ਸਟੇਡੀਅਮ ਦਾ ਕਬਜ਼ਾ ਪੀ.ਐੱਨ.ਬੀ. ਕੋਲ, ਬਿਜਲੀ ਬਿੱਲ ਦੇ ਰਿਹਾ ਇੰਪਰੂਵਮੈਂਟ ਟਰੱਸਟ

12/07/2018 1:37:02 PM

ਜਲੰਧਰ (ਪੁਨੀਤ)—ਗੁਰੂ ਗੋਬਿੰਦ ਸਿੰਘ ਸਟੇਡੀਅਮ ਦਾ ਕਬਜ਼ਾ ਪੀ. ਐੱਨ. ਬੀ. (ਪੰਜਾਬ  ਨੈਸ਼ਨਲ ਬੈਂਕ) ਕੋਲ ਹੈ ਜਦੋਂ ਕਿ ਇਸ ਦਾ ਬਿਜਲੀ ਦਾ ਬਿੱਲ ਇੰਪਰੂਵਮੈਂਟ ਟਰੱਸਟ ਵਲੋਂ  ਦਿੱਤਾ ਜਾ ਰਿਹਾ ਹੈ। 2011 ਵਿਚ 94.97 ਏਕੜ ਸਕੀਮ ਲਈ ਟਰੱਸਟ ਨੇ 175 ਕਰੋੜ ਰੁਪਏ ਦਾ  ਲੋਨ ਲਿਆ ਸੀ। ਇਸ ਦੇ ਲਈ 577 ਕਰੋੜ ਦੀ ਜਾਇਦਾਦ ਗਹਿਣੇ ਰੱਖੀ ਗਈ ਸੀ, ਜਿਸ ਵਿਚ ਗੁਰੂ  ਗੋਬਿੰਦ ਸਿੰਘ ਸਟੇਡੀਅਮ ਵੀ ਸ਼ਾਮਲ ਹੈ। ਸਟੇਡੀਅਮ ਦੀ ਵੈਲਿਯੂ ਬੈਂਕ ਵਲੋਂ 288 ਕਰੋੜ  ਰੁਪਏ ਲਾਈ ਗਈ ਸੀ।

31 ਮਾਰਚ ਨੂੰ 112 ਕਰੋੜ ਰੁਪਏ ਦਾ ਲੋਨ ਬਕਾਇਆ ਸੀ ਅਤੇ ਟਰੱਸਟ ਦਾ  ਅਕਾਊਂਟ ਐੱਨ. ਪੀ. ਏ. (ਨਾਨ-ਪਰਫਾਰਮਿੰਗ ਅਸੈੱਟਸ) ਹੋ ਗਿਆ। ਇਸ ਤੋਂ ਬਾਅਦ ਸਟੇਡੀਅਮ 'ਤੇ ਕਬਜ਼ਾ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਬੈਂਕ ਵਲੋਂ ਟਰੱਸਟ ਨੂੰ ਇਸ ਸਬੰਧ 'ਚ  ਜੁਲਾਈ ਵਿਚ ਨੋਟਿਸ ਭਿਜਵਾਇਆ ਗਿਆ। ਟਰੱਸਟ ਵਲੋਂ 15 ਅਗਸਤ ਨੂੰ ਸਟੇਡੀਅਮ 'ਚ ਹੋਣ ਵਾਲੇ  ਸੁਤੰਤਰਤਾ ਦਿਵਸ ਪ੍ਰੋਗਰਾਮ ਦਾ ਹਵਾਲਾ ਦੇ ਕੇ ਸਟੇਡੀਅਮ ਸੀਲ ਨਾ ਕਰਨ ਦੀ ਬੇਨਤੀ ਕੀਤੀ  ਗਈ। ਪੂਰੇ ਘਟਨਾਕ੍ਰਮ 'ਚ ਬੈਂਕ ਨੇ 28 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਤੇ  ਸੰਕੇਤਕ ਕਬਜ਼ਾ ਲੈ ਲਿਆ।
ਹਾਲਾਤ ਇਹ ਹਨ ਕਿ ਅਜੇ ਵੀ ਸਟੇਡੀਅਮ ਦਾ ਬਿਜਲੀ ਬਿੱਲ ਟਰੱਸਟ  ਵਲੋਂ ਅਦਾ ਕੀਤਾ ਜਾ ਰਿਹਾ ਹੈ। ਇਸ ਵਾਰ ਬਿਜਲੀ ਬਿੱਲ 69,480 ਰੁਪਏ ਆਇਆ, ਜਿਸ ਦੇ ਲਈ ਟਰੱਸਟ ਵਲੋਂ ਚੈੱਕ ਭਿਜਵਾਇਆ ਜਾ ਰਿਹਾ ਹੈ। ਈ. ਓ. ਸੁਰਿੰਦਰ ਕੁਮਾਰੀ ਕੋਲੋਂ ਜਦੋਂ ਇਸ  ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਗਲੀ ਵਾਰ ਦਾ ਬਿੱਲ ਅਦਾ ਕਰਨ ਤੋਂ ਪਹਿਲਾਂ  ਲੀਗਲ ਰਾਏ ਲਈ ਜਾਵੇਗੀ।

