ਜੇਲ ''ਚੋਂ ਚੱਲ ਰਿਹਾ ਹੈਰੋਇਨ ਸਮੱਗਲਿੰਗ ਦਾ ਧੰਦਾ : CIA ਸਟਾਫ ਨੇ ਗੈਂਗ ਦੇ ਦੂਜੇ ਨੌਜਵਾਨ ਨੂੰ ਵੀ ਫੜਿਆ

12/30/2019 12:41:45 PM

ਜਲੰਧਰ (ਸ਼ੋਰੀ)— ਜੇਲ 'ਚ ਮੁਲਜ਼ਮਾਂ ਨੂੰ ਸੁਧਾਰਨ ਲਈ ਭੇਜਿਆ ਜਾਂਦਾ ਹੈ ਪਰ ਪੰਜਾਬ ਦੀਆਂ ਜੇਲਾਂ 'ਚ ਤਾਂ ਕੈਦ ਮੁਲਜ਼ਮ ਹੁਣ ਜੇਲ ਤੋਂ ਹੀ ਆਪਣਾ ਨਸ਼ੇ ਦਾ ਨੈੱਟਵਰਕ ਚਲਾ ਰਹੇ ਹਨ। ਹਾਲ 'ਚ ਹੀ ਸੀ. ਆਈ. ਏ. ਸਟਾਫ ਦੀ ਪੁਲਸ ਨੇ ਅਜਿਹੇ ਨੈੱਟਵਰਕ ਨੂੰ ਬ੍ਰੇਕ ਕੀਤਾ ਸੀ ਅਤੇ ਪਰਾਗਪੁਰ ਜੀ. ਟੀ ਰੋਡ ਕੋਲ ਏ. ਐੱਸ. ਆਈ. ਗੁਰਦੇਵ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਪ੍ਰਸ਼ਪਿੰਦਰ ਸਿੰਘ ਉਰਫ ਨੋਨੀ ਪੁੱਤਰ ਮਨਿੰਦਰ ਸਿੰਘ ਵਾਸੀ ਗੁਲਮਰਗ ਕਾਲੋਨੀ ਲੱਦੇਵਾਲੀ ਅਤੇ ਗੁਰਜੰਟ ਸਿੰਘ ਉਰਫ ਭੋਲੂ ਪੁੱਤਰ ਸੁਰਿੰਦਰ ਸਿੰਘ ਵਾਸੀ ਹਵੇਲੀਆ ਥਾਣਾ ਸਰਾਏ ਅਮਾਨਤ ਖਾਂ ਜੋ ਕਿ ਦੋਵੇਂ ਜੇਲ 'ਚ ਬੰਦ ਹਨ, ਨੂੰ ਹੈਰੋਇਨ ਸਪਲਾਈ ਕਰਨ ਵਾਲੇ ਗੌਰਵ ਚੌਹਾਨ ਪੁੱਤਰ ਨਰਿੰਦਰ ਕੁਮਾਰ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ 1 ਕਿਲੋ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਇਸ ਕੇਸ 'ਚ ਪੁਲਸ ਨੇ ਜਾਂਚ ਜਾਰੀ ਰੱਖੀ ਅਤੇ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ 'ਚ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਸੂਚਨਾ ਦੇ ਆਧਾਰ 'ਤੇ ਕਿਸ਼ਨਗੜ੍ਹ ਜੀ. ਟੀ. ਰੋਡ ਕੋਲ ਕਾਰ ਸਵਾਰ ਸੰਜੇ ਉਰਫ ਗਾਂਧੀ ਪੁੱਤਰ ਧਨਰਾਮ ਵਾਸੀ ਪਾਰਕ ਐਵੇਨਿਊ ਲੱਦੇਵਾਲੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ।

ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਪਹਿਲਾਂ ਹੀ ਗ੍ਰਿਫਤਾਰ ਗੌਰਵ ਚੌਹਾਨ ਨੇ ਹੀ ਗਾਂਧੀ ਨੂੰ 100 ਗ੍ਰਾਮ ਹੈਰੋਇਨ ਸਪਲਾਈ ਕੀਤੀ ਸੀ। ਗੈਂਗ ਦੇ ਸਰਗਣੇ ਨਾਭਾ ਜੇਲ 'ਚ ਬੰਦ ਨੋਨੀ ਅਤੇ ਭੋਲੂ ਹੀ ਹਨ, ਜੋ ਕਿ ਵਟਸਐਪ ਦੀ ਮਦਦ ਨਾਲ ਹੀ ਚੌਹਾਨ ਅਤੇ ਗਾਂਧੀ ਤੋਂ ਹੈਰੋਇਨ ਸਮੱਗਲਿੰਗ ਦਾ ਧੰਦਾ ਫਿਲਮੀ ਸਟਾਈਲ 'ਚ ਕਰਵਾਉਂਦੇ ਸਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਫੋਨ ਦੀ ਰਿਕਾਰਡਿੰਗ ਅਤੇ ਟਰੇਸਿੰਗ ਵੀ ਨਾ ਹੋ ਸਕੇ।

ਪੇਸ਼ੇਵਰ ਸਮੱਗਲਰ ਨਿਕਲਿਆ ਗਾਂਧੀ
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਗਾਂਧੀ ਤੋਂ ਬਰਾਮਦ ਹੈਰੋਇਨ ਦੀ ਕੀਮਤ ਕਰੀਬ 3 ਲੱਖ ਤੱਕ ਦੱਸੀ ਜਾ ਰਹੀ ਹੈ। ਗਾਂਧੀ ਨੂੰ ਲੁਧਿਆਣਾ ਪੁਲਸ ਨੇ 2017 'ਚ ਵੀ 1 ਕਿਲੋ ਹੈਰੋਇਨ ਨਾਲ ਕਾਬੂ ਕੀਤਾ ਸੀ। ਜੇਲ ਤੋਂ ਜ਼ਮਾਨਤ 'ਤੇ ਰਿਹਾ ਹੋਣ ਤੋਂ ਬਾਅਦ ਉਹ ਦੁਬਾਰਾ ਇਸ ਧੰਦੇ 'ਚ ਪੈ ਗਿਆ ਅਤੇ 2017 ਨੂੰ ਥਾਣਾ ਮਕਸੂਦਾਂ ਦੀ ਪੁਲਸ ਨੇ ਗਾਂਧੀ ਨੂੰ 30 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ। ਫਿਰ ਜ਼ਮਾਨਤ ਹੋਈ ਤਾਂ ਗਾਂਧੀ ਹੈਰੋਇਨ ਦੀ ਸਪਲਾਈ ਕਰਨ ਲੱਗਾ।
ਖਾਸ ਗੱਲ ਤਾਂ ਇਹ ਹੈ ਕਿ ਗਾਂਧੀ ਖੁਦ ਹੈਰੋਇਨ ਦਾ ਸੇਵਨ ਨਹੀਂ ਕਰਦਾ ਪਰ ਨੌਜਵਾਨ ਪੀੜ੍ਹੀ ਨੂੰ ਖ਼ਰਾਬ ਕਰਨ ਅਤੇ ਪੈਸੇ ਕਮਾਉਣ ਦੇ ਚੱਕਰ 'ਚ ਇਸ ਧੰਦੇ 'ਚ ਪੈ ਗਿਆ ਹੈ।

ਇਧਰ ਥਾਣਾ ਬਿਲਗਾ ਨੇ 9 ਕਿਲੋ ਗਾਂਜੇ ਨਾਲ 3 ਪ੍ਰਵਾਸੀ ਫੜੇ
ਪੰਜਾਬ 'ਚ ਨਸ਼ੇ ਦੀ ਸਪਲਾਈ ਿਸਰਫ ਪੰਜਾਬੀ ਹੀ ਨਹੀਂ ਕਰ ਰਹੇ, ਹੁਣ ਤਾਂ ਪ੍ਰਵਾਸੀ ਲੋਕਾਂ ਨੇ ਵੀ ਨਸ਼ੇ ਦੀ ਸਪਲਾਈ ਪੰਜਾਬ 'ਚ ਕਰਨੀ ਸ਼ੁਰੂ ਕਰ ਦਿੱਤੀ ਹੈ। ਥਾਣਾ ਬਿਲਗਾ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਦੇ ਦਿਸ਼ਾ-ਨਿਰਦਸ਼ਾਂ ਅਨੁਸਾਰ ਪੁਲਸ ਨੇ ਵੱਖ ਵੱਖ ਥਾਵਾਂ 'ਤੇ 3 ਲੋਕਾਂ ਨੂੰ 9 ਕਿਲੋ ਗਾਂਜੇ ਨਾਲ ਕਾਬੂ ਕੀਤਾ ਹੈ। ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਗਸ਼ਤ ਦੌਰਾਨ 2 ਪੈਦਲ ਆਦਮੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਹੱਥ 'ਚ ਫੜੇ ਪਲਾਸਟਿਕ ਦੇ ਲਿਫਾਫਿਆਂ ਦੀ ਤਲਾਸ਼ੀ ਲਈ ਤਾਂ ਅਨਿਲ ਰਾਮ ਉਰਫ ਗੌਤਮ ਪੁੱਤਰ ਸ਼ਿਵਨਾਥ ਰਾਮ ਤੋਂ 5 ਕਿਲੋ ਗਾਂਜਾ ਅਤੇ ਉਸ ਦੇ ਸਾਥੀ ਅਮਰਨਾਥ ਪੁੱਤਰ ਤਰਕੇਸ਼ਵਰ ਪ੍ਰਸਾਦ ਦੋਵੇਂ ਵਾਸੀ ਬਿਹਾਰ ਤੋਂ 3 ਕਿਲੋ ਗਾਂਜਾ ਬਰਾਮਦ ਹੋਇਆ। ਇਸੇ ਤਰ੍ਹਾਂ ਏ. ਐੱਸ. ਆਈ. ਸਤਪਾਲ ਨੇ ਗਸ਼ਤ ਦੌਰਾਨ ਧੂਮਨ ਪੁੱਤ ਵਿਸ਼ਵਾਨਾਥ ਨਿਵਾਸੀ ਬਿਹਾਰ ਤੋਂ 1 ਕਿਲੋ ਗਾਂਜਾ ਬਰਾਮਦ ਕੀਤਾ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਯੂ. ਪੀ. ਤੋਂ ਗਾਂਜਾ ਲਿਆ ਕੇ ਤਿੰਨਾਂ ਨੇ ਦਿਹਾਤੀ ਇਲਾਕਿਆਂ ਅਤੇ ਜਲੰਧਰ 'ਚ ਇਸ ਦੀ ਸਪਲਾਈ ਕਰਨੀ ਸੀ।

shivani attri

This news is Content Editor shivani attri