ਕੋਰੋਨਾ ਵਾਇਰਸ ਤੋਂ ਪੀਡ਼ਤ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਅੰਮ੍ਰਿਤਸਰ ਮੈਡੀਕਲ ਕਾਲਜ ’ਚ ਮੌਤ

03/30/2020 7:44:12 PM

ਹੁਸ਼ਿਆਰਪੁਰ, (ਘੁੰਮਣ)- ਕੋਰੋਨਾ ਵਾਇਰਸ ਨਾਲ ਪੀਡ਼ਤ ਜ਼ਿਲੇ ਦਾ ਪਹਿਲਾ ਮਰੀਜ਼ ਹਰਭਜਨ ਸਿੰਘ (65) ਦੀ ਬੀਤੇ ਦਿਨ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਮੌਤ ਹੋ ਗਈ ਹੈ। ਜਦਕਿ ਉਸ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿਚ ਉਸਦੀ ਪਤਨੀ, ਪੁੱਤਰ, ਨੂੰਹ ਅਤੇ ਭਰਜਾਈ ਸੁਰਿੰਦਰ ਕੌਰ ਜੋ ਕੋਰੋਨਾ ਵਾਇਰਸ ਪਾਜ਼ੇਟਿਵ ਹਨ ਅਤੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਲੱਭ ਕੇ ਇਕਾਂਤਵਾਸ ਅਤੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਸੰਪਰਕ ਵਿਚ ਅਾਉਣ ਵਾਲੇ ਵਿਅਕਤੀਆਂ ਦੇ ਲੱਛਣਾਂ ਅਨੁਸਾਰ ਸੈਂਪਲ ਵੀ ਇਕੱਤਰ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮ੍ਰਿਤਕ ਹਰਭਜਨ ਸਿੰਘ ਦਾ ਇਕ ਪੁੱਤਰ ਗੁਰਦੀਪ ਸਿੰਘ ਜੋ ਪਿਛਲੇ ਦਿਨਾਂ ਤੋਂ ਲਾਪਤਾ ਸੀ, ਉਸ ਨੂੰ ਲੱਭ ਕੇ ਸਿਹਤ ਵਿਭਾਗ ਵੱਲੋਂ ਸੈਂਪਲ ਲੈ ਕੇ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਉਸਦੇ ਰਿਸ਼ਤੇਦਾਰ ਬਲਾਕ ਮਾਹਿਲਪੁਰ ਦੇ ਪਿੰਡ ਭੋਨੋ ਅਤੇ ਹੱਲੋਵਾਲ ’ਚ ਸਿਹਤ ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ਹੇਠ ਹਨ। ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਮੋਰਾਂਵਾਲੀ ਅਤੇ ਹੋਰ ਪ੍ਰਭਾਵਿਤ ਖੇਤਰਾਂ ’ਚ ਸੈਂਪਲ ਲੈਣ ਲਈ ਫੀਲਡ ਵਿਚ ਹਨ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਇਕੱਤਰ 165 ਸੈਂਪਲਾਂ ਵਿਚੋਂ 73 ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਪਾਜ਼ੇਟਿਵ 5 ਕੇਸਾਂ ’ਚੋਂ 1 ਮੌਤ ਅਤੇ 68 ਸੈਂਪਲ ਨੈਗੇਟਿਵ ਪਾਏ ਗਏ। 92 ਦੀ ਰਿਪੋਰਟ ਆਉਣ ਵਾਲੀ ਹੈ ਅਤੇ ਅੱਜ ਮੋਰਾਂਵਾਲੀ ਤੋਂ 21 ਸੈਂਪਲ ਹੋਰ ਲਏ ਗਏ ਹਨ।

ਇਸ ਮੌਕੇ ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਇਸ ਬੀਮਾਰੀ ਦੇ 80 ਫੀਸਦੀ ਤੱਕ ਪਾਜ਼ੇਟਿਵ ਕੇਸ ਘਰਾਂ ਵਿਚ ਇਕਾਂਤਵਾਸ ’ਚ ਰਹਿ ਕੇ ਨਿੱਜੀ ਸਿਹਤ ਸਫਾਈ, ਹੱਥਾਂ ਦੀ ਸਫਾਈ, ਮੂੰਹ ’ਤੇ ਮਾਸਕ ਅਤੇ ਸੰਤੁਲਿਤ ਖੁਰਾਕ ਆਦਿ ਲੈਣ ਨਾਲ ਠੀਕ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੁਖਾਰ, ਖਾਂਸੀ, ਜ਼ੁਕਾਮ, ਛਿੱਕਾਂ ਆਦਿ ਤੋਂ ਪ੍ਰਭਾਵਿਤ ਲੱਛਣਾਂ ਵਾਲੇ ਵਿਅਕਤੀਆਂ ਨੂੰ ਆਪਣੀ ਸਿਹਤ ਸੰਬਧੀ ਜਾਣਕਾਰੀ ਨਜ਼ਦੀਕੀ ਸੰਸਥਾ ’ਤੇ ਦਿੱਤੀ ਜਾਵੇ। ਉਨ੍ਹਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ’ਚ ਹੀ ਰਹਿਣ ਅਤੇ ਬਾਹਰ ਬਿਲਕੁਲ ਨਾ ਨਿਕਲਣ।

Bharat Thapa

This news is Content Editor Bharat Thapa