ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਚਲਾਈ ਮੁਹਿੰਮ ਨਹੀਂ ਹੋਈ ਕਾਮਯਾਬ!

09/23/2019 12:07:48 PM

ਕਪੂਰਥਲਾ (ਮਹਾਜਨ)-ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਅਜੇ ਵੀ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਪ੍ਰਤੀ ਜ਼ਿਲਾ ਪ੍ਰਸ਼ਾਸਨ ਨੇ ਜੂਨ ਮਹੀਨੇ 'ਚ ਚਾਰ ਰੋਜ਼ਾ ਮੁਹਿੰਮ ਚਲਾਈ ਸੀ। ਮੁਹਿੰਮ ਤਹਿਤ ਸਮਾਜਿਕ ਸੰਸਥਾਵਾਂ ਨੇ ਵੀ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਸੀ, ਜੋ ਸੁਰਖੀਆਂ ਬਣ ਰਹੀਆਂ ਹਨ। ਇਸ ਮੁਹਿੰਮ ਨੂੰ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਨਜ਼ਰ ਆ ਰਹੀ ਹੈ। ਰੋਜ਼ਾਨਾ ਸੜਕਾਂ 'ਤੇ ਬੇਸਹਾਰਾ ਪਸ਼ੂ ਆਮ ਨਜ਼ਰ ਆ ਰਹੇ ਹਨ। ਸ਼ਹਿਰ ਦੇ ਰੇਲਵੇ ਰੋਡ, ਸੁਲਤਾਨਪੁਰ ਲੋਧੀ ਮਾਰਗ, ਸ਼ਾਲੀਮਾਰ ਬਾਗ ਦੇ ਕੋਲ, ਜਲੰਧਰ ਰੋਡ, ਸਰਕੁਲਰ ਰੋਡ ਸਮੇਤ ਸ਼ਹਿਰ ਦੇ ਬਾਜ਼ਾਰਾਂ 'ਚ ਵੀ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਝੁੰਡ ਘੁੰਮਦੇ ਦੇਖੇ ਜਾ ਸਕਦੇ ਹਨ। ਜੋ ਕਿ ਕੋਲੋਂ ਲੰਘਣ ਵਾਲੇ ਪੈਦਲ ਰਾਹਗੀਰਾਂ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਆਪਣੀ ਲਪੇਟ 'ਚ ਲੈ ਕੇ ਜ਼ਖਮੀ ਕਰ ਦਿੰਦੇ ਹਨ। ਰਾਤ ਦੇ ਸਮੇਂ ਇਹ ਸਮੱਸਿਆ ਹੋਰ ਵੀ ਵਿਕਰਾਲ ਬਣ ਜਾਂਦੀ ਹੈ ਕਿਉਂਕਿ ਰਾਤ ਦੇ ਸਮੇਂ ਵਾਹਨ ਚਾਲਕਾਂ ਨੂੰ ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਤੇਜ਼ ਰਫਤਾਰ ਵਾਹਨ ਚਾਲਕ ਉਨ੍ਹਾਂ ਨਾਲ ਟਕਰਾ ਕੇ ਜ਼ਖਮੀ ਹੋਣ ਦੇ ਨਾਲ-ਨਾਲ ਵਾਹਨ ਚਾਲਕ ਮੌਤ ਦਾ ਵੀ ਸ਼ਿਕਾਰ ਹੋ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਸਬੰਧਤ ਵਿਭਾਗ ਇਸ ਪਾਸੇ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਿਹਾ।

ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ ਅਤੇ ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਸਰਕਾਰੀ ਕੈਟਲ ਪੌਂਡ ਭੇਜੇ।
ਮੁਹੱਲਾ ਕੇਸਰੀ ਬਾਗ ਦੇ ਰਹਿਣ ਵਾਲੇ ਬਚਨ ਸਿੰਘ ਦੀ ਬੇਸਹਾਰਾ ਪਸ਼ੂ ਦੇ ਕਾਰਨ ਹੋਏ ਹਾਦਸੇ 'ਚ ਟੰਗ 'ਚ ਫ੍ਰੈਕਚਰ, ਅੰਮ੍ਰਿਤ ਬਾਜ਼ਾਰ ਦੇ ਵਾਸੀ ਮਹਿੰਦਰ ਕੁਮਾਰ ਜੋ ਕਿ ਆਪਣੇ ਸਕੂਟਰ 'ਤੇ ਜਾ ਰਿਹਾ ਦੇ ਸਾਹਮਣੇ ਬੇਸਹਾਰਾ ਪਸ਼ੂ ਆਉਣ ਦੇ ਕਾਰਨ ਉਸ ਨੂੰ ਬਚਾਉਣ ਦੇ ਚੱਕਰ 'ਚ ਉਹ ਆਪਣੇ ਸਕੂਟਰ ਤੋਂ ਸੰਤੁਲਨ ਗੁਆ ਬੈਠਾ ਅਤੇ ਉਸ ਦੀ ਬਾਂਹ 'ਤੇ ਸੱਟ ਲੱਗੀ। ਇਸੇ ਤਰ੍ਹਾਂ ਆਰ. ਸੀ. ਐੱਫ. ਦੇ ਕੋਲ ਇਕ ਬਾਈਕ ਸਵਾਰ ਦੀ ਬੇਸਹਾਰਾ ਪਸ਼ੂ ਦੇ ਨਾਲ ਹੋਈ ਟੱਕਰ 'ਚ ਮੌਤ ਹੋ ਗਈ ਸੀ। ਇਨ੍ਹਾਂ ਪਸ਼ੂਆਂ ਕਾਰਨ ਅਜਿਹੇ ਕਈ ਹਾਦਸੇ ਹੁੰਦੇ ਹਨ, ਜਿਨ੍ਹਾਂ 'ਚ ਲੋਕ ਮਾਮੂਲੀ ਸੱਟਾਂ ਲੱਗਣ ਤੋਂ ਬਾਅਦ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
 

ਕੀ ਕਹਿੰਦੇ ਹਨ ਡੀ. ਸੀ.?
ਇਸ ਸਬੰਧੀ ਗੱਲ ਕਰਨ 'ਤੇ ਡੀ. ਸੀ. ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਫਿਰ ਤੋਂ ਹੋਣਾ ਚਿੰਤਾਜਨਕ ਹੈ। ਇਸ ਲਈ ਹੁਣ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪਸ਼ੂਆਂ ਨੂੰ ਕੈਟਲ ਪੌਂਡ ਗਊਸ਼ਾਲਾ 'ਚ ਪਹੁੰਚਾਇਆ ਜਾਵੇਗਾ।

shivani attri

This news is Content Editor shivani attri