ਗੁਰੂ ਨਾਨਕਪੁਰਾ ਰੇਲਵੇ ਫਾਟਕ ਨੂੰ ਕੰਟੇਨਰ ਨੇ ਮਾਰੀ ਟੱਕਰ, ਮਚੀ ਹਫੜਾ-ਦਫੜੀ

12/08/2021 4:36:04 PM

ਜਲੰਧਰ (ਗੁਲਸ਼ਨ)–ਮੰਗਲਵਾਰ ਦੇਰ ਸ਼ਾਮ ਗੁਰੂ ਨਾਨਕਪੁਰਾ ਰੇਲਵੇ ਫਾਟਕ ਦਾ ਪੋਲ ਇਕ ਵਾਰ ਫਿਰ ਟੁੱਟ ਗਿਆ। ਜਾਣਕਾਰੀ ਮੁਤਾਬਕ ਗੇਟਮੈਨ ਸੱਚਖੰਡ ਐਕਸਪ੍ਰੈੱਸ ਅਤੇ ਦੂਜੇ ਪਾਸਿਓਂ ਤੋਂ ਇੰਜਣ ਆਉਣ ਸਮੇਂ ਗੇਟ ਬੰਦ ਕਰ ਰਿਹਾ ਸੀ। ਇਸ ਦੌਰਾਨ ਇਕ ਕੰਟੇਨਰ ਚਾਲਕ ਨੇ ਤੇਜ਼ੀ ਨਾਲ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਕੰਟੇਨਰ ਦਾ ਉਪਰਲਾ ਹਿੱਸਾ ਫਾਟਕ ਦੇ ਪੋਲ ਨਾਲ ਟਕਰਾਅ ਗਿਆ, ਜਿਸ ਨਾਲ ਪੋਲ ਟੁੱਟ ਕੇ ਉਪਰ ਲੱਗੀ ਹਾਈਟ ਗੇਜ਼ ਵਿਚ ਫਸ ਗਿਆ। ਘਟਨਾ ਦੌਰਾਨ ਲੋਕ ਉਥੋਂ ਲੰਘਦੇ ਰਹੇ।

ਦੂਜੇ ਪਾਸਿਓਂ ਆ ਰਿਹਾ ਇੰਜਣ ਫਾਟਕ ਦੇ ਕਾਫੀ ਨੇੜੇ ਪਹੁੰਚ ਗਿਆ ਪਰ ਫਾਟਕ ਦੇ ਵਿਚਕਾਰ ਕਈ ਵਾਹਨ ਫਸੇ ਹੋਏ ਸਨ। ਗੇਟਮੈਨ ਨੇ ਜ਼ੰਜੀਰ ਲਾ ਕੇ ਟਰੈਫਿਕ ਰੋਕੀ ਅਤੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਗੇਟਮੈਨ ਨੇ ਘਟਨਾ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ’ਤੇ ਆਰ. ਪੀ. ਐੱਫ. ਦੇ ਸਬ-ਇੰਸਪੈਕਟਰ ਕੇ. ਪੀ. ਮੀਣਾ ਸਟਾਫ ਸਮੇਤ ਮੌਕੇ ’ਤੇ ਪੁੱਜੇ ਅਤੇ ਕੰਟੇਨਰ ਤੇ ਚਾਲਕ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਦੀ ਪਛਾਣ ਬਜਰੰਗ ਲਾਲ (27) ਪੁੱਤਰ ਓਮ ਪ੍ਰਕਾਸ਼ ਨਿਵਾਸੀ ਰਾਜਸਥਾਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਰੇਲਵੇ ਦੇ ਸਿਗਨਲ ਐਂਡ ਟੈਲੀਕਾਮ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਰਿਪੇਅਰ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਮੈਨੂਅਲ ਢੰਗ ਨਾਲ ਟਰੈਫਿਕ ਰੋਕ ਕੇ ਟਰੇਨਾਂ ਨੂੰ ਲੰਘਾਇਆ ਗਿਆ। ਆਰ. ਪੀ. ਐੱਫ. ਦੇ ਸਬ-ਇੰਸ. ਕੇ. ਪੀ. ਮੀਣਾ ਮੁਤਾਬਕ ਕੰਟੇਨਰ ਚਾਲਕ ਖ਼ਿਲਾਫ਼ ਰੇਲਵੇ ਐਕਟ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮੱਥੇ ’ਤੇ ‘ਬਿੰਦੀ’ ਲਾਉਂਦੇ ਸਮੇਂ ਲਾਸ਼ ਨੂੰ ਵੇਖ ਰੋਂਦੇ ਬੋਲੀ ਭੈਣ, ‘ਸੁਹਾਗਣ ਵਿਦਾ ਹੋਣਾ ਚਾਹੁੰਦੀ ਸੀ ਮੇਰੀ ਭੈਣ'

ਟਰੈਫਿਕ ਲੋਡ ਵਧਣ ਕਾਰਨ ਫਾਟਕ ਟੁੱਟਣ ਦੀਆਂ ਵਾਪਰ ਰਹੀਆਂ ਘਟਨਾਵਾਂ
ਪਿਛਲੇ ਕੁਝ ਸਮੇਂ ਤੋਂ ਆਏ ਦਿਨ ਗੁਰੂ ਨਾਨਕਪੁਰਾ ਰੇਲਵੇ ਫਾਟਕ ਟੁੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨਾਲ ਆਮ ਪਬਲਿਕ ਦੇ ਨਾਲ-ਨਾਲ ਰੇਲਵੇ ਕਰਮਚਾਰੀ ਵੀ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ। ਫਾਟਕ ਟੁੱਟਣ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦੇ ਨਾਲ ਲੱਗਦੇ ਇਲਾਕਿਆਂ ਦੇ ਹਜ਼ਾਰਾਂ ਲੋਕਾਂ ਨੂੰ ਦੂਜੇ ਰਸਤਿਓਂ ਘੁੰਮ ਕੇ ਆਉਣਾ-ਜਾਣਾ ਪੈਂਦਾ ਹੈ। ਹਰ ਕਿਸੇ ਦੇ ਮਨ ਵਿਚ ਇਕ ਹੀ ਗੱਲ ਆਉਂਦੀ ਹੈ ਕਿ ਆਖਿਰ ਇਹੀ ਫਾਟਕ ਵਾਰ-ਵਾਰ ਕਿਉਂ ਟੁੱਟਦਾ ਹੈ। ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਟਰੈਫਿਕ ਲੋਡ ਵਧਣਾ ਵੀ ਇਸ ਦਾ ਮੁੱਖ ਕਾਰਨ ਹੈ। ਸ਼ਹਿਰ ਵਿਚੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਲੋਕਾਂ ਨੂੰ ਰਾਮਾ ਮੰਡੀ ਤੋਂ ਘੁੰਮ ਕੇ ਆਉਣਾ-ਜਾਣਾ ਪੈਂਦਾ ਹੈ। ਲੋਕ ਗੁਰੂ ਨਾਨਕਪੁਰਾ ਫਾਟਕ ਤੋਂ ਹੁੰਦੇ ਹੋਏ ਹਾਈਵੇਅ ’ਤੇ ਜਾਣ ਨੂੰ ਪਹਿਲ ਦਿੰਦੇ ਹਨ, ਜਿਸ ਨਾਲ ਵਾਹਨਾਂ ਦੀ ਆਵਾਜਾਈ ਕਈ ਗੁਣਾ ਵਧ ਗਈ ਹੈ। ਟਰੈਫਿਕ ਲੋਡ ਵਧਣ ਕਾਰਨ ਹਾਦਸੇ ਵੀ ਵਧਣ ਲੱਗੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵਿਰਾਸਤ-ਏ-ਖਾਲਸਾ ਪੁੱਜੇ CM ਚੰਨੀ ਨੇ ਕਈ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ, ਕੀਤੇ ਵੱਡੇ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri