ਸਾਵਧਾਨ! ਕਿਤੇ ਧੋਖਾ ਨਾ ਦੇ ਜਾਵੇ ਤੁਹਾਡਾ ਦਿਲ

12/30/2020 4:51:52 PM

ਜਲੰਧਰ (ਰੱਤਾ)— ਸਰਦੀਆਂ ਦਾ ਮੌਸਮ ਭਾਵੇਂ ਸਿਹਤ ਦੇ ਲਿਹਾਜ਼ ਨਾਲ ਬਹੁਤ ਹੀ ਅਨੁਕੂਲ ਮੌਸਮ ਮੰਨਿਆ ਜਾਂਦਾ ਹੈ ਪਰ ਸਰਦੀਆਂ ’ਚ ਤਾਪਮਾਨ ਘੱਟ ਹੋ ਜਾਣ ਕਾਰਨ ਦਿਲ ਦੇ ਮਰੀਜ਼ਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਦਾ ਦਿਲ ਕਦੇ ਵੀ ਉਨ੍ਹਾਂ ਨੂੰ ਧੋਖਾ ਦੇ ਸਕਦਾ ਹੈ।

ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ

ਦਰਅਸਲ ਸਰਦੀਆਂ ਦੇ ਮੌਸਮ ’ਚ ਪਾਰਾ ਡਿੱਗਣ ਦੇ ਨਾਲ ਖੂਨ ਦੀਆਂ ਨਾੜੀਆਂ ਤਾਂ ਸੁੰਗੜ ਹੀ ਜਾਂਦੀਆਂ ਹਨ, ਨਾਲ ਹੀ ਖੂਨ ’ਚ ਗਾੜ੍ਹਾਪਨ ਵੀ ਵਧਣ ਲੱਗਦਾ ਹੈ, ਜਿਸ ਕਾਰਨ ਦਿਲ ਨੂੰ ਖੂਨ ਦਾ ਪ੍ਰਵਾਹ ਸਹੀ ਤਰ੍ਹਾਂ ਨਾਲ ਨਹੀਂ ਹੋ ਪਾਉਂਦਾ ਅਤੇ ਮਰੀਜ਼ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਮਾਹਿਰਾਂ ਮੁਤਾਬਕ ਦਿਲ ਦੇ ਰੋਗੀਆਂ ਨੂੰ ਸਰਦੀਆਂ ’ਚ ਸਭ ਤੋਂ ਜ਼ਿਆਦਾ ਚੌਕਸੀ ਸਵੇਰ ਅਤੇ ਸ਼ਾਮ ਸਮੇਂ ਵਰਤਣ ਦੀ ਲੋੜ ਇਸ ਲਈ ਹੁੰਦੀ ਹੈ ਕਿਉਂਕਿ ਵੱਖ-ਵੱਖ ਖੋਜਾਂ ਤੋਂ ਪਤਾ ਲੱਗਾ ਹੈ ਕਿ ਸਰਦੀਆਂ ’ਚ ਦਿਲ ਦਾ ਦੌਰਾ ਪੈਣ ਦੇ 50 ਫ਼ੀਸਦੀ ਤੋਂ ਵੱਧ ਮਾਮਲੇ ਸਵੇਰ ਸਮੇਂ ਦੇ ਹੁੰਦੇ ਹਨ।

ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ

ਟੈਗੋਰ ਹਾਰਟ ਕੇਅਰ ਦੇ ਸੀਨੀਅਰ ਕਾਰਡੀਅਕ ਸਰਜਨ ਡਾ. ਅਸ਼ਵਨੀ ਸੂਰੀ ਮੁਤਾਬਕ ਦਿਲ ਦੇ ਮਰੀਜ਼ਾਂ ਦੀਆਂ ਨਾੜੀਆਂ ਵਿਚ ਬਲਾਕੇਜ ਕਾਰਨ ਉਨ੍ਹਾਂ ਦੇ ਦਿਲ ਨੂੰ ਪਹਿਲਾਂ ਹੀ ਖੂਨ ਦੀ ਸਪਲਾਈ ਘੱਟ ਹੋ ਰਹੀ ਹੁੰਦੀ ਹੈ। ਅਜਿਹੇ ’ਚ ਜਦੋਂ ਨਾੜੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਦਿਲ ਨੂੰ ਖੂਨ ਦੀ ਸਪਲਾਈ ਹੋਰ ਵੀ ਘੱਟ ਜਾਂਦੀ ਹੈ, ਜੋ ਕਿ ਕਦੇ ਵੀ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸਦੇ ਨਾਲ ਹੀ ਸਰਦੀਆਂ ਵਿਚ ਪਸੀਨਾ ਨਾ ਆਉਣ ਕਾਰਨ ਸਰੀਰ ਵਿਚੋਂ ਸਾਲਟ (ਨਮਕ) ਬਾਹਰ ਨਹੀਂ ਨਿਕਲਦਾ ਅਤੇ ਸਰੀਰ ਵਿਚ ਹੀ ਜਮ੍ਹਾ ਹੁੰਦਾ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ’ਤੇ ਵਾਧੂ ਦਬਾਅ ਪੈਂਦਾ ਹੈ।

ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ

ਸਰਦੀਆਂ ’ਚ ਦਿਲ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖਣ ਵਿਸ਼ੇਸ਼ ਧਿਆਨ
ਠੰਡੇ ਦੀ ਬਜਾਏ ਕੋਸੇ ਪਾਣੀ ਨਾਲ ਨਹਾਉਣ।
ਸਰੀਰ ਨੂੰ ਗਰਮ ਕੱਪੜਿਆਂ ਨਾਲ ਢਕ ਕੇ ਰੱਖਣ।
ਖਾਣੇ ਵਿਚ ਲੂਣ ਦੀ ਮਾਤਰਾ ਘਟਾ ਦੇਣ।
ਵੱਧ ਕੈਲੋਰੀ ਅਤੇ ਚਰਬੀ ਵਾਲੇ ਭੋਜਨ ਤੋਂ ਪ੍ਰਹੇਜ਼ ਕਰਨ।
ਸਵੇਰੇ ਬਾਹਰ ਸੈਰ ਕਰਨ ਦੀ ਬਜਾਏ ਘਰ ਵਿਚ ਹੀ ਸੈਰ ਕਰਨ।
ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਪ੍ਰਹੇਜ਼ ਕਰਨ।

ਇਹ ਵੀ ਪੜ੍ਹੋ : ਹੌਂਸਲੇ ਨੂੰ ਸਲਾਮ: ਸਰੀਰ ਨੇ ਛੱਡ ਦਿੱਤੀ ਸੀ ਉਮੀਦ ਪਰ ਨਹੀਂ ਹਾਰੀ ਹਿੰਮਤ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri