''ਤੰਦਰੁਸਤ ਪੰਜਾਬ'' ਤਹਿਤ ਨਗਰ ਕੌਂਸਲ ਨੇ ਚਲਾਈ ਸਫ਼ਾਈ ਮੁਹਿੰਮ

06/18/2018 11:59:31 AM

ਕਪੂਰਥਲਾ, (ਗੁਰਵਿੰਦਰ ਕੌਰ)—ਸਿਹਤਮੰਦ ਪੰਜਾਬ ਸਿਰਜਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਡੀ. ਸੀ. ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਗਰ ਕੌਂਸਲ ਕਪੂਰਥਲਾ ਵੱਲੋਂ ਕਾਰਜ ਸਾਧਕ ਅਫ਼ਸਰ ਕੁਲਭੂਸ਼ਨ ਗੋਇਲ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਸਾਫ-ਸਫਾਈ, ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਤੇ ਕੂੜਾ-ਕਰਕਟ ਨੂੰ ਸੜਕਾਂ 'ਤੇ ਨਾ ਸੁੱਟਣ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਨ ਗੋਇਲ ਤੇ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਨੇ ਖੁੱਦ ਮੌਕੇ 'ਤੇ ਜਾ ਕੇ ਬਰਸਾਤੀ ਮੌਸਮ ਦੇ ਮੱਦੇਨਜਰ ਸ਼ਹਿਰ ਦੇ ਵੱਖ-ਵੱਖ ਬਾਰਿਸ਼ ਦੇ ਨਿਕਾਸੀ ਨਾਲਿਆਂ ਦੀ ਸਫਾਈ ਕਰਵਾਈ। 
ਉਨ੍ਹਾਂ ਦੱਸਿਆ ਕਿ ਇਸ ਸਮੇਂ ਬਾਰਿਸ਼ ਦੇ ਪਾਣੀ ਦੇ ਨਿਕਾਸੀ ਨਾਲ਼ਿਆਂ ਦੀ ਸਫ਼ਾਈ 'ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਬਰਸਾਤ ਦੇ ਇਸ ਸੀਜ਼ਨ ਦੌਰਾਨ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਆਮ ਲੋਕਾਂ ਨੂੰ ਖੁੱਲ੍ਹੇ 'ਚ ਸ਼ੌਚਾਲਯ ਨਾ ਜਾਣ, ਦੂਸ਼ਿਤ ਪਾਣੀ ਦੇ ਨੁਕਸਾਨਾਂ, ਪਿਟ ਸਿਸਟਮ ਬਣਾਉਣ, ਸ਼ਹਿਰ ਨੂੰ ਪਾਲੀਥੀਨ ਮੁਕਤ ਬਣਾਉਣ ਹਿੱਤ ਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਰੱਖਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਚੁੱਕੇ ਜਾਣ ਵਾਲੇ ਠੋਸ ਕਦਮਾਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਇਕ ਵਿਸ਼ਾਲ ਕਾਰਜ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਪੂਰੇ ਸਾਲ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਕਰਨ।