15 ਤੋਂ 25 ਹਜ਼ਾਰ ਰੁਪਏ ਮਹੀਨਾਂ ਕਿਸ਼ਤ ਬਣਦੀ ਹੈ । ਜੇਕਰ ਇਨ੍ਹਾਂ ਦਾ ਕਾਰੋਬਾਰ ਖਤਮ ਹੁੰਦਾ ਹੈ ਤਾਂ ਯਕੀਨਣ ਸਰਕਾਰ ਨੂੰ ਇਕ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ।

ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਦੇ ਲੱਖਾਂ ਰੁਪਏ ਦੀ ਅਦਾਇਗੀ ਰੁੱਕ ਜਾਣ ਦਾ ਖਦਸ਼ਾ
ਜੇਕਰ ਹਿਮਾਚਲ ਦਾ ਰੇਤ ਬਜਰੀ ਪੰਜਾਬ ਆਉਣਾ ਬੰਦ ਹੋ ਜਾਂਦਾ ਹੈ ਤਾਂ ਇਸ ਦਾ ਇਕ ਵੱਡਾ ਪ੍ਰਭਾਵ ਪੰਜਾਬ ਦੇ ਉਨ੍ਹਾਂ ਪੈਟਰੋਲ ਪੰਪਾਂ ਤੇ ਪਵੇਗਾ ਜੋ ਪੰਜਾਬ-ਹਿਮਾਚਲ ਸਰਹੱਦ ਦੇ ਨਾਲ ਪੈਂਦੇ ਹਨ ਅਤੇ ਇਨ੍ਹਾਂ ਪੰਪ ਮਾਲਕਾਂ ਨੇ ਲੱਖਾਂ ਰੁਪਏ ਦਾ ਉਧਾਰ ਤੇਲ ਕ੍ਰੈਸ਼ਰ ਆਪ੍ਰੇਟਰਾਂ ਨੂੰ ਦੇ ਰੱਖਿਆ ਹੈ । ਇਕ ਪੰਪ ਮਾਲਕ ਨੇ ਦੱਸਿਆ ਕੀ ਉਸ ਦੀ 50 ਲੱਖ ਰੁਪਏ ਦੀ ਬੈਂਕ ਲਿਮਟ ਹੈ ਅਤੇ ਸਾਰੀ ਲਿਮਟ ਉਸ ਨੇ ਵਰਤੋਂ ਕੀਤੀ ਹੋਈ ਹੈ ਅਤੇ ਇੰਨੀ ਹੀ ਰਕਮ ਦੇ ਆਸ ਪਾਸ ਉਸ ਨੇ ਹਿਮਾਚਲ ਵਿਚ ਲੱਗੇ ਕ੍ਰੈਸ਼ਰ ਅਤੇ ਟਿੱਪਰ ਆਪ੍ਰੇਟਰਾਂ ਤੋਂ ਲੈਣੀ ਹੈ । ਉਸ ਨੇ ਦੱਸਿਆ ਜੇਕਰ ਹਿਮਾਚਲ ਤੋਂ ਪੰਜਾਬ ਆਉਣ ਵਾਲੇ ਰੇਤ ਬਜਰੀ ਕਾਰੋਬਾਰ 'ਚ ਰੁਕਾਵਟ ਆਉਂਦੀ ਹੈ ਤਾਂ ਯਕੀਨਣ ਉਸ ਦੀ ਅਤੇ ਹੋਰ ਪੰਪ ਆਪ੍ਰੇਟਰਾਂ ਦੀ ਪੇਮੰਟ ਫੱਸ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਛੇਤੀ ਪੂਰੀ ਸਥਿਤੀ ਸਪੱਸ਼ਟ ਕਰਕੇ ਲੋਕਾਂ ਦੇ ਮਨਾ ਵਿਚ ਜੋ ਡਰ ਫੈਲਿਆ ਹੋਇਆ ਹੈ ਉਸ ਨੂੰ ਦੂਰ ਕਰਨਾ ਚਾਹੀਦਾ ।

ਹਿਮਾਚਲ ਦੇ ਰੇਤ ਬਜਰੀ ਜੇਕਰ ਬੰਦ ਹੋ ਗਈ ਤਾਂ ਰੇਟ ਵੱਧ ਜਾਣ ਦਾ ਖ਼ਦਸ਼ਾ
ਪੰਜਾਬ ਵਿਚ ਰੇਤ ਬਜਰੀ ਦੀ ਖ਼ਪਤ ਦਾ ਵੱਡਾ ਹਿੱਸਾ ਹੁਣ ਤੱਕ ਹਿਮਾਚਲ ਤੋਂ ਆਉਣ ਵਾਲੇ ਮਟੀਰੀਅਲ ਨਾਲ ਪੂਰਾ ਹੋ ਰਿਹਾ ਹੈ, ਮਾਈਨਿੰਗ ਪਾਲਿਸੀ ਅਨੁਸਾਰ ਬਾਹਰੀ ਸੂਬੇ ਵਿਚ ਤਿਆਰ ਮਾਲ ਤੇ ਠੇਕੇਦਾਰ ਰੋਇਲਟੀ ਨਹੀਂ ਲੈ ਸਕਦੇ, ਰਹੀ ਗੱਲ ਬਿਲ ਦੀ ਤਾਂ ਹਿਮਾਚਲ ਤੋਂ ਰੇਤ ਬਜਰੀ ਲੈ ਕੇ ਆਉਣ ਵਾਲੇ ਸਾਰੇ ਵਾਹਨ (ਟਰੈਕਟਰ-ਟਰਾਲੀ ਅਤੇ ਟਿੱਪਰ) ਜੀ.ਐਸ.ਟੀ. ਦਾ ਬਿਲ ਲੈ ਕੇ ਚੱਲਦੇ ਹਨ ।ਜੇਕਰ ਕਿਸੇ ਨੁਕਤੇ ਨਾਲ ਹਿਮਾਚਲ ਦੇ ਰੇਤ ਬਜਰੀ ਦੀ ਪੰਜਾਬ ਆਉਣ ਤੇ ਰੋਕ ਲੱਗ ਜਾਂਦੀ ਹੈ ਤਾਂ ਸੁਭਾਵਿਕ ਹੈ ਕੀ ਪੰਜਾਬ ਦੀ ਆਪਣੀ ਰੇਤ ਬਜਰੀ ਘੱਟ ਹੋਣ ਅਤੇ ਮੰਗ ਜਾਂਦਾ ਹੋਣ ਕਰਕੇ ਭਾਅ ਵੱਧ ਜਾਣਗੇ ।

ਕਿਉਂ ਆ ਰਹੀ ਹਿਮਾਚਲ ਦੀ ਰੇਤ: ਬਜਰੀ
ਪੰਜਾਬ ਵਿਚ ਹਿਮਾਚਲ ਤੋਂ ਰੇਤ ਬਜਰੀ ਦੇ ਆਉਣ ਦਾ ਮੁੱਖ ਕਾਰਨ ਰੇਟ ਹਨ, ਪੰਜਾਬ ਵਿਚ ਜਿਸ ਮਟੀਰੀਅਲ ਦਾ ਰੇਟ 13 ਤੋਂ 14 ਰੁਪਏ ਫੁੱਟ ਹੈ ਉਹੀ ਹਿਮਾਚਲ ਵਿਚ 9 ਤੋਂ 10 ਰੁਪਏ ਵਿਚ ਮਿਲ ਰਿਹਾ ਹੈ ਤਾਂ ਸੁਭਾਵਿਕ ਹੈ ਕੀ ਆਪ੍ਰੇਟਰ ਹਿਮਾਚਲ ਤੋਂ ਮਾਲ ਲੈਣ ਨੂੰ ਪਹਿਲ ਦੇਣਗੇ ।


Shyna

Content Editor

Related News