550 ਸਾਲਾ ਪ੍ਰਕਾਸ਼ ਪੁਰਬ: ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਦੀ ਦਿੱਖ ਆਵੇਗੀ ਵੱਖਰੀ ਹੀ ਨਜ਼ਰ

06/13/2019 12:40:44 PM

ਕਪੂਰਥਲਾ (ਮਹਾਜਨ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਵੱਖ-ਵੱਖ ਕਾਰਜਾਂ ਤਹਿਤ ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਦਾ ਵੀ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਿੱਥੇ ਸੜਕ ਦੇ ਬਰਮਾਂ ਦੀ ਸਫਾਈ ਦਾ ਕਾਰਜ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਉਥੇ ਸੜਕ ਦੇ ਆਲੇ-ਦੁਆਲੇ ਫੁੱਲਦਾਰ ਬੂਟੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਸੜਕ 'ਤੇ ਪੈਦੀਆਂ ਇਮਾਰਤਾਂ ਦੀਆਂ ਕੰਧਾਂ 'ਤੇ ਦਿਲਕਸ਼ 'ਵਾਲ ਪੇਂਟਿੰਗ' ਦਾ ਕੰਮ ਵੀ ਜਾਰੀ ਹੈ।

PunjabKesari
ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐੱਸ. ਖਰਬੰਦਾ ਵੱਲੋਂ ਇਸ ਕੰਮ ਦੀ ਖੁਦ ਦੇਖ-ਰੇਖ ਕੀਤੀ ਜਾ ਰਹੀ ਹੈ। ਇਸੇ ਤਹਿਤ ਬੀਤੇ ਦਿਨ ਉਨ੍ਹਾਂ ਸਬਜ਼ੀ ਮੰਡੀ ਤੋਂ ਨਵੀਂ ਦਾਣਾ ਮੰਡੀ ਤਕ ਦੀ ਸੜਕ ਦਾ ਨਿਰੀਖਣ ਕਰਦਿਆਂ ਇਸ ਦੇ ਸੁੰਦਰੀਕਰਨ ਸਬੰਧੀ ਅਧਿਕਾਰੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਉਹ ਆਪਸੀ ਤਾਲਮੇਲ ਅਤੇ ਸੁਚੱਜੇ ਢੰਗ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਕਪੂਰਥਲਾ ਦੇ ਦਫਤਰ ਤੋਂ ਸਬਜ਼ੀ ਮੰਡੀ ਤਕ ਪੈਂਦੀਆਂ ਸਾਰੀਆਂ ਇਮਾਰਤਾਂ ਦੀਆਂ ਕੰਧਾਂ 'ਤੇ ਸਟੈਂਸਿਲ ਪੇਂਟਿੰਗ ਕਰਵਾਈ ਜਾਵੇਗੀ।

PunjabKesari

ਇਸ ਤੋਂ ਇਲਾਵਾ ਸੜਕ ਦੇ ਆਲੇ-ਦੁਆਲੇ ਦੀ ਮੁਕੰਮਲ ਸਫਾਈ ਕਰਕੇ ਕੱਚੀ ਜਗ੍ਹਾ 'ਤੇ ਕੇਰੀ ਪਾ ਕੇ ਸੁੰਦਰ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਮੁੱਚੀ ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਦੀ ਦਿੱਖ ਬਿਲਕੁਲ ਬਦਲੀ ਨਜ਼ਰ ਆਵੇਗੀ। ਇਸ ਮੌਕੇ ਜ਼ਿਲਾ ਮੰਡੀ ਅਫ਼ਸਰ ਰਾਜ ਕੁਮਾਰ ਬਸਰਾ, ਸਕੱਤਰ ਮਾਰਕੀਟ ਕਮੇਟੀ ਕਪੂਰਥਲਾ ਅਰਵਿੰਦਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਰਜਿੰਦਰ ਕੌੜਾ, ਮੰਡੀ ਸੁਪਰਵਾਈਜ਼ਰ ਸੁਖਜੀਤ ਸਿੰਘ, ਐੱਸ. ਡੀ. ਓ. ਮੰਡੀ ਬੋਰਡ ਦਿਲਪ੍ਰੀਤ ਸਿੰਘ, ਪ੍ਰਿਥੀਪਾਲ ਸਿੰਘ ਘੁੰਮਣ, ਸਤੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।


shivani attri

Content Editor

Related News