ਗੁਰੂ ਗੋਬਿੰਦ ਸਿੰਘ ਸਟੇਡੀਅਮ ’ਤੇ ਜਲਦੀ ਲੱਗਣਗੇ ਪੀ. ਐੱਨ. ਬੀ. ਦੇ ਤਾਲੇ

09/16/2018 6:46:22 AM

ਜਲੰਧਰ,   (ਪੁਨੀਤ)-  ਪੀ. ਐੱਨ. ਬੀ. ਬੈਂਕ ਦੇ ਅਧਿਕਾਰੀਆਂ ਵਲੋਂ ਤਿੱਖੇ ਤੇਵਰ ਦਿਖਾ ਕੇ ਕੀਤੀ ਜਾ ਰਹੀ ਕਾਰਵਾਈ ਨੂੰ ਝੱਲ ਰਹੇ ਇੰਪਰੂਵਮੈਂਟ ਟਰੱਸਟ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿਚ ਹੋਰ ਵਧਣ ਵਾਲੀਆਂ ਹਨ ਕਿਉਂਕਿ ਪੀ. ਐੱਨ. ਬੀ. ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਤੇ ਫਿਜ਼ੀਕਲੀ ਪੋਜ਼ੇਸ਼ਨ ਲੈ ਕੇ ਉਸ ’ਤੇ ਤਾਲੇ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧ ਵਿਚ ਬੈਂਕ ਵਲੋਂ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਇਸ ਦੀ ਇਜਾਜ਼ਤ ਮੰਗੀ ਜਾ ਰਹੀ ਹੈ। 28 ਅਗਸਤ ਨੂੰ ਬੈਂਕ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਤੇ ਸਿੰਬੌਲਿਕ ਸੀਲ ਲਾ ਦਿੱਤੀ ਗਈ ਸੀ, ਫਿਜ਼ੀਕਲੀ ਪੋਜ਼ੇਸ਼ਨ ਲੈ ਕੇ ਤਾਲੇ ਇਸ ਲਈ ਨਹੀਂ ਲਾਏ ਗਏ ਸਨ ਕਿਉਂਕਿ ਸਟੇਡੀਅਮ ਵਿਚ ਬੀ. ਐੱਸ. ਐੱਫ. ਦੇ ਜਵਾਨਾਂ ਦਾ ਪੜਾਅ ਸੀ।
ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਬੌਲਿਕ ਪੋਜ਼ੇਸ਼ਨ ਲੈਣ ਤੋਂ ਬਾਅਦ 60 ਦਿਨਾਂ ਦੇ ਅੰਦਰ ਫਿਜ਼ੀਕਲੀ ਪੋਜ਼ੇਸ਼ਨ ਲਈ ਜਾਂਦੀ ਹੈ। ਪ੍ਰਸ਼ਾਸਨ ਵਲੋਂ ਇਜਾਜ਼ਤ ਨਾ ਦੇਣ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਇਸ ਉਪਰੰਤ ਉਹ ਕੋਰਟ ਦੀ ਸ਼ਰਨ ਲੈਂਦੇ ਹਨ। ਬੈਂਕ ਅਧਿਕਾਰੀਆਂ ਮੁਤਾਬਕ ਐਕਟ 2002 ਦੀ ਧਾਰਾ 13 (2) ਦੇ ਤਹਿਤ ਉਹ ਕਾਨੂੰਨਨ ਟਰੱਸਟ ਦੀ ਪ੍ਰਾਪਰਟੀ ਨੂੰ ਕਬਜ਼ੇ ਵਿਚ ਲੈਣ ਦਾ ਹੱਕ ਰੱਖਦੇ ਹਨ। ਬੈਂਕ ਅਧਿਕਾਰੀਆਂ ਮੁਤਾਬਕ ਇੰਪਰੂਵਮੈਂਟ ਟਰੱਸਟ ਲੋਨ ਮੋੜਨ ਵਿਚ ਰੁਚੀ ਨਹੀਂ ਵਿਖਾ ਰਿਹਾ, ਜਿਸ ਕਾਰਨ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹਨ। ਬੈਂਕ ਨੇ 2011 ਵਿਚ ਜੋ 175 ਕਰੋੜ ਰੁਪਏ ਦਾ ਲੋਨ ਦਿੱਤਾ ਸੀ, ਇਸ ਵਿਚੋਂ 112 ਕਰੋੜ ਦਾ ਲੋਨ ਅਜੇ ਵੀ ਬਕਾਇਆ ਹੈ। ਮਾਰਚ ਵਿਚ ਐੱਨ. ਪੀ. ਏ. ਹੋਣ ਦੇ ਬਾਵਜੂਦ ਟਰੱਸਟ ਅਧਿਕਾਰੀ ਲੋਨ ਮੋੜਨ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੇ, ਜਿਸ ਕਾਰਨ ਬੈਂਕ ਕਾਰਵਾਈ ਕਰਨ ਨੂੰ ਮਜਬੂਰ ਹੈ।  ਉਥੇ ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਾਪਰਟੀ ਦੀ ਨੀਲਾਮੀ ਕਰਵਾ ਕੇ ਬੈਂਕ ਕਰਜ਼ਾ ਮੋੜਨਗੇ। ਬੈਂਕ ਨੂੰ ਚਾਹੀਦਾ ਹੈ ਕਿ ਉਹ ਟਰੱਸਟ ਨੂੰ ਸਹਿਯੋਗ ਕਰੇ ਕਿਉਂਕਿ ਮੌਜੂਦਾ ਸਮੇਂ ਵਿਚ ਆਰਥਿਕ ਤੰਗੀ ਕਾਰਨ  ਟਰੱਸਟ ਲਈ ਖਰਚ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ। ਟਰੱਸਟ ਆਪਣੇ ਕਰਮਚਾਰੀਆਂ ਨੂੰ ਸਮੇਂ ’ਤੇ ਤਨਖਾਹ ਦੇਣ ਦੇ ਵੀ ਸਮਰੱਥ ਨਹੀਂ ਹੈ।
ਛੁੱਟੀ ਵਾਲੇ ਦਿਨ ਵੀ ਹੋਇਆ ਕੰਮਕਾਜ : ਈ. ਓ. ਸੁਰਿੰਦਰ ਕੁਮਾਰੀ ਵਲੋਂ ਪਿਛਲੇ ਦਿਨੀਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਅੱਜ ਛੁੱਟੀ ਵਾਲੇ ਦਿਨ ਵੀ ਕਰਮਚਾਰੀ ਦਫਤਰ ਵਿਚ ਆ ਕੇ ਰਿਪੋਰਟਸ ਬਣਾਉਂਦੇ ਰਹੇ। ਈ. ਓ. ਸੁਰਿੰਦਰ ਕੁਮਾਰੀ ਦੀ ਕੋਰਟ ਕੇਸ ਦੇ ਮਾਮਲੇ ਵਿਚ ਪੇਸ਼ੀ ਸੀ। ਇਸ ਦੇ ਬਾਵਜੂਦ ਉਹ ਟਰੱਸਟ ਆਫਿਸ ਆਈ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੀ ਰਹੀ। ਇਸ ਮੌਕੇ ਲੀਗਲ ਕੰਮਕਾਜ ਵੇਖਣ ਵਾਲੇ ਪਵਨ ਕੁਮਾਰ, ਮੁਖਤਿਆਰ ਸਿੰਘ  ਨੇ ਕੋਰਟ ਸਬੰਧੀ ਜਵਾਬ ਤਿਆਰ ਕੀਤੇ, ਉਥੇ ਅਨੁਜ ਵੀ ਦਫਤਰ ਵਿਚ ਕੰਮਕਾਜ ਕਰਦੇ ਵੇਖੇ ਗਏ। ਇਸ ਤੋਂ ਇਲਾਵਾ ਵੀ ਕਈ ਸਟਾਫ ਕਰਮਚਾਰੀ ਮੌਜੂਦ ਰਹੇ। ਈ. ਓ. ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਨਹਾਂਸਮੈਂਟ ਦੀ ਰਕਮ ਦੇਣ ਸਮੇਂ ਫੰਡਾਂ ਦਾ ਪ੍ਰਬੰਧ ਕਰਨ ਲਈ ਵਧੇਰੇ ਕੰਮ ਕਰਨਾ ਪੈ ਰਿਹਾ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਟਰੱਸਟ ਦੇ ਕਰਮਚਾਰੀਆਂ ਦੀ ਚੋਣ ਡਿਊਟੀ ਲੱਗੀ ਹੋਣ ਕਾਰਨ ਸਟਾਫ ਮੁਹੱਈਆ ਨਹੀਂ ਹੈ, ਜਿਸ ਕਾਰਨ ਛੁੱਟੀ ਵਾਲੇ ਦਿਨ ਵੀ ਕਰਮਚਾਰੀ ਬੁਲਾਏ ਜਾ ਰਹੇ ਹਨ।
ਲੰਮਾ ਸਮਾਂ ਬੀਤਣ ’ਤੇ ਵੀ  ਤੈਅ ਨਹੀਂ ਹੋਈ ਇਨਹਾਂਸਮੈਂਟ : ਟਰੱਸਟ ਵਲੋਂ ਕਿਸਾਨਾਂ ਨੂੰ ਇਨਹਾਂਸਮੈਂਟ ਦਿੱਤੀ ਜਾਣੀ ਹੈ ਪਰ ਇਸ ਦੇ ਪਲਾਟਧਾਰਕਾਂ ਕੋਲੋਂ ਕਿੰਨੀ ਇਨਹਾਂਸਮੈਂਟ ਵਸੂਲ ਕੀਤੀ ਜਾਣੀ ਹੈ, ਇਹ ਅਜੇ ਤੈਅ ਨਹੀਂ ਹੋ ਸਕਿਆ। ਵੱਖ-ਵੱਖ ਸਕੀਮਾਂ ਦੀਆਂ ਜੋ ਫਾਈਲਾਂ ਕਲੀਅਰ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਅੰਦਾਜ਼ੇ ਦੇ ਹਿਸਾਬ ਨਾਲ ਇਨਹਾਂਸਮੈਂਟ ਵਸੂਲ ਕੀਤੀ ਜਾ ਰਹੀ ਹੈ। ਟਰੱਸਟ ਵਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਇਨਹਾਂਸਮੈਂਟ ਦੀ ਰਕਮ ਤੈਅ ਕੀਤੀ ਜਾ ਸਕੇ ਪਰ ਇਸਦਾ ਨਤੀਜਾ ਅਜੇ ਨਹੀਂ ਨਿਕਲਿਆ। ਪਲਾਟਧਾਰਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਕੀਮਤ ’ਤੇ ਇਨਹਾਂਸਮੈਂਟ ਦੀ ਰਕਮ ਅਦਾ ਨਹੀਂ ਕਰਨਗੇ। ਇਸ ਦੇ ਉਲਟ ਜਿਨ੍ਹਾਂ ਲੋਕਾਂ ਨੇ ਆਪਣੇ ਪਲਾਟ ਵੇਚਣੇ ਜਾਂ ਟਰਾਂਸਫਰ ਕਰਨੇ ਹਨ, ਉਨ੍ਹਾਂ ਨੂੰ ਇਨਹਾਂਸਮੈਂਟ ਦੇਣੀ ਪੈ ਰਹੀ ਹੈ। ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਨਹਾਂਸਮੈਂਟ ਦੀ ਰਕਮ ਤੈਅ ਹੋ ਜਾਵੇਗੀ।