ਜਿਮਖਾਨਾ ''ਚ ਵਨ ਟੂ ਵਨ ਮੁਕਾਬਲਿਆਂ ਲਈ ਚੋਣ ਮੈਦਾਨ ਤਿਆਰ

06/27/2019 12:38:45 PM

ਜਲੰਧਰ (ਖੁਰਾਣਾ)— ਜਿਮਖਾਨਾ ਕਲੱਬ ਚੋਣਾਂ 'ਚ ਥਰਡ ਫ੍ਰੰਟ ਦਾ ਚੈਪਟਰ ਕਲੋਜ਼ ਹੋਣ ਤੋਂ ਬਾਅਦ ਬੀਤੇ ਦਿਨ ਵਨ-ਟੂ-ਵਨ ਮੁਕਾਬਲਿਆਂ 'ਚ ਚੋਣ ਮੈਦਾਨ ਲਗਭਗ ਤਿਆਰ ਹੋ ਗਿਆ ਹੈ। ਇਸ ਸਮੇਂ ਪ੍ਰੋਗਰੈਸਿਵ ਅਤੇ ਅਚੀਵਰਸ ਗਰੁੱਪ ਦੇ ਉਮੀਦਵਾਰ ਆਹਮੋ-ਸਾਹਮਣੇ ਡਟ ਗਏ ਹਨ ਅਤੇ ਆਉਣ ਵਾਲੇ ਦਿਨਾਂ 'ਚ ਚੋਣ ਸਰਗਰਮੀਆਂ ਹੋਰ ਜ਼ੋਰ ਫੜ ਸਕਦੀਆਂ ਹਨ। ਸੈਕਟਰੀ ਅਹੁਦੇ ਦੀ ਗੱਲ ਕਰੀਏ ਤਾਂ ਮੁੱਖ ਮੁਕਾਬਲਾ ਤਰੁਣ ਸਿੱਕਾ ਅਤੇ ਐਡਵੋਕੇਟ ਗੁਲਸ਼ਨ ਸ਼ਰਮਾ ਦਰਮਿਆਨ ਹੋਵੇਗਾ। ਦੋਵੇਂ ਹੀ ਮਹਾਰਥੀ ਕਲੱਬ ਦੇ ਕਈ ਅਹੁਦਿਆਂ 'ਤੇ ਰਹਿ ਚੁੱਕੇ ਹਨ।

ਵਾਈਸ ਪ੍ਰੈਜ਼ੀਡੈਂਟ ਅਹੁਦੇ ਲਈ ਕਮਲ ਸ਼ਰਮਾ ਕੋਕੀ ਅਤੇ ਰਾਜੂ ਵਿਰਕ ਚੋਣ ਮੈਦਾਨ ਵਿਚ ਆਹਮੋ-ਸਾਹਮਣੇ ਹਨ। ਰਾਜੂ ਵਿਰਕ ਜਿਥੇ ਕਲੱਬ ਦੇ ਕਈ ਅਹੁਦਿਆਂ 'ਤੇ ਰਹਿ ਚੁੱਕੇ ਹਨ ਅਤੇ ਪਿਛਲੀ ਟੀਮ 'ਚ ਵੀ ਵਾਈਸ ਪ੍ਰੈਜ਼ੀਡੈਂਟ ਸਨ, ਉਥੇ ਕੋਕੀ ਸ਼ਰਮਾ ਵੀ ਦੋ ਵਾਰ ਕਲੱਬ ਦੇ ਐਗਜ਼ੀਕਿਊਟਿਵ ਮੈਂਬਰ ਰਹਿ ਚੁੱਕੇ ਹਨ। ਸਾਬਕਾ ਸੈਕਟਰੀ ਕੁੱਕੀ ਬਹਿਲ ਨਾਲ ਨੇੜਤਾ ਦਾ ਵੀ ਉਨ੍ਹਾਂ ਨੂੰ ਲਾਭ ਮਿਲਦਾ ਦਿਸ ਰਿਹਾ ਹੈ। ਜੁਆਇੰਟ ਸੈਕਟਰੀ ਅਹੁਦੇ ਲਈ ਬੇਹੱਦ ਹੀ ਸਖ਼ਤ ਮੁਕਾਬਲਾ ਹੈ। ਇਕ ਪਾਸੇ ਕਲੱਬ ਚੋਣਾਂ ਦੇ ਪੁਰਾਣੇ ਖਿਡਾਰੀ ਸੌਰਭ ਖੁੱਲਰ ਮੈਦਾਨ ਵਿਚ ਹਨ, ਉਥੇ ਉਨ੍ਹਾਂ ਦੇ ਸਾਹਮਣੇ ਪਿਛਲੀ ਵਾਰ ਐਗਜ਼ੀਕਿਊਟਿਵ ਬਣੇ ਸਲਿਲ ਗੁਪਤਾ ਹਨ, ਜੋ ਗੁਪਤਾ ਬਰਾਦਰੀ ਅਤੇ ਜੇ. ਸੀਜ਼ ਜਿਹੇ ਸੰਗਠਨਾਂ ਦੇ ਸਮਰਥਨ ਦਾ ਦਾਅਵਾ ਕਰ ਰਹੇ ਹਨ। ਕੈਸ਼ੀਅਰ ਅਹੁਦੇ ਲਈ ਵੀ ਸਖ਼ਤ ਅਤੇ ਆਹਮੋ-ਸਾਹਮਣੇ ਦਾ ਮੁਕਾਬਲਾ ਹੈ। ਅਮਿਤ ਕੁਕਰੇਜਾ ਜਿਥੇ ਜੇ. ਡੀ. ਸੀ. ਏ. ਅਤੇ ਹੋਰ ਸੰਗਠਨਾਂ ਨਾਲ ਜੁੜੇ ਹਨ, ਉਥੇ ਰਾਜੂ ਵਿਰਕ ਵੀ ਸ਼ਹਿਰ ਦੇ ਇਲੀਟ ਵਰਗ ਦੇ ਕਾਫੀ ਨੇੜੇ ਮੰਨੇ ਜਾਂਦੇ ਹਨ। ਕੁਲ ਮਿਲਾ ਕੇ ਚਾਰਾਂ ਅਹੁਦਿਆਂ 'ਤੇ ਕਾਂਟੇ ਦੀ ਟੱਕਰ ਹੋਣੀ ਤੈਅ ਹੈ ਅਤੇ ਇਸ ਵਾਰ ਕਿਸੇ ਗਰੁੱਪ ਦੇ ਪੱਖ ਵਿਚ ਲਹਿਰ ਵਗਦੀ ਨਜ਼ਰ ਨਹੀਂ ਆ ਰਹੀ।


ਐਗਜ਼ੀਕਿਊਟਿਵ ਲਈ ਮੁਕਾਬਲਾ ਵੀ ਇਸ ਵਾਰ ਸਖਤ

ਕਲੱਬ ਦੀ ਐਗਜ਼ੀਕਿਊਟਿਵ ਕਮੇਟੀ ਲਈ ਵੀ ਇਸ ਵਾਰ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਫਿਲਹਾਲ ਦੋਵਾਂ ਗਰੁੱਪਾਂ ਵੱਲੋਂ 19 ਉਮੀਦਵਾਰ ਚੋਣ ਮੈਦਾਨ ਵਿਚ ਆ ਡਟੇ ਹਨ, ਜਿਨ੍ਹਾਂ ਵਿਚੋਂ 10 ਦਾ ਹੀ ਬੇੜਾ ਪਾਰ ਹੋਵੇਗਾ।ਪੁਰਾਣੇ ਐਗਜ਼ੀਕਿਊਟਿਵ ਮੈਂਬਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਸ਼ਾਲਿਨ ਜੋਸ਼ੀ, ਸੁਮਿਤ ਸ਼ਰਮਾ, ਪ੍ਰੋ. ਝਾਂਜੀ, ਅਨੂ ਮਾਟਾ, ਐੱਮ. ਬੀ. ਬਾਲੀ ਅਤੇ ਰਾਜੀਵ ਸਚਦੇਵਾ ਡਿੰਪੀ ਦੇ ਨਾਂ ਹਨ, ਜਿਨ੍ਹਾਂ ਨੂੰ ਕਲੱਬ ਦੀ ਪੁਰਾਣੀ ਪਛਾਣ ਅਤੇ ਚੋਣ ਮੈਦਾਨ 'ਚ ਹੋਈ ਜਿੱਤ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸਾਬਕਾ ਲੇਬਰ ਕਮਿਸ਼ਨਰ ਰਮੇਸ਼ ਬਹਿਲ ਵੀ ਆਪਣੇ ਚੰਗੇ ਸੰਪਰਕਾਂ ਦੇ ਜ਼ੋਰ 'ਤੇ ਚੋਣ ਮੈਦਾਨ 'ਚ ਆ ਨਿੱਤਰੇ ਹਨ। ਨਿਤਿਨ ਬਹਿਲ ਨੇ ਹਾਲ ਹੀ 'ਚ ਹੋਏ ਜੀ. ਪੀ. ਐੱਲ. ਕ੍ਰਿਕਟ ਟੂਰਨਾਮੈਂਟ ਦੀ ਸਫਲ ਅਗਵਾਈ ਕਰ ਕੇ ਨੌਜਵਾਨ ਵਰਗ ਨੂੰ ਆਪਣੇ ਨਾਲ ਜੋੜਿਆ ਹੈ, ਜਿਸ ਦਾ ਫਾਇਦਾ ਉਨ੍ਹਾਂ ਨੂੰ ਮਿਲ ਸਕਦਾ ਹੈ। ਪ੍ਰੋਗਰੈਸਿਵ ਗਰੁੱਪ ਵਲੋਂ ਸੀ. ਏ. ਰਾਜੀਵ ਬਾਂਸਲ, ਵਪਾਰ ਮੰਡਲ ਨੇਤਾ ਧਨੀ ਰਾਮ ਗੁਪਤਾ, ਉਦਯੋਗਪਤੀ ਪ੍ਰਵੀਨ ਗੈਂਦ, ਨੈਸ਼ਨਲ ਇੰਸ਼ੋਰੈਂਸ ਦੇ ਵਿਜੇ ਸ਼ਰਮਾ, ਮੈਡੀਕਲ ਜਗਤ ਨਾਲ ਜੁੜੇ ਹਰਪ੍ਰੀਤ ਸਿੰਘ ਗੋਲਡੀ ਅਤੇ ਵਾਹਨ ਉਦਯੋਗ ਨਾਲ ਜੁੜੇ ਨਰੇਸ਼ ਸ਼ਰਮਾ ਵੀ ਹੋਰਨਾਂ ਨੂੰ ਸਖ਼ਤ ਟੱਕਰ ਦੇ ਸਕਦੇ ਹਨ। ਅਚੀਵਰਸ ਗਰੁੱਪ ਵਲੋਂ ਐਗਜ਼ੀਕਿਊਟਿਵ ਉਮੀਦਵਾਰ ਜਗਜੀਤ ਸਿੰਘ ਕੰਬੋਜ, ਗੋਰਾ ਗਰੁੱਪ ਦੇ ਵੀ ਇਕੋ-ਇਕ ਨੁਮਾਇੰਦੇ ਹਨ, ਜਿਸ ਕਾਰਣ ਉਨ੍ਹਾਂ ਨੂੰ ਗੋਰਾ ਠਾਕੁਰ ਦੇ ਕਰੀਬੀਆਂ ਦਾ ਖੁੱਲ੍ਹਾ ਸਮਰਥਨ ਹਾਸਲ ਹੋਵੇਗਾ। ਗੁਨਦੀਪ ਸਿੰਘ ਸੋਢੀ ਵੀ ਤੰਬੋਲਾ ਸੰਚਾਲਕ ਹੋਣ ਦੇ ਨਾਤੇ ਕਲੱਬ ਦਾ ਜਾਣਿਆ ਪਛਾਣਿਆ ਚਿਹਰਾ ਹਨ। ਸੀ. ਏ. ਮਨਮੋਹਨ ਪੁਰੀ ਵੀ ਸਮਾਜਕ ਖੇਤਰ ਵਿਚ ਕਾਫੀ ਐਕਟਿਵ ਹਨ ਅਤੇ ਆਪਣੇ ਪ੍ਰੋਫੈਸ਼ਨ ਦੇ ਦਮ 'ਤੇ ਚੰਗੇ ਸਮਰਥਨ ਦਾ ਦਾਅਵਾ ਕਰ ਰਹੇ ਹਨ। ਐਡਵੋਕੇਟ ਵਰਿੰਦਰ ਸਚਦੇਵਾ ਅਤੇ ਰੋਹਿਤ ਬੁੱਧੀਰਾਜਾ ਵੀ ਡਟ ਕੇ ਚੋਣ ਪ੍ਰਚਾਰ ਕਰਨ 'ਚ ਲੱਗੇ ਹਨ।