ਸਿਹਤ ਵਿਭਾਗ ਦੀ ਟੀਮ ਨੇ ਦੁੱਧ, ਦਹੀਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ

06/13/2019 10:38:42 AM

ਹੁਸ਼ਿਆਰਪੁਰ (ਘੁੰਮਣ)— 'ਸੁਰੱਖਿਅਤ ਆਹਾਰ ਤੰਦਰੁਸਤ ਜੀਵਨ ਦਾ ਆਧਾਰ' ਤਹਿਤ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਡੈਜ਼ੀਗਨੇਟਿਡ ਅਫਸਰ ਫੂਡ ਸੇਫਟੀ-ਕਮ-ਜ਼ਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਦੀ ਅਗਵਾਈ 'ਚ ਟੀਮ ਬਣਾਈ ਗਈ। ਟੀਮ 'ਚ ਫੂਡ ਸੇਫਟੀ ਅਫਸਰ ਰਮਨ ਵਿਰਦੀ ਵੱਲੋਂ ਬੀਤੇ ਦਿਨ ਸਵੇਰ ਸਮੇਂ ਜ਼ਿਲੇ ਦੇ ਹੁਸ਼ਿਆਰਪੁਰ ਸ਼ਹਿਰ, ਦਸੂਹਾ ਅਤੇ ਤਲਵਾੜਾ ਖੇਤਰਾਂ ਵਿਚ ਕਰਵਾਈ ਕਰਦੇ ਹੋਏ ਦੁੱਧ, ਦਹੀਂ, ਬਰਫ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ 11 ਸੈਂਪਲ ਭਰੇ ਗਏ, ਜਿਸ 'ਚ ਦੁੱਧ ਦੇ 6, ਦਹੀਂ ਦਾ 1, ਬਰਫ ਦੇ 2 ਅਤੇ ਦੋ ਬੇਕਰੀ ਉਤਪਾਦਾਂ ਦੇ ਸੈਂਪਲ ਭਰ ਕੇ ਨਿਰੀਖਣ ਵਾਸਤੇ ਸਟੇਟ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਸਿਹਤ ਅਫਸਰ ਨੇ ਦੱਸਿਆ ਕਿ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਰੋਕਣ ਅਤੇ ਲੋਕਾਂ ਨੂੰ ਗੁਣਵੱਤਾ ਭਰਪੂਰ ਵਸਤਾਂ ਮੁਹੱਈਆ ਕਰਵਾਉਣ ਵਾਸਤੇ ਭਵਿੱਖ 'ਚ ਵੀ ਅਜਿਹੀ ਛਾਪੇਮਾਰੀ ਜਾਰੀ ਰਹੇਗੀ।

ਉਨ੍ਹਾਂ ਮਿਲਾਵਟਖੋਰਾਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਦੀ ਹਦਾਇਤ ਕੀਤੀ ਅਤੇ ਫੂਡ ਬਿਜ਼ਨੈੱਸ ਆਪਰੇਟਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਆਪਣੀ ਰਜਿਸਟਰੇਸ਼ਨ ਕਰਵਾਉਣ/ਲਾਇਸੈਂਸ ਲੈਣ ਬਾਰੇ ਵੀ ਦੱਸਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਵਾਲੀਆਂ ਵਸਤਾਂ ਖਰੀਦਣ ਸਮੇਂ ਧਿਆਨ ਰੱਖਣ ਅਤੇ ਜੇਕਰ ਕੋਈ ਮਿਲਾਵਟਖੋਰੀ ਕਰਦਾ ਹੈ ਤਾਂ ਤੁਰੰਤ ਉਸ ਬਾਰੇ ਸਿਵਲ ਸਰਜਨ ਦਫਤਰ ਵਿਖੇ ਇਤਲਾਹ ਦੇਣ, ਵਿਭਾਗ ਵੱਲੋਂ ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ, ਅਸ਼ੋਕ ਕੁਮਾਰ, ਰਾਮ ਲੁਭਾਇਆ ਆਦਿ ਵੀ ਹਾਜ਼ਰ ਸਨ।


shivani attri

Content Editor

Related News