ਸਿਹਤ ਕਾਮਿਆਂ ਦੀ ਹੜਤਾਲ ਚੌਥੇ ਦਿਨ ’ਚ ਦਾਖਲ, ਸਰਕਾਰੀ ਹੁਕਮਾਂ ਦੀਆਂ ਫੂਕੀਆਂ ਕਾਪੀਆਂ

05/07/2021 12:52:41 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਐੱਨ. ਐੱਚ. ਐੱਮ. ਇੰਪਲਾਈਜ਼ ਯੂਨੀਅਨ ਨਾਲ ਜੁੜੇ ਸਰਕਾਰੀ ਹਸਪਤਾਲ ਦੇ ਸਟਾਫ ਮੈਂਬਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ’ਚ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ, ਜਿਸ ਦੇ ਚਲਦਿਆਂ ਸਰਕਾਰੀ ਹਸਪਤਾਲ ਦੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ । ਟਾਂਡਾ ’ਚ ਸੇਵਾਵਾਂ ਦੇ ਰਹੇ ਇਨ੍ਹਾਂ 45 ਸਿਹਤ ਕਰਮਚਾਰੀਆਂ ਦੀ ਹੜਤਾਲ ਕਾਰਨ ਅੱਜ ਪਿੰਡਾਂ ’ਚ ਹੋਣ ਵਾਲੀ ਕੋਵਿਡ ਟੈਸਟਿੰਗ ਅਤੇ ਟੀਕਾਕਰਨ ਦੀ ਮੁਹਿੰਮ ਅਤੇ ਹੋਰ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

ਹਸਪਤਾਲ ’ਚ ਧਰਨੇ ’ਤੇ ਬੈਠੇ ਇਨ੍ਹਾਂ ਕਰਮਚਾਰੀਆਂ ਨੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਵੱਲੋਂ ਬੀਤੇ ਦਿਨ ਹੋਈ ਸਿਹਤ ਮੰਤਰੀ ਨਾਲ ਮੀਟਿੰਗ ਦੌਰਾਨ ਦਿੱਤੇ ਗਏ ਕੁੱਲ 15 ਫ਼ੀਸਦੀ ਤਨਖਾਹ ਦੇ ਵਾਧੇ ਦੀ ਪੇਸ਼ਕਸ਼ ਦੇ ਹੁਕਮਾਂ ਦੀਆਂ ਕਾਪੀਆਂ ਫੂਕੀਆਂ ਅਤੇ ਇਸ ਮਾਮੂਲੀ ਵਾਧੇ ਨੂੰ ਉਨ੍ਹਾਂ ਨਾਲ ਇਕ ਕੋਝਾ ਮਜ਼ਾਕ ਕਰਾਰ ਦਿੱਤਾ । ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਡਾ. ਰਵੀ ਕੁਮਾਰ, ਤਰਵਿੰਦਰ ਕੁਮਾਰ, ਅਨੀਤਾ, ਸਪਨਾ ਭੱਲਾ, ਡਾ. ਪਰਮਜੀਤ ਕੌਰ, ਡਾ. ਸਰੋਜ ਨੇ ਆਖਿਆ ਕਿ ਉਨ੍ਹਾਂ ਦਾ ਸੰਘਰਸ਼ ਰੈਗੂਲਰ ਕਰਨ ਅਤੇ ਰੈਗੂਲਰ ਕਰਮਚਾਰੀਆਂ ਦੀ ਤਰ੍ਹਾਂ ਪੇ-ਸਕੇਲ ਹਾਸਿਲ ਹੋਣ ਤੱਕ ਜਾਰੀ ਰਹੇਗਾ। ਇਸ ਮੌਕੇ ਅਮਨਦੀਪ ਕੌਰ, ਉਰਮਿਲਾ ਦੇਵੀ, ਹਰਮਨਦੀਪ ਕੌਰ, ਜੋਤੀ, ਕੁਲਦੀਪ ਕੌਰ,  ਭੁਪਿੰਦਰ ਕੌਰ, ਹਰਦੀਪ ਕੌਰ, ਚਰਨਜੀਤ ਕੌਰ, ਰਮਨਦੀਪ ਸਿੰਘ, ਯੋਗੇਸ਼ ਕੁਮਾਰ, ਰਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ  ਆਦਿ ਮੌਜੂਦ ਸਨ ।

Manoj

This news is Content Editor Manoj