ਮੰਗਲਵਾਰ ਤੱਕ ਨਹੀਂ ਹੋਣਗੇ ਟਰੱਸਟ ਦੇ ਜ਼ਿਆਦਾਤਰ ਕੰਮਕਾਜ
ਟਰੱਸਟ  ਦੀ ਈ. ਓ. ਸੁਰਿੰਦਰ ਕੁਮਾਰੀ ਇਨਹਾਂਸਮੈਂਟ ਦੇ ਇਕ ਕੇਸ ਦੇ ਸਬੰਧ 'ਚ ਦਿੱਲੀ 'ਚ ਹੈ।  ਟਰੱਸਟ ਦੀ ਸੁਪਰੀਮ ਕੋਰਟ 'ਚ ਸ਼ੁੱਕਰਵਾਰ 7 ਦਸੰਬਰ ਨੂੰ ਪੇਸ਼ੀ ਹੈ। ਸ਼ਨੀਵਾਰ ਤੇ ਐਤਵਾਰ  ਨੂੰ ਦਫਤਰ ਬੰਦ ਰਹੇਗਾ। ਈ. ਓ. 10 ਦਸੰਬਰ ਨੂੰ ਚੰਡੀਗੜ੍ਹ 'ਚ ਹੋਣ ਵਾਲੀ ਮੀਟਿੰਗ 'ਚ  ਹਿੱਸਾ ਲੈਣ ਲਈ ਜਾ ਰਹੀ ਹੈ, ਜਿਸ ਕਾਰਨ ਹੁਣ ਉਹ ਮੰਗਲਵਾਰ ਨੂੰ ਦਫਤਰ ਆ ਸਕੇਗੀ। ਇਸ ਕਾਰਨ  ਟਰੱਸਟ ਦੇ ਪਬਲਿਕ ਡੀਲਿੰਗ ਦੇ ਜ਼ਿਆਦਾਤਰ ਕੰਮਕਾਜ ਮੰਗਲਵਾਰ ਨੂੰ ਹੀ ਹੋ ਸਕਣਗੇ। 

10 ਨੂੰ ਚੰਡੀਗੜ੍ਹ 'ਚ ਹੋਣ ਵਾਲੀ ਮੀਟਿੰਗ ਹੋਵੇਗੀ ਅਹਿਮ
ਚੰਡੀਗੜ੍ਹ  'ਚ ਹੋਣ ਵਾਲੀ ਰੀਵਿਊ ਮੀਟਿੰਗ ਲਈ ਟਰੱਸਟ ਵਲੋਂ ਤਿਆਰੀ ਕਰ ਲਈ ਗਈ ਹੈ। ਟਰੱਸਟ ਆਪਣੇ  ਕਈ ਪੈਂਡਿੰਗ ਕੰਮਾਂ ਨੂੰ ਮੀਟਿੰਗ 'ਚ ਰੱਖੇਗਾ। ਇਸ 'ਚ ਟਰੱਸਟ ਦੀਆਂ ਵੇਚਣ ਵਾਲੀਆਂ  ਜਾਇਦਾਦਾਂ ਦੇ ਰੇਟ ਫਿਕਸ ਕਰਨਾ, ਡਬਲ ਐਂਟਰੀ ਸਿਸਟਮ ਨੂੰ ਲਾਗੂ ਕਰਨਾ, ਪੈਂਡਿੰਗ ਕੋਰਟ  ਕੇਸਾਂ 'ਤੇ ਵਿਚਾਰ-ਵਟਾਂਦਰਾ, ਡਿਫਾਲਟਰਾਂ ਦੀ ਪ੍ਰਾਪਰਟੀ ਨੂੰ ਜ਼ਬਤ ਕਰਨ ਬਾਰੇ ਕਾਰਵਾਈ, 5  ਕਰੋੜ ਦੀ ਟਰਾਂਸਫਰ ਐਂਟਰੀ, ਕਰਮਚਾਰੀਆਂ ਦੀ ਘਾਟ ਜਿਹੇ ਅਹਿਮ ਮੁੱਦੇ ਸ਼ਾਮਲ ਹਨ।

Shyna

This news is Content Editor Shyna