ਜਲੰਧਰ 'ਚ 100 ਐੱਮ. ਐੱਮ. ਬਾਰਿਸ਼, ਪਹਿਲੀ ਬਰਸਾਤ ’ਚ ਹੀ ਦਿਸੇ ਹੜ੍ਹ ਵਰਗੇ ਹਾਲਾਤ, ਨਿਗਮ ਬੇਪ੍ਰਵਾਹ

07/22/2022 3:37:02 PM

ਜਲੰਧਰ (ਖੁਰਾਣਾ)– ਬੁੱਧਵਾਰ ਦੇਰ ਰਾਤ ਮਾਨਸੂਨ ਦੇ ਸੀਜ਼ਨ ਦੀ ਪਹਿਲੀ ਬਰਸਾਤ ਹੋਈ। 7 ਘੰਟਿਆਂ ਵਿਚ ਸ਼ਹਿਰ ਜਲੰਧਰ ਵਿਚ 100 ਐੱਮ. ਐੱਮ. ਬਾਰਿਸ਼ ਹੋਈ। ਕੁਝ ਘੰਟੇ ਦੀ ਬਰਸਾਤ ਨੇ ਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਪਰ ਇਸ ਮਾਮਲੇ ਵਿਚ ਜਲੰਧਰ ਨਿਗਮ ਅਜੇ ਵੀ ਬਿਲਕੁਲ ਲਾਪ੍ਰਵਾਹ ਵਿਖਾਈ ਦੇ ਰਿਹਾ ਹੈ। ਨਿਗਮ ਨੇ ਇਸ ਸਾਲ ਬਰਸਾਤੀ ਸੀਜ਼ਨ ਤੋਂ ਪਹਿਲਾਂ ਸੀਵਰਾਂ ਅਤੇ ਰੋਡ-ਗਲੀਆਂ ਦੀ ਸਫ਼ਾਈ ਆਦਿ ਦਾ ਕੋਈ ਇੰਤਜ਼ਾਮ ਨਹੀਂ ਕੀਤਾ, ਜਿਸ ਦਾ ਅਸਰ ਸਪੱਸ਼ਟ ਰੂਪ ਵਿਚ ਦੇਖਣ ਨੂੰ ਮਿਲਿਆ, ਜਦੋਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ’ਤੇ ਬਰਸਾਤ ਦੀਆਂ ਬੁਛਾੜਾਂ ਆਫਤ ਵਾਂਗ ਡਿੱਗੀਆਂ। ਸ਼ਹਿਰ ਦੀਆਂ ਵਧੇਰੇ ਸੜਕਾਂ ਅੱਜ ਸਾਰਾ ਦਿਨ ਪਾਣੀ ਵਿਚ ਡੁੱਬੀਆ ਰਹੀਆਂ ਅਤੇ ਨਿਗਮ ਨੇ ਆਪਣੇ ਵੱਲੋਂ ਪਾਣੀ ਦੀ ਨਿਕਾਸੀ ਦੇ ਕੋਈ ਇੰਤਜ਼ਾਮ ਨਹੀਂ ਕੀਤੇ। ਨਿਗਮ ਵੱਲੋਂ ਬਣਾਇਆ ਗਿਆ ਹੜ੍ਹ ਕੰਟਰੋਲ ਸੈਂਟਰ ਅੱਜ ਕਿਤੇ ਵੀ ਨਜ਼ਰ ਨਹੀਂ ਆਇਆ। ਹਾਲਾਤ ਇਹ ਬਣੇ ਕਿ ਸੜਕਾਂ ’ਤੇ ਕਈ-ਕਈ ਫੁੱਟ ਬਰਸਾਤੀ ਪਾਣੀ ਜਮ੍ਹਾ ਹੋ ਜਾਣ ਨਾਲ ਲੋਕਾਂ ਨੂੰ ਸੜਕਾਂ ਵਿਚਲੇ ਟੋਏ ਵਿਖਾਈ ਨਹੀਂ ਦਿੱਤੇ, ਜਿਸ ਕਾਰਨ ਸੈਂਕੜੇ ਵਾਹਨ ਪਲਟੇ ਅਤੇ ਲੋਕ ਜ਼ਖ਼ਮੀ ਹੋਏ, ਜਿਹੜੇ ਨਿਗਮ ਨੂੰ ਨਿੰਦਦੇ ਨਜ਼ਰ ਆਏ।

ਇਹ ਵੀ ਪੜ੍ਹੋ: ਪੰਥਕ ਜਥੇਬੰਦੀਆਂ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰਾ, ਬਦਲ ਸਕਦੇ ਨੇ ਸਿਆਸੀ ਸਮੀਕਰਨ

PunjabKesari

ਪਾਣੀ ’ਚ ਤੈਰਦਾ ਰਿਹਾ ਕੂੜਾ, ਮਹਾਮਾਰੀ ਫੈਲਣ ਦੇ ਪੂਰੇ-ਪੂਰੇ ਚਾਂਸ
ਇਨ੍ਹੀਂ ਦਿਨੀਂ ਜਲੰਧਰ ਸ਼ਹਿਰ ਕੂੜੇ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਹਜ਼ਾਰਾਂ ਟਨ ਕੂੜਾ ਜਮ੍ਹਾ ਹੈ, ਜਿਹੜਾ ਚੁੱਕਿਆ ਹੀ ਨਹੀਂ ਜਾ ਿਰਹਾ। ਅਜਿਹੇ ਵਿਚ ਅੱਜ ਇਹ ਕੂੜਾ ਬਰਸਾਤੀ ਪਾਣੀ ਵਿਚ ਮਿਕਸ ਹੋ ਕੇ ਸੜਕਾਂ ’ਤੇ ਫੈਲ ਗਿਆ, ਜਿਸ ਕਾਰਨ ਚਾਰੇ ਪਾਸੇ ਨਰਕ ਵਰਗੇ ਦ੍ਰਿਸ਼ ਵੇਖਣ ਨੂੰ ਮਿਲੇ। ਸ਼ਹਿਰ ਵਿਚ ਇਹੀ ਚਰਚਾ ਹੈ ਕਿ ਜਿਸ ਤਰ੍ਹਾਂ ਜਲੰਧਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਕੂੜੇ ਅਤੇ ਬਰਸਾਤੀ ਪਾਣੀ ਦੀ ਮਿਕਸਿੰਗ ਹੋ ਰਹੀ ਹੈ ਅਤੇ ਦੋਵਾਂ ਹੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ, ਉਸ ਨਾਲ ਆਉਣ ਵਾਲੇ ਦਿਨਾਂ ਵਿਚ ਮਹਾਮਾਰੀ ਫੈਲਣ ਦੇ ਪੂਰੇ-ਪੂਰੇ ਚਾਂਸ ਹਨ। ਫਿਲਹਾਲ ਇਨ੍ਹੀਂ ਦਿਨੀਂ ਸ਼ਹਿਰ ਦੇ ਲੋਕ ਵਾਇਰਲ ਬੁਖਾਰ, ਪੀਲੀਆ, ਅੰਤੜੀਆਂ ਦੀ ਬੀਮਾਰੀ, ਇਨਫੈਕਸ਼ਨ ਅਤੇ ਚਮੜੀ ਦੀਆਂ ਬੀਮਾਰੀਆਂ ਦਾ ਸਾਹਮਣਾ ਕਰ ਹੀ ਰਹੇ ਹਨ ਪਰ ਆਉਣ ਵਾਲੇ ਦਿਨਾਂ ਵਿਚ ਹਾਲਤ ਗੰਭੀਰ ਹੋ ਸਕਦੀ ਹੈ। ਇਸ ਪਾਸੇ ਸਿਹਤ ਮਹਿਕਮੇ ਦੀ ਚੁੱਪ ਵੀ ਸ਼ੱਕੀ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

PunjabKesari

ਸੁਵਿਧਾ ਦੀ ਥਾਂ ਦੁਵਿਧਾ ਬਣ ਗਿਆ ਅੰਡਰਬ੍ਰਿਜ, ਕਈ-ਕਈ ਫੁੱਟ ਪਾਣੀ ਜਮ੍ਹਾ ਹੋਣ ਨਾਲ ਕਈ ਗੱਡੀਆਂ ਫਸੀਆਂ
ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਚੰਦਨ ਨਗਰ ਅੰਡਰਬ੍ਰਿਜ ਸ਼ਹਿਰ ਵਾਸੀਆਂ ਲਈ ਇਕ ਬਹੁਤ ਵੱਡੀ ਸਹੂਲਤ (ਸੁਵਿਧਾ) ਸਾਬਿਤ ਹੋਇਆ ਸੀ ਪਰ ਕਾਂਗਰਸ ਦੇ ਕਾਰਜਕਾਲ ਦੌਰਾਨ ਇਹ ਦੁਵਿਧਾ ਵਿਚ ਬਦਲਦਾ ਜਾਪਿਆ ਕਿਉਂਕਿ ਅੰਡਰਬ੍ਰਿਜ ਦੇ ਰੱਖ-ਰਖਾਅ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਗਿਆ।

PunjabKesari
ਭਾਜਪਾ ਆਗੂ ਜੌਲੀ ਬੇਦੀ ਨੇ ਅੱਜ ਬਰਸਾਤ ਦੇ ਸੀਜ਼ਨ ਦੌਰਾਨ ਅੰਡਰਬ੍ਰਿਜ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਕਈ-ਕਈ ਫੁੱਟ ਪਾਣੀ ਜਮ੍ਹਾ ਹੋਣ ਨਾਲ ਇਹ ਰਸਤਾ ਆਉਣ-ਜਾਣ ਲਈ ਬਿਲਕੁਲ ਹੀ ਬੰਦ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਦੂਰ-ਦੂਰ ਤੋਂ ਘੁੰਮ ਕੇ ਦੂਜੇ ਪਾਸੇ ਜਾਣਾ ਪਿਆ। ਅੰਡਰਬ੍ਰਿਜ ਵਿਚ ਕਈ-ਕਈ ਫੁੱਟ ਪਾਣੀ ਜਮ੍ਹਾ ਹੋਣ ਨਾਲ ਦਰਜਨਾਂ ਵਾਹਨ ਫਸ ਗਏ ਅਤੇ ਕਈਆਂ ਨੂੰ ਤਾਂ ਟੋਚਨ ਪਾ ਕੇ ਬਾਹਰ ਕੱਢਣਾ ਪਿਆ।

ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਘਰ 'ਚ ਵਿਛਾਏ ਸੱਥਰ, ਮਾਹਿਲਪੁਰ ਦੇ ਵਿਅਕਤੀ ਦੀ ਲਿਬਨਾਨ ’ਚ ਸ਼ੱਕੀ ਹਾਲਾਤ ’ਚ ਮੌਤ

PunjabKesari

ਲੰਮਾ ਪਿੰਡ ਚੌਕ ਵਾਲੇ ਰੋਡ ਨੇ ਧਾਰਿਆ ਨਹਿਰ ਦਾ ਰੂਪ
ਜਲੰਧਰ (ਜ. ਬ.)- ਰਾਤ ਭਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਲੰਮਾ ਪਿੰਡ ਚੌਕ ਦੀ ਮਾਰਕੀਟ ਇਕ ਨਹਿਰ ਦਾ ਰੂਪ ਧਾਰਨ ਕਰ ਗਈ। ਮੌਜੂਦਾ ਸਮੇਂ ਵਿੱਚ ਆਮ ਪਾਰਟੀ ਦੀ ਸਰਕਾਰ ਹੈ ਅਤੇ ਇਹ ਨਾਰਥ ਏਰੀਏ ਵਿਚ ਆਉਂਦਾ ਹੈ, ਜਿਥੇ ਕਾਂਗਰਸੀ ਵਿਧਾਇਕ ਤੇ ਕਾਂਗਰਸੀ ਕੌਂਸਲਰ ਹਨ। ਸੜਕ ਦੇ ਆਸ ਪਾਸ ਦੇ ਸਾਰੇ ਦੁਕਾਨਦਾਰਾਂ ਨੂੰ ਅੱਜ ਆਪਣੀਆਂ ਦੁਕਾਨਾਂ 4 ਵਜੇ ਤੱਕ ਬੰਦ ਰੱਖਣੀਆਂ ਪਈਆਂ। ਇੱਥੇ ਦੱਸਣਯੋਗ ਗੱਲ ਹੈ ਕਿ ਇਸ ਪਾਣੀ ਵਿਚ ਕਾਂਗਰਸੀ ਕੌਂਸਲਰ ਰਾਜਵਿੰਦਰ ਸਿੰਘ ਰਾਜਾ ਦਾ ਦਫ਼ਤਰ ਵੀ ਪਾਣੀ ਵਿਚ ਡੁੱਬਿਆ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਇਕ ਪਾਸੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਪਿਛਲੇ ਦਿਨੀਂ ਰੋਡ ਬੰਦ ਕਰ ਕੇ ਧਰਨੇ ਲਾਏ ਗਏ ਉਥੇ ਬਰਸਾਤ ਦੇ ਪਾਣੀ ਨੇ ਇਲਾਕੇ ਨੂੰ ਡੋਬ ਕੇ ਨਿਗਮ ਦੀ ਕਾਰਗੁਜਾਰੀ ਦੀ ਪੋਲ ਖੋਲ੍ਹ ਦਿੱਤੀ ਹੈ। 

ਦੋਮੋਰੀਆ ਪੁਲ ਦੇ ਹੇਠਾਂ ਖਤਰੇ ਦੇ ਨਿਸ਼ਾਨ ਤੋਂ ਜ਼ਿਆਦਾ ਭਰਿਆ ਪਾਣੀ
ਜਲੰਧਰ (ਗੁਲਸ਼ਨ)-ਵੀਰਵਾਰ ਨੂੰ ਹੋਈ ਮੁਸਲੇਧਾਰ ਬਾਰਿਸ਼ ’ਚ ਦੋਮੋਰੀਆ ਪੁਲ ਦੇ ਹੇਠਾਂ ਖਤਰੇ ਤੋਂ ਜ਼ਆਦਾ ਪਾਣੀ ਭਰ ਗਿਆ, ਜਿਸ ਕਾਰਨ ਰੱਸੀ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ। ਰੇਲਵੇ ਵਿਭਾਗ ਨੇ ਕੁਝ ਦਿਨ ਪਹਿਲਾਂ ਹੀ ਖਤਰੇ ਨੂੰ ਨਾਪਣ ਲਈ ਉਥੇ ਲੇਵਲ ਗੇਜ ਬਣਾਈ ਸੀ, ਤਾਂਕਿ ਪੁਲ ਦੇ ਹੇਠਾਂ ਜਮ੍ਹਾ ਹੋਣ ਵਾਲੇ ਪਾਣੀ ਦੀ ਗਹਿਰਾਈ ਨੂੰ ਨਾਪਿਆ ਜਾ ਸਕੇ। ਇਸ ਤੋਂ ਇਲਾਵਾ ਇਕ ਬੈਨਰ ਲਾ ਕੇ ਲੋਕਾਂ ਨੂੰ ਪੁਲ ਦੇ ਹੇਠਾਂ ਤੋਂ ਜਾਣ ਦੀ ਬਜਾਏ ਫਲਾਈਓਵਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਦੋਮੋਰੀਆ ਪੁਲ ਦੇ ਹੇਠਾਂ ਭਰੇ ਪਾਣੀ ਬੱਚੇ ਆਪਣੀ ਜਾਨ ਨੂੰ ਜੋਖਿਮ ਵਿਚ ਪਾ ਕੇ ਛਲਾਂਗਾਂ ਮਾਰ ਰਹੇ ਹਨ। 

PunjabKesari

ਇਹ ਵੀ ਪੜ੍ਹੋ: ਡਿਊਟੀ ’ਚ ਕੋਤਾਹੀ ਵਰਤਣੀ SDO ਫਗਵਾੜਾ ਨੂੰ ਪਈ ਮਹਿੰਗੀ, ਜਾਰੀ ਹੋਇਆ ‘ਕਾਰਨ ਦੱਸੋ’ ਨੋਟਿਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News